ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੰਤਰਰਾਸ਼ਟਰੀ ਪਾਵਰ ਸਲੈਪ ਜੇਤੂ ਜੁਝਾਰ ਸਿੰਘ ਦਾ ਸਨਮਾਨ ਕੀਤਾ
ਚੰਡੀਗੜ੍ਹ, 3 ਨਵੰਬਰ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਚੈਂਬਰ ਵਿੱਚ ਜੁਝਾਰ ਸਿੰਘ ਪੁੱਤਰ ਸੰਗਤ ਸਿੰਘ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ, ਜੋ ਆਬੂ ਧਾਬੀ ਵਿਖੇ ਹੋਈ ਅੰਤਰਰਾਸ਼ਟਰੀ ਪਾਵਰ ਸਲੈਪ ਚੈਂਪੀਅਨਸਿ਼ਪ ਜਿੱਤਣ ਵਾਲੇ ਪਹਿਲੇ ਭਾਰਤੀ ਅਤੇ ਵਿਸ਼ਵ ਭਰ ਦੇ ਪਹਿਲੇ ਸਿੱਖ ਬਣੇ ਹਨ। ਜੁਝਾਰ ਸਿੰਘ ਨੇ ਰੂਸੀ ਹੈਵੀਵੇਟ ਅਨਾਤੋਲੀ ਗਾਲੁਸ਼ਕਾ ਨੂੰ ਹਰਾ ਕੇ ਇਤਿਹਾਸ ਰਚਿਆ। ਉਹ ਸ੍ਰੀ ਚਮਕੌਰ ਸਾਹਿਬ, ਜਿ਼ਲ੍ਹਾ ਰੋਪੜ ਨਾਲ ਸਬੰਧਤ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਜੁਝਾਰ ਸਿੰਘ ਨੇ ਖੇਡਾਂ ਪ੍ਰਤੀ ਆਪਣੀ ਲਗਨ ਅਤੇ ਸਮਰਪਣ ਸਦਕਾ ਵਿਸ਼ਵ ਭਰ ਵਿੱਚ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਨੌਜਵਾਨ ਪੰਜਾਬ ਦੀਆਂ ਖੇਡਾਂ ਦੀ ਵਿਸ਼ਵ ਭਰ ਵਿੱਚ ਨਵੀਂ ਪਛਾਣ ਬਣਾ ਰਹੇ ਹਨ।
ਸ. ਸੰਧਵਾਂ ਨੇ ਜੁਝਾਰ ਸਿੰਘ ਨੂੰ ਇਸ ਖੇਤਰ ਵਿਚ ਨਾਮਣਾ ਖੱਟਣ ਅਤੇ ਆਪਣੀ ਖੇਡ ਵਿਚ ਸਿਖਰ `ਤੇ ਪਹੁੰਚਣ ਦੀ ਕਾਮਨਾ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਖਿਡਾਰੀਆਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਨਸਿ਼ਆਂ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਸਮਰੱਥ ਸਾਧਨ ਹੋ ਸਕਦੀਆਂ ਹਨ ਅਤੇ ਸਾਡੇ ਨੌਜਵਾਨਾਂ ਨੂੰ ਜੁਝਾਰ ਸਿੰਘ ਵਰਗੇ ਖਿਡਾਰੀਆਂ ਤੋਂ ਸੇਧ ਲੈਣ ਦੀ ਲੋੜ ਹੈ। ਸਾਡੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਨਸਿ਼ਆਂ ਦੇ ਖਾਤਮੇ ਲਈ ਖੇਡਾਂ ਵੱਲ ਧਿਆਨ ਦੇਣ ।





