ਹੁਸ਼ਿਆਰਪੁਰ ਬਣੇਗਾ ਸੋਲਰ ਮਾਡਲ ਜ਼ਿਲ੍ਹਾ, 600 ਹੋਣਹਾਰ ਵਿਦਿਆਰਥੀਆਂ ਦੇ ਘਰਾਂ ‘ਚ ਲੱਗਣਗੇ ਮੁਫ਼ਤ ਸੋਲਰ ਸਿਸਟਮ

ਹੁਸ਼ਿਆਰਪੁਰ ਬਣੇਗਾ ਸੋਲਰ ਮਾਡਲ ਜ਼ਿਲ੍ਹਾ, 600 ਹੋਣਹਾਰ ਵਿਦਿਆਰਥੀਆਂ ਦੇ ਘਰਾਂ ‘ਚ ਲੱਗਣਗੇ ਮੁਫ਼ਤ ਸੋਲਰ ਸਿਸਟਮ

ਹੁਸ਼ਿਆਰਪੁਰ, 19 ਦਸੰਬਰ : ਜ਼ਿਲ੍ਹੇ ਦੇ ਭਵਿੱਖ ਨੂੰ ਊਰਜਾ, ਸਿੱਖਿਆ ਤੇ ਆਤਮ ਨਿਰਭਰਤਾ ਦੇ ਮਜ਼ਬੂਤ ਥੰਮਾਂ ‘ਤੇ ਖੜ੍ਹਾ ਕਰਨ ਦੀ ਦਿਸ਼ਾ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਚੜ੍ਹਦਾ ਸੂਰਜ ਮੁਹਿੰਮ ਦੇ ਤਹਿਤ ਇਕ ਪ੍ਰੇਰਿਕ ਅਤੇ ਦੂਰਦਰਸ਼ੀ ਪਹਿਲ ਕੀਤੀ ਹੈ। ਇਸ ਮੁਹਿੰਮ ਦੇ ਕੇਂਦਰ ਵਿਚ ਜਿਥੇ 600 ਟਾਪਰ ਵਿਦਿਆਰਥੀਆਂ ਦੇ ਘਰਾਂ ‘ਤੇ 1-1 ਕਿਲੋਵਾਟ ਦਾ ਮੁਫ਼ਤ ਰੂਫ ਟਾਪ ਸੋਲਰ ਸਿਸਟਮ ਹੈ, ਉਥੇ ਇਸ ਦੇ ਨਾਲ-ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਰੋਜ਼ਗਾਰ ਅਤੇ ਪੇਂਡੂ ਮਹਿਲਾਵਾਂ ਲਈ ਰੋਜ਼ਗਾਰ ਨਾਲ ਜੁੜੇ ਦੋ ਹੋਰ ਪ੍ਰੋਜੈਕਟ ਵੀ ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰ ਰਹੇ ਹਨ।

            ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਪ੍ਰਧਾਨਗੀ ਵਿਚ ਜ਼ਿਲ੍ਹੇ ਵਿਚ ਕੰਮ ਕਰ ਰਹੀਆਂ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਨਾਲ ਹੋਈ ਮੀਟਿੰਗ ਵਿਚ ਇਹ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਵਿਕਾਸ ਤਾਂ ਹੀ ਟਿਕਾਊ ਹੋਵੇਗਾ, ਜਦੋਂ ਪ੍ਰਸ਼ਾਸਨ ਅਤੇ ਸਮਾਜ ਮਿਲ ਕੇ ਅੱਗੇ ਵਧੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪੂਰੀ ਮੁਹਿੰਮ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ, ਜਿਸ ਵਿਚ ਸਵੈ-ਸੇਵੀ ਸੰਸਥਾਵਾਂ ਨੂੰ ਬਦਲਾਅ ਦਾ ਸਭ ਤੋਂ ਮਜ਼ਬੂਤ ਮਾਧਿਅਮ ਮੰਨਿਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ , ਸਹਾਇਕ ਕਮਿਸ਼ਨਰ ਓਇਸ਼ੀ ਮੰਡਲ , ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਅਤੇ ਸੰਯੁਕਤ ਸਕੱਤਰ ਆਦਿੱਤਿਆ ਰਾਣਾ ਵੀ ਇਸ ਮੀਟਿੰਗ ਵਿਚ ਮੌਜੂਦ ਸਨ।

            600 ਟਾਪਰ ਵਿਦਿਆਰਥੀਆਂ ਦੇ ਲਈ ਮੁਫ਼ਤ ਸੋਲਰ ਸਿਸਟਮ - ਸਨਮਾਨ ਵੀ, ਸੰਦੇਸ਼ ਵੀ

            ਚੜ੍ਹਦਾ ਸੂਰਜ ਮੁਹਿੰਮ ਦੀ ਸਭ ਤੋਂ ਪ੍ਰਭਾਵਸ਼ਾਲੀ ਲੜੀ ‘ਗੋ ਸੋਲਰ ਮੁਹਿੰਮ’ ਹੈ। ਡਿਪਟੀ ਕਮਿਸ਼ਨਰ ਨੇ ਐਲਾਨ ਕੀਤਾ ਕਿ ਸੀ.ਐਸ.ਆਰ ਸਹਿਯੋਗ ਨਾਲ ਸਾਲ 2024-25 ਦੇ ਦਸਵੀਂ ਜਮਾਤ ਦੇ 600 ਟਾਪਰ ਵਿਦਿਆਰਥੀਆਂ ਦੇ ਘਰਾਂ ‘ਤੇ 1 ਕਿਲੋਵਾਟ ਤੱਕ ਦਾ ਰੂਫ ਟਾਪ ਸੋਲਰ ਸਿਸਟਮ ਪੂਰੀ ਤਰ੍ਹਾਂ ਮੁਫ਼ਤ ਲਗਾਇਆ ਜਾਵੇਗਾ। ਇਹ ਪਹਿਲ ਨਾ ਕੇਵਲ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਦਾ ਪ੍ਰਤੀਕ ਹੈ, ਬਲਕਿ ਉਨ੍ਹਾਂ ਦੇ ਪਰਿਵਾਰਾਂ ਦੇ ਰਾਹੀਂ ਪੂਰੇ ਸਮਾਜ ਨੂੰ ਸਵੱਛ ਅਤੇ ਸਸਤੀ ਸੂਰਜੀ ਊਰਜਾ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਮਜ਼ਬੂਤ ਸੰਦੇਸ਼ ਵੀ ਦਿੰਦੀ ਹੈ।

            ਉਨ੍ਹਾਂ ਨੇ ਐਨ.ਜੀ.ਓਜ਼ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਨੂੰ ਲੋਕਾਂ ਤੱਕ ਪਹੁੰਚਾਉਣ, ਤਾਂ ਜੋ ਲੋਕ ਸਮਝ ਸਕਣ ਕਿ ਸੂਰਜੀ ਊਰਜਾ ਬਿਜਲੀ ਬਿੱਲ ਵਿਚ ਰਾਹਤ ਦੇ ਨਾਲ-ਨਾਲ ਵਾਤਾਵਰਨ ਸੁਰੱਖਿਆ ਦਾ ਵੀ ਮਾਧਿਅਮ ਹੈ। ਇਸੇ ਲੜੀ ਵਿਚ ਇਹ ਵੀ ਐਲਾਨ ਕੀਤਾ ਗਿਆ ਕਿ ਜੋ ਐਨ.ਜੀ.ਓ 28 ਫਰਵਰੀ 2026 ਤੱਕ 25 ਸੋਲਰ ਪੈਨਲ ਸਥਾਪਿਤ ਕਰਵਾਏਗੀ, ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 25 ਹਜ਼ਾਰ ਰੁਪਏ ਦਾ ਰਿਵਾਰਡ ਦਿੱਤਾ ਜਾਵੇਗਾ।

            ਵਿੰਗਜ਼ ਪ੍ਰੋਜੈਕਟ-ਵਿਸ਼ੇਸ਼ ਬੱਚਿਆਂ ਨੂੰ ਸਨਮਾਨਜਨਕ ਰੋਜ਼ਗਾਰ

            ਚੜ੍ਹਦਾ ਸੂਰਜ ਮੁਹਿੰਮ ਦੇ ਤਹਿਤ ‘ਵਿੰਗਜ਼ ਪ੍ਰੋਜੈਕਟ’ ਸਮਾਜ ਦੇ ਉਸ ਵਰਗ ਦੇ ਲਈ ਆਸ਼ਾ ਦੀ ਕਿਰਨ ਬਣ ਕੇ ਉਭਰਿਆ ਹੈ, ਜਿਸ ਨੂੰ ਅਕਸਰ ਮੁੱਖ ਧਾਰਾ ਤੋਂ ਦੂਰ ਸਮਝਿਆ ਜਾਂਦਾ ਹੈ। ਇਸ ਪ੍ਰੋਜੈਕਟ ਦੇ ਤਹਿਤ ਹੁਸ਼ਿਆਰਪੁਰ ਵਿਚ 7 ਥਾਵਾਂ ‘ਤੇ ਕੰਟੀਨਾਂ ਸਥਾਪਿਤ ਕਰਕੇ 16 ਵਿਸ਼ੇਸ਼ ਬੱਚਿਆਂ ਨੂੰ ਸਨਮਾਨਜਨਕ ਰੋਜ਼ਗਾਰ ਉਪਲਬੱਧ ਕਰਵਾਇਆ ਗਿਆ ਹੈ।

            ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਐਨ.ਜੀ.ਓਜ਼ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਇਸ ਤਰ੍ਹਾਂ ਦੇ ਬੱਚਿਆਂ ਦੀ ਪਹਿਚਾਣ ਕਰਨ ਅਤੇ ਵਿੰਗਜ਼ ਪ੍ਰੋਜੈਕਟ ਦੇ ਵਿਸਥਾਰ ਵਿਚ ਭਾਗੀਦਾਰੀ ਬਣਨ। ਉਨ੍ਹਾਂ ਨੇ ਐਨ.ਜੀ.ਓ ਨੂੰ ਪ੍ਰੋਜੈਕਟ ਤਹਿਤ ਆਪਣੇ ਪੱਧਰ ‘ਤੇ ਕੰਟੀਨਾਂ ਖੋਲ੍ਹਣ ਦੇ ਲਈ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈਡ ਕਰਾਸ ਵੱਲੋਂ ਹਰ ਤਰ੍ਹਾਂ ਦਾ ਪੂਰਾ ਸਹਿਯੋਗ ਦਿੱਤਾ ਜਾਵੇਗਾ, ਜਦਕਿ ਸੰਚਾਲਨ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਐਨ.ਜੀ.ਓਜ਼ ਸੰਭਾਲਣਗੇ।

            ਸੂਈ-ਧਾਗਾ ਪ੍ਰੋਜੈਕਟ-ਪੇਂਡੂ ਮਹਿਲਾਵਾਂ ਦੀ ਆਤਮ ਨਿਰਭਰਤਾ

            ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਤੀਸਰੀ ਮਹੱਤਵਪੂਰਨ ਪਹਿਲ ‘ਸੂਈ-ਧਾਗਾ’ ਪ੍ਰੋਜੈਕਟ ਹੈ, ਜਿਸ ਦਾ ਉਦੇਸ਼ ਪੇਂਡੂ ਲੋੜਵੰਦ ਮਹਿਲਾਵਾਂ ਨੂੰ ਹੁਨਰ ਵਿਕਾਸ ਰਾਹੀਂ ਪੱਕੇ ਤੌਰ ‘ਤੇ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ। ਇਸ ਪ੍ਰੋਜੈਕਟ ਤਹਿਤ ਪਿੰਡਾਂ, ਤਹਿਸੀਲਾਂ ਅਤੇ ਬਲਾਕਾਂ ਵਿਚ ਸਿਲਾਈ ਕੇਂਦਰ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਰੈਡ ਕਰਾਸ ਸੁਸਾਇਟੀ ਉਪਲਬੱਧ ਕਰਵਾਏਗੀ, ਜਦਕਿ ਸੰਚਾਲਨ ਮਗਨਰੇਗਾ ਫਰੇਮਵਰਕ ਤਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਨ.ਜੀ.ਓਜ਼ ਤੋਂ ਉਮੀਦ ਹੈ ਕਿ ਉਹ ਢੁਕਵੀਆਂ ਥਾਵਾਂ ਅਤੇ ਚਾਹਵਾਨ ਮਹਿਲਾਵਾਂ ਦੀ ਪਹਿਚਾਣ ਕਰਕੇ ਕਮਿਊਨਿਟੀ ਲਾਮਬੰਦੀ ਵਿਚ ਸਹਿਯੋਗ ਦੇਣਗੀਆਂ।

            ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਭਰੋਸਾ ਜਤਾਇਆ ਕਿ ਐਨ.ਜੀ.ਓਜ਼ ਦੀ ਸਰਗਰਮ ਭਾਗੀਦਾਰੀ ਨਾਲ ਚੜ੍ਹਦਾ ਸੂਰਜ ਮੁਹਿੰਮ ਸਮਾਜਿਕ ਸਸ਼ਕਤੀਕਰਨ , ਸਵੱਛ ਊਰਜਾ ਅਤੇ ਆਤਮ-ਨਿਰਭਰਤਾ ਦਾ ਮਜ਼ਬੂਤ ਮਾਡਲ ਬਣੇਗਾ, ਜਿਸ ਦੀ ਗੂੰਜ ਆਉਣ ਵਾਲੇ ਸਾਲਾਂ ਤੱਕ ਜ਼ਿਲ੍ਹੇ ਦੀ ਪ੍ਰਗਤੀ ਵਿਚ ਸੁਣਾਈ ਦੇਵੇਗੀ।