ਮੋਹਿੰਦਰ ਭਗਤ ਵੱਲੋਂ ਮਰਹੂਮ ਦਲਿਤ ਆਗੂ ਬੂਟਾ ਸਿੰਘ ਬਾਰੇ ਅਪਮਾਨਜਨਕ ਟਿੱਪਣੀ ਕਰਨ ’ਤੇ ਰਾਜਾ ਵੜਿੰਗ ਖਿਲਾਫ਼ ਦਿੱਤਾ ਗਿਆ ਧਰਨਾ

ਮੋਹਿੰਦਰ ਭਗਤ ਵੱਲੋਂ ਮਰਹੂਮ ਦਲਿਤ ਆਗੂ ਬੂਟਾ ਸਿੰਘ ਬਾਰੇ ਅਪਮਾਨਜਨਕ ਟਿੱਪਣੀ ਕਰਨ ’ਤੇ ਰਾਜਾ ਵੜਿੰਗ ਖਿਲਾਫ਼ ਦਿੱਤਾ ਗਿਆ ਧਰਨਾ

ਚੰਡੀਗੜ੍ਹ/ ਜਲੰਧਰ, 04 ਨਵੰਬਰ :

ਪੰਜਾਬ ਦੇ ਬਾਗ਼ਬਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵਲੋਂ ਅੱਜ ਜਲੰਧਰ ਵਿਖੇ ਮਰਹੂਮ ਦਲਿਤ ਆਗੂ ਬੂਟਾ ਸਿੰਘ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਖਿਲਾਫ਼ ਧਰਨਾ ਦਿੱਤਾ ਗਿਆ ਜਿਸ ਕਰਕੇ ਪੂਰੇ ਦੇਸ਼ ਵਿੱਚ ਭਾਰੀ ਰੋਸ ਪੈਦਾ ਹੋਇਆ ਹੈ।

ਇਹ ਵਿਰੋਧ ਪ੍ਰਦਰਸ਼ਨ ਜਲੰਧਰ ਦੇ ਸ੍ਰੀ ਰਾਮ ਚੌਕ ਵਿਖੇ ਕੀਤਾ ਗਿਆ ਜਿਥੇ ਇਤਰਾਜ ਯੋਗ ਟਿੱਪਣੀਆਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਰਾਜਾ ਵੜਿੰਗ ਦੇ ਪੁਤਲੇ ਨੂੰ ਸਾੜਿਆ ਗਿਆ। ਹਜ਼ਾਰਾਂ ਸਮਰੱਥਕਾਂ ਅਤੇ ਦਲਿਤ ਭਾਈਚਾਰੇ ਦੇ ਮੈਂਬਰਾਂ ਵਲੋਂ ਮੋਹਿੰਦਰ ਭਗਤ ਨਾਲ ਮਿਲ ਕੇ ਮਰਹੂਮ ਆਗੂ ਬਾਰੇ ‘ਜਾਤ ਅਧਾਰਿਤ’ ਅਪਮਾਨਯੋਗ ਟਿੱਪਣੀ ਕਰਨ ’ਤੇ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਵਲੋਂ ਕਾਂਗਰਸੀ ਆਗੂ ਵੜਿੰਗ ਵਲੋਂ ਕੀਤੀ ਗਈ ਨਿੰਦਨਯੋਗ ਟਿੱਪਣੀ ਨੂੰ ਦਲਿਤ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਕਾਂਗਰਸ ਪਾਰਟੀ ਦਾ ਦਲਿਤ ਭਾਈਚਾਰੇ ਪ੍ਰਤੀ ਅਸਲ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਦਲਿਤ ਭਾਈਚਾਰਾ ਕਦੇ ਵੀ ਕਾਂਗਰਸ ਪਾਰਟੀ ਨੂੰ ਮੁਆਫ਼ ਨਹੀਂ ਕਰੇਗਾ।

ਸ੍ਰੀ ਭਗਤ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੂਰੇ ਪੰਜਾਬ ਭਰ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਦੋਂ ਤੱਕ ਰਾਜ ਵੜਿੰਗ ਅਤੇ ਕਾਂਗਰਸ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਤੌਰ ’ਤੇ ਮੁਅਫੀ ਨਹੀਂ ਮੰਗਦੇ। ਉਨ੍ਹਾਂ ਕਿਹਾ ਕਿ ਇਹਨਾਂ ਟਿੱਪਣੀਆਂ ਨੇ ਦਲਿਤ ਭਾਈਚਾਰੇ ਅਤੇ ਜਨਤਕ ਭਰੋਸੇ ਨੂੰ ਡੂੰਘੀ ਠੇਸ ਪਹੁੰਚਾਈ ਹੈ। ਉਨ੍ਹਾਂ ਲੋਕਾਂ ਨੂੰ ਇਸ ਵੰਡ ਪਾਊ ਰਾਜਨੀਤੀ ਖਿਲਾਫ਼ ਇਕਜੁੱਟ ਹੋ ਕੇ ਖੜ੍ਹਨ ਦਾ ਸੱਦਾ ਦਿੰਦਿਆਂ ਕਾਂਗਰਸੀ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਤੋਂ ਇਸ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ।