ਨੰਗਲ ਦੇ ਵਸਨੀਕਾਂ ਨੂੰ ਜ਼ਮੀਨਾ ਦੇ ਮਾਲਕਾਨਾਂ ਹੱਕ ਲਈ ਕਾਰਵਾਈ ਕਰਾਂਗੇ- ਹਰਜੋਤ ਬੈਂਸ
ਨੰਗਲ 06 ਦਸੰਬਰ: ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਹੈ ਕਿ ਬੀਬੀਐਮਬੀ ਵੱਲੋਂ ਨੰਗਲ ਦੇ ਵਸਨੀਕਾਂ ਉਤੇ ਦਹਾਕਿਆਂ ਤੋਂ ਜ਼ਮੀਨ ਖਾਲੀ ਕਰਵਾਉਣ ਦੀ ਲਟਕ ਰਹੀ ਤਲਵਾਰ ਦਾ ਸਥਾਈ ਹੱਲ ਕੀਤਾ ਜਾਵੇਗਾ, ਇਸ ਦੇ ਲਈ ਅਗਲੇ ਹਫਤੇ ਇੱਕ ਉੱਚ ਪੱਧਰੀ ਮੀਟਿੰਗ ਨੰਗਲ ਦੇ ਵਸਨੀਕਾਂ ਦੀ ਕਮੇਟੀ ਨਾਲ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ ਅਤੇ ਜਦੋਂ ਹੀ ਪੰਜਾਬ ਦੇ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਜਪਾਨ ਦੌਰੇ ਤੋਂ ਪਰਤਣਗੇ ਤਾਂ ਉਨ੍ਹਾਂ ਨਾਲ ਇਹ ਮਸਲਾ ਵਿਚਾਰਿਆ ਜਾਵੇਗਾ ਅਤੇ ਇਸ ਦਾ ਸਥਾਈ ਹੱਲ ਕੀਤਾ ਜਾਵੇਗਾ।
ਸ੍ਰ.ਬੈਂਸ ਨੇ ਕਿਹਾ ਕਿ ਨੰਗਲ ਦੇ ਵਸਨੀਕ ਜਿਹੜੀਆਂ ਜ਼ਮੀਨਾ ਉਤੇ ਕਾਬਜ਼ ਹਨ ਅਤੇ ਦਹਾਕਿਆਂ ਤੋ ਆਪਣੇ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਜ਼ਮੀਨਾਂ ਦੇ ਰਿਕਾਰਡ ਦੀ ਘੋਖ ਕਰਨ ਤੇ ਇਹ ਪਤਾ ਲੱਗਾ ਹੈ ਕਿ ਇਹ ਜ਼ਮੀਨਾਂ ਪੰਜਾਬ ਸਰਕਾਰ ਦੀ ਮਾਲਕੀ ਹਨ, ਜਦੋਂ ਕਿ ਬੀਬੀਐਮਬੀ ਅਣਅਧਿਕਾਰਤ ਤੌਰ ਤੇ ਇਨ੍ਹਾਂ ਜ਼ਮੀਨਾ ਉਤੇ ਆਪਣਾ ਹੱਕ ਜਤਾ ਕੇ ਇੱਥੋ ਦੇ ਕਾਰੋਬਾਰੀਆਂ ਤੇ ਵਸਨੀਕਾਂ ਤੇ ਦਹਾਕਿਆਂ ਤੋਂ ਛੱਤ ਖੋਹਣ ਦੀ ਤਲਵਾਰ ਲਟਕਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੰਗਲ ਸ਼ਹਿਰ ਦੇ ਲੋਕਾਂ ਨੂੰ ਹਰ ਮਸਲੇ ਲਈ ਬੀਬੀਐਮਬੀ ਤੋਂ ਇਤਰਾਜਹੀਨਤਾ ਦਾ ਸਰਟੀਫਿਕੇਟ ਲੈਣਾ ਪੈਦਾ ਹੈ, ਜੋ ਕਿ ਇੱਕ ਗਲਤ ਪ੍ਰਕਿਰਿਆ ਹੈ। ਇਹ ਪ੍ਰਕਿਰਿਆ ਦਹਾਕਿਆਂ ਤੋ ਚੱਲਦੀ ਆ ਰਹੀ ਹੈ ਅਤੇ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀ ਦਿੱਤਾ, ਸਗੋਂ ਨੰਗਲ ਦੇ ਭੋਲੇ ਭਾਲੇ ਲੋਕਾਂ ਨੂੰ ਵਪਾਰਕ ਅਦਾਰੇ ਅਤੇ ਉਨ੍ਹਾਂ ਦੀ ਜ਼ਮੀਨ ਖੋਹੇ ਜਾਣ ਦਾ ਡਰ ਅਤੇ ਸਹਿਮ ਬਣਾ ਕੇ ਰੱਖਿਆ ਹੈ। ਅਸੀ ਉੱਚ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਜਾ ਰਹੇ ਹਾਂ, ਇਸ ਦੇ ਲਈ ਪੰਜਾਬ ਦੇ ਐਡਵੋਕੇਟ ਜਨਰਲ ਦੀ ਰਾਏ ਵੀ ਲਈ ਜਾਵੇਗੀ, ਇਸ ਤੋ ਇਲਾਵਾ ਨੰਗਲ ਦੇ ਸ਼ਹਿਰੀਆਂ ਦਾ ਇੱਕ ਵਫਦ ਵੀ ਅਗਲੇ ਹਫਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰੇਗਾ ਜਿਸ ਤੋ ਬਾਅਦ ਮੁੱਖ ਮੰਤਰੀ ਜੀ ਕੋਲ ਇਹ ਮਸਲਾ ਚੁੱਕਾਂਗੇ, ਜੇ ਲੜੀ ਪਈ ਤਾਂ ਇਹ ਮਾਮਲਾ ਪੰਜਾਬ ਦੀ ਕੈਬਨਿਟ ਵਿਚ ਵੀ ਲਿਆਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀ ਨੰਗਲ ਦੇ ਵਸਨੀਕਾਂ ਨਾਲ ਇਹ ਵਾਅਦਾ ਕਰਦੇ ਹਾਂ ਕਿ ਉਨ੍ਹਾਂ ਦੇ ਕਾਰੋਬਾਰ ਅਤੇ ਜ਼ਮੀਨਾ ਉਤੇ ਛੱਤ ਖੋਹਣ ਦੀ ਪ੍ਰਕਿਰਿਆ ਨੂੰ ਸਫਲ ਨਹੀ ਹੋਣ ਦਿੱਤਾ ਜਾਵੇਗਾ ਸਗੋ ਨੰਗਲ ਵਾਸੀਆਂ ਨੂੰ ਜ਼ਮੀਨਾ ਉਤੇ ਮਾਲਕਾਨਾ ਹੱਕ ਦਵਾਉਣ ਦੀ ਪ੍ਰਕਿਰਿਆ ਲਈ ਚਾਰਾਜੋਈ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਨੰਗਲ ਦੇ ਵਸਨੀਕਾਂ ਨੇ ਬਹੁਤ ਅਰਸਾ ਡਰ ਅਤੇ ਸਹਿਮ ਵਿਚ ਗੁਜਾਰਿਆ ਹੈ ਅਤੇ ਅਸੀ ਬੀਬੀਐਮਬੀ ਵੱਲੋਂ ਹੋਰ ਤਰਾਸਦੀ ਬਰਦਾਸ਼ਤ ਨਹੀ ਕਰਾਂਗੇ।


