ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਿਹਤ ਵਿਭਾਗ ਚੋਂਕਸ
ਕੀਰਤਪੁਰ ਸਾਹਿਬ 05 ਸਤੰਬਰ ()
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਆਪਣੇ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਦਿਨ-ਰਾਤ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਸਾਰਿਆਂ ਲਈ ਮਿਸਾਲ ਬਣ ਰਿਹਾ ਹੈ। ਉਹਨਾਂ ਨੂੰ ਵੇਖ ਕੇ ਹਲਕੇ ਦੇ ਸਾਰੇ ਅਧਿਕਾਰੀ ਨਿਸ਼ਕਾਮ ਭਾਵ ਨਾਲ ਲੋਕਾਂ ਦੀ ਸੇਵਾ ਲਈ ਅੱਗੇ ਆ ਰਹੇ ਹਨ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ ਅਤੇ ਸਿਵਲ ਸਰਜਨ ਰੂਪਨਗਰ ਡਾਕਟਰ ਬਲਵਿੰਦਰ ਕੌਰ ਤੇ ਹੜ੍ਹ ਜ਼ਿਲ੍ਹਾ ਨੋਡਲ ਅਧਿਕਾਰੀ ਡਾਕਟਰ ਬੌਬੀ ਗੁਲਾਟੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਵੱਲੋਂ ਬਲਾਕ ਕੀਰਤਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਿੱਥੇ ਮੈਡੀਕਲ ਕੈਂਪ ਲਾਏ ਗਏ ਹਨ, ਪਲਾਸੀ ਅਤੇ ਭਲਾਣ ਵਿਖੇ ਹੜ੍ਹ ਪੀੜ੍ਹਤਾਂ ਲਈ ਰਾਹਤ ਕੈਂਪ ਦੀ ਵਿਵਸਥਾ ਵੀ ਕੀਤੀ ਗਈ ਹੈ। ਉੱਥੇ ਹੀ ਹੜ੍ਹ ਪੀੜ੍ਹਤ ਲੋਕਾਂ ਤੱਕ ਦਵਾਈਆਂ ਅਤੇ ਮੈਡੀਕਲ ਸਹੂਲਤਾਂ ਪਹੁੰਚਾਉਣ ਲਈ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਟ੍ਰੈਕਟਰ 'ਤੇ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।
ਡਾ.ਜੰਗਜੀਤ ਸਿੰਘ ਨੇ ਵੱਖ ਵੱਖ ਮੈਡੀਕਲ ਕੈਂਪਾਂ ਦਾ ਜਾਇਜ਼ਾ ਲੈਣ ਪਹੁੰਚੇ ਅਤੇ ਉਨ੍ਹਾਂ ਦੀ ਟੀਮ ਵੱਲੋਂ ਹੜ੍ਹਾਂ ਦੀ ਮਾਰ ਹੇਠ ਆਏ ਪਿੰਡ ਜੌਹਲ, ਪਲਾਸੀ, ਐੱਲਗਰਾਂ, ਭਲਾਣ, ਹਰੀਵਾਲ, ਦਸਗਰਾਈਂ ਅਤੇ ਮਹਿੰਦਲੀ ਕਲਾਂ ਵਿਚ ਦਵਾਈਆਂ ਅਤੇ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਮੈਡੀਕਲ ਕੈਂਪ ਲਗਾਏ ਗਏ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰੋਂ ਘਰੀਂ ਜਾ ਕੇ ਵੀ ਲੋਕਾਂ ਨੂੰ ਓ.ਆਰ.ਐੱਸ ਦੇ ਪੈਕੇਟ ਅਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਐਵਾਈਜ਼ਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਤੁਰੰਤ ਕਾਰਵਾਈ ਟੀਮਾਂ ਵੱਲੋਂ 24 ਘੰਟੇ ਸਿਹਤ ਸਹੂਲਤਾਂ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਨੇ ਪਲਾਸੀ ਅਤੇ ਭਲਾਣ ਵਿਖੇ ਰਾਹਤ ਕੈਂਪਾਂ ਦਾ ਜਾਇਜ਼ਾ ਵੀ ਲਿਆ ਅਤੇ ਇਸ ਦੌਰਾਨ ਡਾਕਟਰ ਜੰਗਜੀਤ ਸਿੰਘ ਨੇ ਨਾ ਸਿਰਫ਼ ਟੀਮ ਵੱਲੋਂ ਸੇਵਾ ਭਾਵ ਨਾਲ ਨਿਭਾਈ ਜਾ ਰਹੀ ਡਿਊਟੀ ਦੀ ਸ਼ਲਾਘਾ ਕੀਤੀ ਸਗੋਂ ਲੋਕਾਂ ਨਾਲ ਗੱਲਬਾਤ ਕਰ ਕੇ ਉਹਨਾਂ ਨੂੰ ਔਖੇ ਹਾਲਾਤ ਵਿਚ ਹੌਸਲਾ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਹਰ ਸੰਭਵ ਮੱਦਦ ਮੁੱਹਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ।