ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਸਾਬਤ ਹੋ ਰਹੀ ਮੈਗਾ ਪੀਟੀਐਮ

ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਸਾਬਤ ਹੋ ਰਹੀ ਮੈਗਾ ਪੀਟੀਐਮ

ਸੰਗਰੂਰ, 20 ਦਸੰਬਰ

ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ਮੈਗਾ (ਪੀ. ਟੀ.ਐਮ.) ਮਾਪੇ ਅਧਿਆਪਕ ਮਿਲਣੀ ਤਹਿਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਹ ਮਿਲਣੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਵੱਖ-ਵੱਖ ਉੱਚ ਅਧਿਕਾਰੀਆਂ ਨੇ ਸ਼ਿਰਕਤ ਕਰ ਕੇ ਜਿੱਥੇ ਇਹਨਾਂ ਮਿਲਣੀਆਂ ਦਾ ਜਾਇਜ਼ਾ ਲਿਆ, ਉੱਥੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਇਸ ਮੌਕੇ ਵੱਖ-ਵੱਖ ਅਧਿਕਾਰੀਆਂ ਤੇ ਮਾਪਿਆਂ ਨੇ ਕਿਹਾ ਕਿ
ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਮੈਗਾ ਪੀਟੀਐਮਜ਼ ਸਹਾਈ ਸਾਬਤ ਹੋ ਰਹੀਆਂ ਹਨ।

ਇਸ ਮੌਕੇ ਐਸ.ਡੀ.ਐਮ., ਦਿੜ੍ਹਬਾ, ਸ਼੍ਰੀ ਰਾਜੇਸ਼ ਸ਼ਰਮਾ ਨੇ ਸਕੂਲ ਆਫ ਐਮੀਨੈਂਸ, ਦਿੜ੍ਹਬਾ, ਐੱਸ. ਡੀ.ਐਮ., ਭਵਾਨੀਗੜ੍ਹ, ਸ਼੍ਰੀਮਤੀ ਮਨਜੀਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੰਨੋ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਦਾਮਪੁਰ ਅਤੇ ਐੱਸ.ਡੀ.ਐਮ. ਸੰਗਰੂਰ, ਸ. ਚਰਨਜੋਤ ਸਿੰਘ ਵਾਲੀਆ ਤੇ ਸੰਯੁਕਤ ਸਕੱਤਰ, ਸਿੱਖਿਆ ਵਿਭਾਗ, ਸ. ਸੁਖਪ੍ਰੀਤ ਸਿੰਘ ਸਿੱਧੂ ਨੇ ਸਕੂਲ ਆਫ ਐਮੀਨੈਂਸ, ਸੰਗਰੂਰ ਵਿਖੇ ਰੱਖੀਆਂ ਮਾਪੇ ਅਧਿਆਪਕ ਮਿਲਣੀਆਂ ਵਿੱਚ ਸ਼ਿਰਕਤ ਕੀਤੀ।

ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ ਸਿੱਖਿਆ, ਸ਼੍ਰੀਮਤੀ ਤਰਵਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਪੀਟੀਐਮਜ਼ ਦੌਰਾਨ ਵੱਖ-ਵੱਖ ਅਧਿਕਾਰੀਆਂ ਨੇ ਕਿਹਾ ਕਿ ਬੱਚੇ ਕਿਸੇ ਵੀ ਦੇਸ਼ ਤੇ ਸਮਾਜ ਦਾ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਹਨ, ਜਿਨ੍ਹਾਂ ਨੂੰ ਮਿਆਰੀ ਸਿੱਖਿਆ ਮੁੱਹਈਆ ਕਰਵਾਉਣਾ ਲਾਜ਼ਮੀ ਹੈ। ਇਸੇ ਮਕਸਦ ਦੇ ਪ੍ਰਾਪਤੀ ਤਹਿਤ ਸੂਬੇ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ। ਮਾਪਿਆਂ ਅਤੇ ਅਧਿਆਪਕਾਂ ਦੀ ਇਹ ਨਿਯਮਤ ਮਿਲਣੀ ਪ੍ਰਕਿਰਿਆ ਸਿੱਖਿਆ ਦੇ ਸਿਸਟਮ ਵਿੱਚ ਹੋਰ ਸੁਧਾਰ ਲਿਆਉਣ ਵਿੱਚ ਲਾਹੇਵੰਦ ਸਾਬਤ ਹੋ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਵਿਸ਼ਵ ਪੱਧਰ ਦੀਆਂ ਵਿਦਿਅਕ ਸੁਵਿਧਾਵਾਂ ਦੇ ਹਾਣ ਦਾ ਬਣਾਇਆ ਜਾ ਰਿਹਾ ਹੈ।

ਮੈਗਾ ਪੀਟੀਐਮ ਦੇ ਇਹਨਾਂ ਸਮਾਗਮਾਂ ਦੌਰਾਨ ਵਿਦਿਆਰਥੀਆ ਦੇ ਮਾਪਿਆਂ ਅਤੇ ਅਧਿਆਪਕਾਂ ਵਿਚਾਲੇ ਸੁਖਾਵੀ ਸਾਂਝ ਬਣਦੀ ਹੈ ਅਤੇ ਸਮੁੱਚੇ ਵਿਦਿਅਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਮਾਪੇ ਅਤੇ ਅਧਿਆਪਕ ਦੋਵੇਂ ਹੀ ਆਪੋ ਆਪਣਾ ਬਣਦਾ ਯੋਗਦਾਨ ਪਾਉਣ ਦੇ ਸਮਰਥ ਬਣਦੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀ ਅਣ ਤਰਾਸ਼ੇ ਹੀਰਿਆਂ ਵਾਂਗ ਹੁੰਦੇ ਹਨ, ਜਿਨ੍ਹਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਕੇ ਹਰ ਪੱਖੋਂ ਗਿਆਨਵਾਨ ਅਤੇ ਉਚੇਰੀ ਸਿੱਖਿਆ ਹਾਸਲ ਕਰਨ ਦੇ ਸਮਰੱਥ ਬਣਾਇਆ ਜਾਂਦਾ ਹੈ।

ਸਰਕਾਰ ਦੇ ਇਸ ਉਪਰਾਲੇ ਨੂੰ ਸਫਲਤਾ ਦਾ ਜਾਮਾ ਪਹਿਨਾਉਣ ਵਿੱਚ ਸਕੂਲਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੇ ਵੀ ਬਹੁਤ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਮੌਕੇ ਸਾਰੇ ਸਕੂਲਾਂ ਦਾ ਸਟਾਫ, ਮਾਪੇ ਅਤੇ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।