ਮਾਲੇਰਕੋਟਲਾ 18 ਦੰਸਬਰ -
ਬਾਗਬਾਨੀ ਵਿਭਾਗ, ਪੰਜਾਬ ਵੱਲੋਂ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਲਗਾਤਾਰ ਪ੍ਰਭਾਵਸ਼ਾਲੀ ਉਪਰਾਲੇ ਕੀਤੇ ਜਾ ਰਹੇ ਹਨ। ਫਲਾਂ, ਸਬਜ਼ੀਆਂ, ਫੁੱਲਾਂ ਅਤੇ ਖੁੰਬਾਂ ਦੀ ਖੇਤੀ ਆਦਿ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਕੀਮਾਂ ਅਧੀਨ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਬਾਗਬਾਨੀ ਵਿਕਾਸ ਅਫਸਰ, ਮਾਲੇਰਕੋਟਲਾ ਬਲਜੀਤ ਸਿੰਘ ਨੇ ਦਿੱਤੀ ।
ਬਾਗਬਾਨੀ ਵਿਕਾਸ ਅਫਸਰ ਮਾਲੇਰਕੋਟਲਾ ਬਲਜੀਤ ਸਿੰਘ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਮੁੱਖ ਤੌਰ ’ਤੇ ਕੌਮੀ ਬਾਗਬਾਨੀ ਮਿਸ਼ਨ ਤਹਿਤ ਨਵੇਂ ਬਾਗ ਲਗਾਉਣ, ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ, ਹਾਈਬ੍ਰਿਡ ਸਬਜ਼ੀਆਂ ਦੀ ਖੇਤੀ, ਪੌਲੀ ਹਾਊਸ/ਸ਼ੇਡ ਨੈੱਟ ਹਾਊਸ ਸਥਾਪਿਤ ਕਰਨ ਅਤੇ ਵਰਮੀ ਕੰਪੋਸਟ ਯੂਨਿਟ ਲਗਾਉਣ ਲਈ 40 ਤੋਂ 50 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ ਸਹਾਇਕ ਧੰਦੇ ਵਜੋਂ ਸ਼ਹਿਦ ਮੱਖੀ ਪਾਲਣ ਲਈ 1600 ਰੁਪਏ ਪ੍ਰਤੀ ਬਕਸਾ (8 ਫਰੇਮ ਸਮੇਤ), ਖੁੰਬ ਪੈਦਾਵਾਰ, ਖੁੰਬ ਬੀਜ ਤਿਆਰ ਕਰਨ ਅਤੇ ਖੁੰਬ ਕੰਪੋਸਟ ਯੂਨਿਟ ਲਗਾਉਣ ਲਈ ਵੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਾਗਬਾਨੀ ਮਸ਼ੀਨਰੀ ਜਿਵੇਂ ਕਿ 20 ਐਚ.ਪੀ. ਟਰੈਕਟਰ, ਨੈਪਸੈਕ ਸਪਰੇਅਰ, ਬੂਮ ਸਪਰੇਅਰ ਅਤੇ ਪਾਵਰ ਟਿੱਲਰ ’ਤੇ ਵੀ 40-50 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ, ਜਦਕਿ ਕੋਲਡ ਸਟੋਰ ਸਥਾਪਨਾ ’ਤੇ 35 ਫੀਸਦੀ ਤੱਕ ਸਹਾਇਤਾ ਦਿੱਤੀ ਜਾ ਰਹੀ ਹੈ।
ਬਲਜੀਤ ਸਿੰਘ ਨੇ ਅੱਗੇ ਦੱਸਿਆ ਕਿ ਮੌਜੂਦਾ ਸਕੀਮਾਂ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਕੁਝ ਨਵੀਆਂ ਸਕੀਮਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਮੁਤਾਬਕ ਤੁਪਕਾ ਸਿੰਚਾਈ ਅਧੀਨ ਨਵੇਂ ਬਾਗ ਲਗਾਉਣ ’ਤੇ 10,000 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਇਨਸੈਂਟਿਵ ਦਿੱਤਾ ਜਾਵੇਗਾ। ਇਹ ਇਨਸੈਂਟਿਵ ਮਾਇਕਰੋ ਇਰੀਗੇਸ਼ਨ ਸਕੀਮ ਅਧੀਨ ਸਬਸਿਡੀ ਲੈਣ ਵਾਲੇ ਬਾਗਬਾਨ ਵੀ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਲਈ ਬਾਗਾਂ ਹੇਠ ਰਕਬੇ ਦੀ ਕੋਈ ਵੱਧ ਤੋਂ ਵੱਧ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਮੰਡੀਕਰਣ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਨੂੰ ਇੱਕ ਵਾਰੀ ਵਰਤੋਂ ਯੋਗ ਪਲਾਸਟਿਕ ਕਰੇਟਾਂ ਅਤੇ ਡੱਬਿਆਂ ’ਤੇ 50 ਫੀਸਦੀ ਸਬਸਿਡੀ ਦੇਣ ਦੀ ਨਵੀਂ ਸਕੀਮ ਵੀ ਸ਼ੁਰੂ ਕੀਤੀ ਗਈ ਹੈ। ਬਾਗਬਾਨੀ ਫਸਲਾਂ ਦੀ ਕਾਸ਼ਤ ਕਰਨ ਵਾਲੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ ਵੱਖਰੇ ਤੌਰ ’ਤੇ ਬਜਟ ਰੱਖਿਆ ਗਿਆ ਹੈ, ਤਾਂ ਜੋ ਉਹ ਵੀ ਇਨ੍ਹਾਂ ਸਕੀਮਾਂ ਦਾ ਪੂਰਾ ਲਾਭ ਲੈ ਸਕਣ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬਾਗਬਾਨੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ, ਤਾਂ ਜੋ ਬਾਗਬਾਨੀ ਖੇਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਖੇਤੀ ਵਿਭਿੰਨਤਾ ਰਾਹੀਂ ਕਿਸਾਨਾਂ ਨੂੰ ਕਣਕ-ਝੋਨੇ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਕੱਢਿਆ ਜਾ ਸਕੇ। ਇਨ੍ਹਾਂ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਸਬੰਧਤ ਬਲਾਕ ਦੇ ਬਾਗਬਾਨੀ ਵਿਕਾਸ ਅਫਸਰਾਂ ਨਾਲ ਸੰਪਰਕ ਕਰ ਸਕਦੇ ਹਨ।