ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਪਿੰਡ ਕੋਟੜਾ ਕਲਾਂ, ਭੀਖੀ, ਢੈਪਈ ਤੇ ਜੱਸੜਵਾਲ ਵਿਚ ਕਣਕ ਦੀ ਫ਼ਸਲ ਦਾ ਨਿਰੀਖਣ
ਮਾਨਸਾ, 11 ਦਸੰਬਰ:
ਮੁੱਖ ਖੇਤੀਬਾੜੀ ਅਫ਼ਸਰ, ਹਰਵਿੰਦਰ ਸਿੰਘ ਵੱਲੋਂ ਕਣਕ ਦੀ ਫਸਲ ਦੇ ਨਿਰੀਖਣ ਲਈ ਪਿੰਡ ਕੋਟੜਾ ਕਲਾਂ, ਭੀਖੀ, ਢੈਪਈ ਅਤੇ ਜੱਸੜਵਾਲ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਦੀ ਸਥਿਤੀ ਇਸ ਸਮੇਂ ਬਿਲਕੁਲ ਠੀਕ ਹੈ ਅਤੇ ਕਣਕ ਵਿਚ ਕਿਸੇ ਬਿਮਾਰੀ ਜਾਂ ਕੀੜੇ ਮਕੌੜੇ ਜਿਵੇਂ ਕਿ ਤਣੇ ਦੀ ਗੁਲਾਬੀ ਸੁੰਡੀ ਜਾਂ ਪੀਲੀ ਕੁੰਗੀ ਆਦਿ ਦਾ ਹਮਲਾ ਨਹੀਂ ਵੇਖਿਆ ਗਿਆ। ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਵਿਚ ਕਿਤੇ ਕਿਤੇ ਮੈਗਜ਼ੀਨ ਤੱਤ ਦੀ ਘਾਟ ਵੇਖੀ ਗਈ ਹੈ। ਮੈਗਜ਼ੀਨ ਦੀ ਘਾਟ ਕਾਰਨ ਫਸਲ ਵਿਚ ਪੀਲਾਪਣ ਆਮ ਤੌਰ 'ਤੇ ਪੌਦੇ ਦੇ ਵਿਚਕਾਰਲੇ ਪੱਤਿਆਂ 'ਤੇ ਦਿਖਦਾ ਹੈ। ਪੱਤੇ ਦੀਆਂ ਨਾੜੀਆਂ ਦਾ ਰੰਗ ਹਰਾ ਹੀ ਰਹਿੰਦਾ ਹੈ ਪਰ ਨਾੜੀਆਂ ਦੇ ਵਿਚਲਾ ਹਿੱਸਾ ਪੀਲਾ ਪੈ ਜਾਂਦਾ ਹੈ। ਕਈ ਵਾਰ ਇਹ ਪੀਲੇ ਹਿੱਸੇ 'ਤੇ ਹਲਕੇ ਸਲੇਟੀ ਜਾਂ ਗੁਲਾਬੀ-ਭੂਰੇ ਧੱਬੇ ਵੀ ਬਣ ਜਾਂਦੇ ਹਨ, ਜੋ ਬਾਅਦ ਵਿਚ ਮਿਲ ਕੇ ਧਾਰੀਆਂ ਵਰਗਾ ਰੂਪ ਧਾਰ ਲੈਂਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਜ਼ਿਆਦਾਤਰ ਹਲਕੀਆਂ ਜ਼ਮੀਨਾਂ ਵਾਲੇ ਖੇਤਾਂ ਵਿਚ ਹੁੰਦੀ ਹੈ ਜਿੱਥੇ ਲੰਮੇ ਸਮੇਂ ਤੋਂ ਕਣਕ-ਝੋਨੇ ਦਾ ਫ਼ਸਲੀ ਚੱਕਰ ਚੱਲ ਰਿਹਾ ਹੋਵੇ। ਇਸ ਘਾਟ ਨੂੰ ਪੂਰਾ ਕਰਨ ਲਈ ਧੁੱਪ ਵਾਲੇ ਦਿਨ ਇਕ ਕਿੱਲੋ ਮੈਂਗਨੀਜ਼ ਸਲਫੇਟ ਨੂੰ 200 ਲੀਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਣਾ ਚਾਹੀਦਾ ਹੈ। ਇਹ ਛਿੜਕਾਅ ਪਹਿਲੀ ਸਿੰਚਾਈ ਤੋਂ 2-4 ਦਿਨ ਬਾਅਦ ਕਰਨਾ ਵਧੀਆ ਹੁੰਦਾ ਹੈ। ਧਿਆਨ ਰੱਖਣਾ ਚਾਹੀਦਾ ਹੈ ਕਿ ਮੈਂਗਨੀਜ਼ ਸਲਫੇਟ ਸਿਰਫ਼ ਛਿੜਕਾਅ ਹੀ ਕਰਨਾ ਚਾਹੀਦਾ ਹੈ।
ਡਿਪਟੀ ਪ੍ਰੋਜੈਕਟ ਡਾਇਰੈਕਟ (ਆਤਮਾ), ਚਮਨਦੀਪ ਸਿੰਘ ਨੇ ਦੱਸਿਆ ਕਿ ਕਣਕ ਦੀ ਫਸਲ ਵਿੱਚ ਪੀਲੇਪਨ ਦਾ ਕਾਰਨ ਕਈ ਵਾਰ ਜਿੰਕ ਦੀ ਘਾਟ, ਪਾਣੀ ਦਾ ਵੱਧ ਲੱਗਣਾ ਹੋ ਸਕਦਾ ਹੈ ਅਤੇ ਕਈ ਵਾਰ ਖਰਾਬ ਮੌਸਮ ਵਿੱਚ ਕਣਕ ਦੇ ਬੂਟੇ ਪੀਲੇ ਪੈ ਜਾਂਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ ਅਤੇ ਕਿਸੇ ਤਰ੍ਹਾਂ ਦੀ ਬਿਮਾਰੀ/ਕੀੜੇ ਮਕੌੜੇ ਦੇ ਹਮਲੇ ਸਬੰਧੀ ਤੁਰੰਤ ਸਬੰਧਤ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਢੁੱਕਵਾਂ ਹੱਲ ਦੱਸ ਕੇ ਫਸਲ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਅਮਰੀਕਸਿੰਘ, ਲਖਵੀਰ ਸਿੰਘ, ਬੇਲਦਾਰ ਤੋਂ ਇਲਾਵਾ ਕਿਸਾਨ ਕੁਲਵਿੰਦਰ ਸਿੰਘ, ਅਵਤਾਰਸਿੰਘ, ਰੋਬਿਨ ਸਿੰਘ, ਨਿਰੰਜਨ ਸਿੰਘ ਪਿੰਡ ਢੈਪਈ, ਨਿਰਪਿੰਦਰ ਸਿੰਘ, ਪਿੰਡ ਜੱਸੜਵਾਲ ਆਦਿ ਕਿਸਾਨ ਹਾਜ਼ਰ ਸਨ।


