ਜ਼ਿਲ੍ਹਾ ਸੈਨਿਕ ਬੋਰਡ ਫਿਰੋਜ਼ਪੁਰ ਦੀ ਤਿਮਾਹੀ ਮੀਟਿੰਗ ਦਾ ਆਯੋਜਨ
ਫਿਰੋਜ਼ਪੁਰ 17 ਦਸੰਬਰ ( ) ਜ਼ਿਲ੍ਹਾ ਸੈਨਿਕ ਬੋਰਡ ਫਿਰੋਜ਼ਪੁਰ ਦੀ ਤਿਮਾਹੀ ਮੀਟਿੰਗ ਸਹਾਇਕ ਕਮਿਸ਼ਨਰ (ਯੂ.ਟੀ) ਰਾਜਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਕੱਤਰ ਜ਼ਿਲ੍ਹਾ ਸੈਨਿਕ ਬੋਰਡ, ਫਿਰੋਜ਼ਪੁਰ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ.) ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ.), ਵੱਲੋਂ ਸਾਰੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਗਿਆ ਅਤੇ ਵਿਭਾਗ ਦੀਆਂ ਵੱਖ ਵੱਖ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਮੌਜੂਦਾ ਵਿੱਤੀ ਸਾਲ ਦੌਰਾਨ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਅਧੀਨ 836 ਲਾਭਪਾਤਰਾਂ ਨੂੰ ਕੀਤੀ ਗਈ ਅਦਾਇਗੀ ਦਾ ਸਕੀਮ ਵਾਈਜ਼ ਵੇਰਵਾ ਦਿੱਤਾ ਅਤੇ ਹੋਰ ਕੀਤੇ ਗਏ ਕੰਮਾਂ ਦੀ ਜਾਣਕਾਰੀ ਵੀ ਦਿੱਤੀ।
ਇਸ ਦੌਰਾਨ ਸਹਾਇਕ ਕਮਿਸ਼ਨਰ (ਯੂ.ਟੀ) ਰਾਜਬੀਰ ਸਿੰਘ ਨੇ ਸਾਬਕਾ ਸੈਨਿਕਾਂ ਦੇ ਵੱਖ ਵਖ ਮੁੱਦਿਆਂ ਤੇ ਸਬੰਧਤ ਵਿਭਾਗਾਂ/ਅਦਾਰਿਆਂ ਨੂੰ ਜਲਦ ਬਣਦੀ ਕਾਰਵਾਈ ਕਰਨ ਲਈ ਕਿਹਾ ਅਤੇ ਸੈਨਿਕਾਂ/ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ/ਗੈਰ-ਸਰਕਾਰੀ ਅਦਾਰਿਆਂ ਵਿੱਚ ਮਾਣ-ਸਤਿਕਾਰ ਦੇਣ ਬਾਰੇ ਕਿਹਾ ਗਿਆ। ਇਸ ਤੋਂ ਇਲਾਵਾ ਫੌਜ਼ ਵਿੱਚ ਭਰਤੀ ਹੋਣ ਲਈ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਹਿੱਤ ਜ਼ੋਰ ਦੇਣ ਲਈ ਸਾਰਿਆਂ ਅਦਾਰਿਆਂ ਨੂੰ ਕਿਹਾ ਗਿਆ। ਇਸ ਦੇ ਨਾਲ ਹਥਿਆਰਬੰਦ ਸੈਨਾ ਝੰਡਾ ਦਿਵਸ ਵਿੱਚ ਦਿੱਤਾ ਜਾਣ ਵਾਲਾ ਚੰਦਾ ਸਮੇਂ ਸਿਰ ਜਮ੍ਹਾਂ ਕਰਵਾਉਣ ਹਿੱਤ ਪ੍ਰੇਰਿਤ ਵੀ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਜ਼ੀਰਾ, ਲੈਫਟੀਨੈਂਟ ਕਰਨਲ ਐਮ.ਪੀ ਸ਼ਰਮਾ, ਅਫਸਰ ਇੰਚਾਰਜ ਵੈਟਰਨ ਸਹਾਇਤਾ ਕੇਂਦਰ ਫਿਰੋਜ਼ਪੁਰ, ਗੀਤਾ ਮਹਿਤਾ ਐਲ.ਡੀ.ਐਮ ਫਿਰੋਜ਼ਪੁਰ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।


