ਦੇਵੀ ਵਾਲਾ ਰੋਡ ਕੋਟਕਪੂਰਾ ਦੀ ਸੀਵਰੇਜ ਸਮੱਸਿਆ ਨੂੰ ਸਥਾਈ ਤੌਰ 'ਤੇ ਹੱਲ ਕੀਤਾ ਜਾਵੇਗਾ: ਸਪੀਕਰ ਕੁਲਤਾਰ ਸਿੰਘ ਸੰਧਵਾਂ

ਦੇਵੀ ਵਾਲਾ ਰੋਡ ਕੋਟਕਪੂਰਾ ਦੀ ਸੀਵਰੇਜ ਸਮੱਸਿਆ ਨੂੰ ਸਥਾਈ ਤੌਰ 'ਤੇ ਹੱਲ ਕੀਤਾ ਜਾਵੇਗਾ: ਸਪੀਕਰ ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ/ਕੋਟਕਪੂਰਾ, 05 ਸਤੰਬਰ:

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਦੇਵੀ ਵਾਲਾ ਰੋਡ ਕੋਟਕਪੂਰਾ  8 ਐਮ.ਐਲ.ਡੀ. ਐਸ.ਟੀ.ਪੀ. ਤੋਂ ਪਿੰਡ ਦੇਵੀ ਵਾਲਾ ਡਰੇਨ ਤੱਕ ਸੀਵਰੇਜ ਸਬੰਧੀ ਕਾਰਜ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਇਸ ਪ੍ਰੋਜੈਕਟ 'ਤੇ 18 ਕਰੋੜ 32 ਲੱਖ ਰੁਪਏ ਖਰਚ ਕਰੇਗੀ।

ਇਸ ਸਮੱਸਿਆ ਦੀ ਗੰਭੀਰਤਾ ਨੂੰ ਵੇਖਦਿਆਂ  ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇਸ ਪ੍ਰੋਜੈਕਟ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ, ਜਿਸ ਤਹਿਤ ਇਸ ਕਾਰਜ ਲਈ 18 ਕਰੋੜ 32 ਲੱਖ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ, ਜੋ ਕਿ 8 ਅਕਤੂਬਰ ਨੂੰ ਖੋਲ੍ਹਿਆ ਜਾਵੇਗਾ ਅਤੇ ਇਸ ਉਪਰੰਤ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਨਤੀਜੇ ਵਜੋਂ ਇਸ ਖੇਤਰ ਦੀ ਸੀਵਰੇਜ ਸਮੱਸਿਆ ਸਥਾਈ ਤੌਰ 'ਤੇ ਹੱਲ ਹੋ ਜਾਵੇਗੀ।
 
ਡਿਪਟੀ ਕਮਿਸ਼ਨਰ ਫਰੀਦਕੋਟ ਪੂਨਮਦੀਪ ਕੌਰ ਨੇ ਦੱਸਿਆ ਕਿ ਦੇਵੀ ਵਾਲਾ ਰੋਡ ਕੋਟਕਪੂਰਾ ਇਲਾਕੇ ਦਾ ਸਲੱਜ ਕੈਰੀਅਰ (ਖੁੱਲ੍ਹਾ ਨਾਲਾ) ਬਹੁਤ ਪੁਰਾਣਾ ਸੀ, ਜਿਸ ਕਾਰਨ ਵੱਖ-ਵੱਖ ਥਾਵਾਂ ਤੋਂ ਲੀਕੇਜ ਹੁੰਦੀ ਸੀ ਅਤੇ ਬਰਸਾਤ ਦੇ ਮੌਸਮ ਦੌਰਾਨ ਇਸ ਥਾਂ 'ਤੇ ਸੀਵਰੇਜ ਦੀ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਸੀ। ਇਸ ਲਗਾਤਾਰ ਸਮੱਸਿਆ ਕਾਰਨ ਇਸ ਇਲਾਕੇ ਦੇ ਵਸਨੀਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਸੀਵਰੇਜ ਬੋਰਡ ਦੇ ਐਸ.ਡੀ.ਓ. ਬੀ.ਐਸ. ਗਿੱਲ ਨੇ ਦੱਸਿਆ ਕਿ ਦੇਵੀ ਵਾਲਾ ਰੋਡ ਕੋਟਕਪੂਰਾ  8 ਐਮ.ਐਲ.ਡੀ. ਐਸ.ਟੀ.ਪੀ. ਤੋਂ ਪਿੰਡ ਦੇਵੀ ਵਾਲਾ ਡਰੇਨ ਤੱਕ 5150 ਮੀਟਰ ਲੰਬੀ ਸੀਵਰੇਜ ਪਾਈਪ ਵਿਛਾਈ ਜਾਣੀ ਹੈ।

--------- 
Tags: