ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ਼ ਗੁੱਲੂ ਦੇ ਦੋ ਹੋਰ ਕਾਰਕੁਨ ਗੁਰਦਾਸਪੁਰ ਤੋਂ ਗ੍ਰਿਫ਼ਤਾਰ; ਤਿੰਨ ਪਿਸਤੌਲ ਬਰਾਮਦ

ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ਼ ਗੁੱਲੂ ਦੇ ਦੋ ਹੋਰ ਕਾਰਕੁਨ ਗੁਰਦਾਸਪੁਰ ਤੋਂ ਗ੍ਰਿਫ਼ਤਾਰ; ਤਿੰਨ ਪਿਸਤੌਲ ਬਰਾਮਦ

ਚੰਡੀਗੜ੍ਹ/ਗੁਰਦਾਸਪੁਰ, 2 ਨਵੰਬਰ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਗੁਰਦਾਸਪੁਰ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਸੰਗਠਨ ਨਾਲ ਸਬੰਧਤ ਕੱਟੜਪੰਥੀ ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ਼ ਗੁੱਲੂ ਦੇ ਦੋ ਹੋਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਜ਼ਿੰਦਾ ਕਾਰਤੂਸ ਅਤੇ ਮੈਗਜ਼ੀਨਾਂ ਸਮੇਤ ਬਰਾਮਦ ਤਿੰਨ .32 ਬੋਰ ਪਿਸਤੌਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਵਾਂਸ਼ਹਿਰ ਦੇ ਬੈਂਸ ਦੇ ਰਹਿਣ ਵਾਲੇ ਲਵਦੀਪ ਸਿੰਘ ਉਰਫ਼ ਲਵ ਅਤੇ ਐਸਬੀਐਸ ਨਗਰ ਦੇ ਬਹਿਰਾਮ ਦੇ ਪਿੰਡ ਬੀਸਲਾ ਦੇ ਰਹਿਣ ਵਾਲੇ ਟੇਕ ਚੰਦ ਉਰਫ਼ ਟਿੰਕੂ ਵਜੋਂ ਹੋਈ ਹੈ।

ਇਹ ਸਫ਼ਲਤਾ ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ਼ ਗੁੱਲੂ ਦੇ ਦੋ ਕਾਰਕੁਨਾਂ ਨੂੰ ਇੱਕ ਆਧੁਨਿਕ 9 ਐਮਐਮ ਪਿਸਤੌਲ ਸਮੇਤ ਜਬਰੀ ਵਸੂਲੀ ਨਾਲ ਜੁੜੀਆਂ ਗੋਲੀਬਾਰੀ ਦੀਆਂ ਦੋ ਹਾਲੀਆ ਘਟਨਾਵਾਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਸਾਹਮਣੇ ਆਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਸੰਚਾਲਕਾਂ ਵੱਲੋਂ ਪੰਜਾਬ ਵਿੱਚ ਦਹਿਸ਼ਤ ਅਤੇ ਅਸ਼ਾਂਤੀ ਫੈਲਾਉਣ ਦੀ ਇੱਕ ਵੱਡੀ ਸਾਜ਼ਿਸ਼ ਤਹਿਤ ਵਿਰੋਧੀ ਗੈਂਗ ਦੇ ਮੈਂਬਰਾਂ ਦੀ ਟਾਰਗੇਟ ਕਿਲਿੰਗ ਦਾ ਕੰਮ ਸੌਂਪਿਆ ਸੀ।

ਡੀਜੀਪੀ ਨੇ ਕਿਹਾ ਕਿ ਸਮੁੱਚੇ ਨੈੱਟਵਰਕ ਦੇ ਖ਼ਾਤਮੇ ਲਈ ਇਸ ਕੇਸ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਐਸਐਸਪੀ ਗੁਰਦਾਸਪੁਰ ਆਦਿੱਤਿਆ ਦੀ ਸਮੁੱਚੀ ਨਿਗਰਾਨੀ ਹੇਠ ਗੁਰਦਾਸਪੁਰ ਤੋਂ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਕਲਾਨੌਰ, ਗੁਰਦਾਸਪੁਰ ਦੇ ਅੱਡਾ ਬਖਸ਼ੀਵਾਲ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਟੀਮਾਂ ਦੀ ਅਗਵਾਈ ਡੀਐਸਪੀ ਕਲਾਨੌਰ ਗੁਰਵਿੰਦਰ ਸਿੰਘ ਚੰਦੀ, ਇੰਚਾਰਜ ਸਪੈਸ਼ਲ ਟੀਮ ਗੁਰਦਾਸਪੁਰ ਐਸਆਈ ਗੁਰਵਿੰਦਰ ਸਿੰਘ ਅਤੇ ਐਸਐਚਓ ਕਲਾਨੌਰ ਇੰਸਪੈਕਟਰ ਜਤਿੰਦਰ ਸਿੰਘ ਕਰ ਰਹੇ ਸਨ।

ਡੀਆਈਜੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਐਸਐਸਪੀ ਗੁਰਦਾਸਪੁਰ ਆਦਿੱਤਿਆ ਨੇ ਕਿਹਾ ਕਿ ਪਿਸਤੌਲ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦੀ ਬਿਨਾਂ ਰਜਿਸਟ੍ਰੇਸ਼ਨ ਨੰਬਰ ਵਾਲੀ ਚਿੱਟੇ ਰੰਗ ਦੀ ਵੌਕਸਵੈਗਨ ਜੈਟਾ ਸੇਡਾਨ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ, ਜਿਸਦੀ ਵਰਤੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ ਜਾ ਰਹੀ ਸੀ।

ਇਸ ਸਬੰਧ ਵਿੱਚ ਗੁਰਦਾਸਪੁਰ ਦੇ ਥਾਣਾ ਕਲਾਨੌਰ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 160 ਮਿਤੀ 01.10.25 ਦਰਜ ਕੀਤੀ ਗਈ ਹੈ।