ਹਰਜੋਤ ਬੈਂਸ ਦੀ ਅਗਵਾਈ ਵਿੱਚ ਆਪ ਵਲੰਟੀਅਰ ਲਕਸ਼ਮੀ ਨਰਾਇਣ ਮੰਦਿਰ ਦਾ ਨੁਕਸਾਨਿਆਂ ਹਿੱਸਾ ਬਚਾਉਣ ਲਈ ਜੰਗੀ ਪੱਧਰ ਤੇ ਕਰ ਰਹੇ ਹਨ ਉਪਰਾਲੇ
ਨੰਗਲ 06 ਸਤੰਬਰ ()
ਸ.ਹਰਜੋਤ ਸਿੰਘ ਬੈਂਸ ਵੱਲੋਂ ਨੰਗਲ ਦੇ ਪ੍ਰਸਿੱਧ ਪ੍ਰਾਚੀਨ ਲਕਸ਼ਮੀ ਨਰਾਇਣ ਮੰਦਿਰ ਦੀ ਨੁਕਸਾਨੀ ਇਮਾਰਤ ਦੇ ਹਿੱਸੇ ਨੂੰ ਬਚਾਉਣ ਲਈ ਪਿਛਲੇ ਦੋ ਦਿਨਾਂ ਤੋਂ ਜੰਗੀ ਪੱਧਰ ਤੇ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਆਪ ਵਲੰਟੀਅਰਾਂ ਦੇ ਨਾਲ ਹੁਣ ਇਲਾਕਾ ਵਾਸੀ ਅਤੇ ਤਕਨੀਕੀ ਮਾਹਰ ਵੀ ਜੁੜ ਗਏ ਹਨ। ਵੱਡੀਆ ਆਧੁਨਿਕ ਮਸ਼ੀਨਾ ਅਤੇ ਕਿਸ਼ਤੀ ਰਾਹੀ ਵੱਡੇ ਵੱਡੇ ਬੈਗ ਭਰ ਕੇ ਮੰਦਿਰ ਦੇ ਨਾਲ ਲੱਗੇ ਦਰਿਆ ਦੇ ਕੰਢੇ ਨੂੰ ਡੰਗਾ ਲਗਾ ਕੇ ਮਜਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਸਤਲੁਜ ਦਰਿਆ ਦੇ ਤੇਜ਼ ਵਹਾਅ ਨਾਲ ਹੋਰ ਨੁਕਸਾਨ ਹੋਣ ਤੋ ਰੋਕਿਆ ਜਾ ਸਕੇ।
ਸ.ਹਰਜੋਤ ਸਿੰਘ ਬੈਂਸ ਨੇ ਜਦੋਂ ਸਤਲੁਜ ਦਰਿਆ ਦੇ ਤੇਜ਼ ਵਹਾਅ ਨਾਲ ਨੰਗਲ ਦੇ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ਦੇ ਹਿੱਸੇ ਦੇ ਹੋਏ ਨੁਕਸਾਨ ਦੀ ਮੁਰੰਮਤ ਦਾ ਮੋਰਚਾ ਖੁੱਦ ਸੰਭਾਲਿਆ ਤਾਂ ਤੇਜ਼ ਵਹਾਅ ਕਾਰਨ ਇਹ ਕਾਰਜ ਅਸੰਭਵ ਜਾਪ ਰਿਹਾ ਸੀ। ਦਰਿਆ ਦਾ ਤੇਜ਼ ਵਹਾਅ ਲਗਾਤਾਰ ਇਮਾਰਤ ਨੂੰ ਖੋਰ ਰਿਹਾ ਸੀ, ਪ੍ਰੰਤੂ ਸ.ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਮਾਰਤ ਦੇ ਉੱਪਰ ਤੋਂ ਰੱਸਿਆ ਰਾਹੀ ਸਪੋਰਟ ਲਗਾਉਣ ਵਾਲੀ ਸਮੱਗਰੀ ਪਹੁੰਚਾਉਣੀ ਸੁਰੂ ਕੀਤੀ। ਦਰਿਆ ਦੇ ਦੂਜੇ ਪਾਸੇ ਤੋਂ ਵੱਡੇ ਬੈਗ ਭਰ ਕੇ ਮੰਦਿਰ ਦੀ ਇਮਾਰਤ ਨਾਲ ਲਗਾਉਣੇ ਜਾਰੀ ਕੀਤੇ, ਦਰਿਆ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਇਹ ਜਾਨ ਜੋਖਮ ਵਿਚ ਪਾਉਣ ਵਾਲਾ ਕੰਮ ਲੱਗ ਰਿਹਾ ਸੀ ਅਤੇ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਸੀ, ਪ੍ਰੰਤੂ ਇਲਾਕਾ ਵਾਸੀਆਂ ਤੇ ਆਪ ਵਲੰਟੀਅਰਾਂ ਦੇ ਮਜਬੂਤ ਹੋਸਲੇ ਦੇਖ ਕੇ ਕੰਮ ਜਾਰੀ ਰੱਖਿਆ ਅਤੇ ਪੱਥਰਾਂ ਤੇ ਮਿੱਟੀ ਨਾਲ ਭਰੇ ਬੈਗ ਇੱਕ ਜੰਮਬੋ ਬੈਗ ਵਿਚ ਪਾ ਕੇ ਲਗਾਤਾਰ ਲਗਾਏ ਗਏ, ਜਿਸ ਨਾਲ ਇਮਾਰਤ ਨੂੰ ਸਪੋਟ ਮਿਲਣ ਲੱਗੀ। ਇਹ ਕੰਮ ਬਹੁਤ ਸੰਵੇਦਨਸ਼ੀਲ ਹੋਣ ਸੀ ਅਤੇ ਇਲਾਕਾ ਵਾਸੀਆਂ ਨੇ ਦੋ ਦਿਨ ਵਿੱਚ ਇਮਾਰਤ ਨੂੰ ਕਾਫੀ ਹੱਦ ਤੱਕ ਸੁਰੱਖਿਅਤ ਕੀਤਾ। ਭਾਵੇ ਪੱਕੇ ਤੌਰ ਤੇ ਇਸ ਮੰਦਿਰ ਨੂੰ ਬਚਾਉਣ ਲਈ 1.27 ਕਰੋੜ ਰੁਪਏ ਖਰਚ ਹੋਣਗੇ, ਪ੍ਰੰਤੂ ਮੋਜੂਦਾ ਸਮੇਂ ਇਹ ਪ੍ਰੋਜੈਕਟ ਬਹੁਤ ਜੋਖਮ ਭਰਿਆ ਹੈ, ਜਿਸ ਨੂੰ ਸ.ਬੈਂਸ ਦੀ ਅਗਵਾਈ ਵਿੱਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਆਰਜ਼ੀ ਤੌਰ ਤੇ ਕੀਤਾ ਜਾ ਰਿਹਾ ਹੈ।
ਇਸੇ ਤਰਾਂ ਇਲਾਕੇ ਦੇ ਹੋਰ ਖੇਤਰਾਂ ਵਿਚ ਵੀ ਸ.ਬੈਂਸ ਅਤੇ ਉਨ੍ਹਾਂ ਦੀਆਂ ਟੀਮਾਂ ਪ੍ਰਸਾਸ਼ਨ ਦੇ ਸਹਿਯੋਗ ਨਾਲ ਲਗਾਤਾਰ ਬਚਾਅ ਕਾਰਜ ਕਰ ਰਹੀਆਂ ਹਨ। ਅੱਜ ਲਕਸ਼ਮੀ ਨਰਾਇਣ ਮੰਦਿਰ ਨੇੜੇ ਚੱਲ ਰਹੇ ਡੰਗਾ ਲਗਾਉਣ ਦੇ ਕੰਮ ਡਾ.ਸੰਜੀਵ ਗੌਤਮ ਹਲਕਾ ਕੋਆਰਡੀਨੇਟਰ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਸਤੀਸ਼ ਚੋਪੜਾ, ਕਰਤਾਰ ਸਿੰਘ, ਰਾਕੇਸ਼ ਕੁਮਾਰ, ਲਾਡੀ ਭੰਗਲ, ਸੁਮਿਤ ਕੁਮਾਰ, ਨਰਾਇਣ ਕੁਮਾਰ, ਚੰਨਣ ਸਿੰਘ ਪੱਮੂ ਢਿੱਲੋਂ, ਗੋਪਾਲ ਸ਼ਰਮਾ, ਉਮੇਸ਼, ਰਿੰਕੂ ਸਰਪੰਚ, ਸੁਮਿਤ ਸ਼ਰਮਾ ਤੇ ਵੱਡੀ ਗਿਣਤੀ ਵਿਚ ਵਲੰਟੀਅਰ ਹਾਜ਼ਰ ਸਨ।