ਬਰਸਾਤਾਂ ਕਾਰਨ ਹੋਏ ਘਰਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇਗੀ: ਮੀਤ ਹੇਅਰ

ਬਰਸਾਤਾਂ ਕਾਰਨ ਹੋਏ ਘਰਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇਗੀ: ਮੀਤ ਹੇਅਰ

ਬਰਨਾਲਾ, 6 ਸਤੰਬਰ
      ਹੜ੍ਹਾਂ ਦੀ ਕੁਦਰਤੀ ਕਰੋਪੀ ਅਤੇ ਭਾਰੀ ਮੀਂਹ ਨਾਲ ਸਾਡੇ ਸੂਬੇ ਦੇ ਸਾਰੇ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਸੂਬਾ ਵਾਸੀਆਂ ਨੇ ਨਾਲ ਹੈ ਅਤੇ ਗ਼ਰੀਬਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਏਥੇ ਜਿਹੜੇ ਘਰਾਂ ਦੀਆਂ ਛੱਤਾਂ ਡਿੱਗਣ ਨਾਲ ਨੁਕਸਾਨ ਹੋਇਆ ਹੈ, ਓਥੇ ਉਹ ਖੁਦ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੇ ਮਕਾਨਾਂ ਦਾ ਕੰਮ ਕਰਵਾਉਣਗੇ ਤਾਂ ਜੋ ਕੋਈ ਵੀ ਗਰੀਬ ਬਿਨਾ ਛੱਤ ਤੋਂ ਨਾ ਰਹੇ।
    ਇਹ ਪ੍ਰਗਟਾਵਾ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਬਰਨਾਲਾ ਸ਼ਹਿਰ ਵਿਚ ਘਰਾਂ ਦੀਆਂ ਛੱਤਾਂ ਡਿੱਗਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਮੌਕੇ ਕੀਤਾ। ਓਨ੍ਹਾਂ ਬਾਜ਼ੀਗਰ ਬਸਤੀ ਵਿਚ ਛੱਤ ਡਿੱਗਣ ਨਾਲ ਹੋਈ ਮੌਤ ਦੇ ਮਾਮਲੇ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਰਾਮਗੜੀਆ ਰੋਡ 'ਤੇ ਘਰਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ।
ਓਨ੍ਹਾਂ ਕਿਹਾ ਕਿ ਇਸ ਆਫ਼ਤ ਦੀ ਸਥਿਤੀ ਦੌਰਾਨ ਗਰੀਬ ਘਰਾਂ ਦੀਆਂ ਛੱਤਾਂ ਡਿੱਗਣ, ਕੰਧਾਂ ਡਿੱਗਣ ਤੇ ਨੁਕਸਾਨੇ ਜਾਣ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਹਨ। ਓਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਪ੍ਰਸ਼ਾਸਨ ਨੂੰ ਤੁਰੰਤ ਮੁਆਵਜ਼ਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ ਤੇ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਜਿਹੜੇ ਵੱਡੀ ਗਿਣਤੀ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਮਾਲੀ ਨੁਕਸਾਨ ਹੋਇਆ ਹੈ, ਓਨ੍ਹਾਂ ਮਾਮਲਿਆਂ ਵਿਚ ਵੀ ਮੁਆਇਨਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਉਹ ਖੁਦ ਇਨ੍ਹਾਂ ਪਰਿਵਾਰਾਂ ਦੀ ਜ਼ਿੰਮੇਵਾਰੀ ਚੁੱਕਣਗੇ ਅਤੇ ਜਿੱਥੇ ਜਿੱਥੇ ਬੱਚਿਆਂ ਦੀ ਪੜ੍ਹਾਈ ਜਾਂ ਹੋਰ ਕਿਸੇ ਵੀ ਮਦਦ ਦੀ ਲੋੜ ਹੈ, ਉਹ ਸਹਯੋਗੀਆਂ ਅਤੇ ਦਾਨੀ ਸੰਸਥਾਵਾਂ ਦੀ ਮਦਦ ਨਾਲ ਕਰਵਾਈ ਜਾਵੇਗੀ।
  ਓਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਫ਼ਤ ਦੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਵਿੱਚ 71 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਜ਼ਿਲ੍ਹਾ ਬਰਨਾਲਾ ਨੂੰ 1 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਲੋੜਵੰਦਾਂ ਦੀ ਮਦਦ ਲਈ ਹੋਰ ਰਾਸ਼ੀ ਵੀ ਜਾਰੀ ਕੀਤੀ ਜਾਵੇਗੀ। 
  ਓਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਖੁਦ ਵੀ 25 ਲੱਖ ਰੁਪਏ ਦੀ ਗ੍ਰਾਂਟ ਹੜ੍ਹ ਪੀੜਤਾਂ ਇਲਾਕਿਆਂ ਲਈ ਐਲਾਨੀ ਗਈ ਹੈ ਅਤੇ ਉਹ ਲਗਾਤਾਰ ਰਾਹਤ ਕਾਰਜ ਦੀ ਨਜ਼ਰਸਾਨੀ ਕਰ ਰਹੇ ਹਨ ਅਤੇ ਡਟੇ ਹੋਏ ਹਨ। ਓਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਭ ਨੂੰ ਹੜ੍ਹ ਪੀੜਤਾਂ ਲਈ ਅੱਗੇ ਆਉਣ ਦੀ ਲੋੜ ਹੈ।
    ਇਸ ਮੌਕੇ ਹਲਕਾ ਇੰਚਾਰਜ ਸ. ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਸ੍ਰੀ ਰਾਮ ਤੀਰਥ ਮੰਨਾ ਅਤੇ ਹੋਰ ਆਗੂ ਤੇ ਪਤਵੰਤੇ ਹਾਜ਼ਰ ਸਨ।