ਵੋਟਾਂ ਦੀ ਗਿਣਤੀ ਲਈ ਵੱਖ-ਵੱਖ ਬਲਾਕਾਂ ਵਿੱਚ 8 ਗਿਣਤੀ ਕੇਂਦਰ ਸਥਾਪਿਤ ਕੀਤੇ - ਡਿਪਟੀ ਕਮਿਸ਼ਨਰ
ਤਰਨ ਤਾਰਨ, 16 ਦਸੰਬਰ ( ) - ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ 14 ਦਸੰਬਰ ਨੂੰ ਕਰਵਾਈਆਂ ਚੋਣਾਂ ਦਾ ਨਤੀਜਾ 17 ਦਸੰਬਰ 2026 ਨੂੰ ਐਲਾਨਿਆ ਜਾਵੇਗਾ। ਵੋਟਾਂ ਦੀ ਗਿਣਤੀ ਲਈ ਜ਼ਿਲਾ ਤਰਨ ਤਾਰਨ ਦੇ ਵੱਖ-ਵੱਖ ਬਲਾਕਾਂ ਵਿੱਚ 8 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ, ਸ੍ਰੀ ਰਾਹੁਲ, ਆਈਏਐਸ ਨੇ ਦੱਸਿਆ ਕਿ ਬੈਲਟ ਬਕਸਿਆਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਗਿਣਤੀ ਕੇਂਦਰਾਂ ਦੇ ਨਾਲ ਹੀ ਬਣੇ ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ ਅਤੇ 17 ਦਸੰਬਰ ਨੂੰ ਇੱਥੇ ਹੀ ਸਥਾਪਿਤ ਕੀਤੇ ਗਿਣਤੀ ਕੇਂਦਰਾਂ ਵਿੱਚ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।
ਜ਼ਿਲੇ ਵਿੱਚ ਸਥਾਪਿਤ ਕੀਤੇ ਗਿਣਤੀ ਕੇਂਦਰਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਤਰਨ ਤਾਰਨ ਦਾ ਗਿਣਤੀ ਕੇਂਦਰ ਸ੍ਰੀ ਗੁਰੂ ਅਰਜਨ ਦੇਵ ਕਾਲਜ, ਨੂਰਦੀ ਰੋਡ, ਤਰਨ ਤਾਰਨ ਵਿਖੇ ਬਣਾਇਆ ਗਿਆ ਹੈ। ਇਸੇ ਤਰ੍ਹਾਂ ਪੰਚਾਇਤ ਸੰਮਤੀ ਖਡੂਰ ਸਾਹਿਬ ਦਾ ਗਿਣਤੀ ਕੇਂਦਰ ਸ੍ਰੀ ਗੁਰੂ ਅੰਗਦ ਦੇਵ ਕਾਲਜ, (ਖੱਬਾ ਪਾਸਾ) ਖਡੂਰ ਸਾਹਿਬ, ਪੰਚਾਇਤ ਸੰਮਤੀ ਚੋਹਲਾ ਸਾਹਿਬ ਦਾ ਗਿਣਤੀ ਕੇਂਦਰ ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ, ਚੋਹਲਾ ਸਾਹਿਬ, ਪੰਚਾਇਤ ਸੰਮਤੀ ਨਾਗੋਕੇ ਦਾ ਗਿਣਤੀ ਕੇਂਦਰ ਸ੍ਰੀ ਗੁਰੂ ਅੰਗਦ ਦੇਵ ਕਾਲਜ (ਸੱਜਾ ਪਾਸਾ), ਖਡੂਰ ਸਾਹਿਬ, ਪੰਚਾਇਤ ਸੰਮਤੀ ਪੱਟੀ ਦਾ ਗਿਣਤੀ ਕੇਂਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਰਕਾਰੀ ਹਾਈ ਸਕੂਲ (ਲੜਕੇ) ਕੈਰੋਂ, ਪੰਚਾਇਤ ਸੰਮਤੀ ਨੌਸ਼ਹਿਰਾ ਪੰਨੂਆਂ ਦਾ ਗਿਣਤੀ ਕੇਂਦਰ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਸਰਹਾਲੀ ਕਲਾਂ, ਪੰਚਾਇਤ ਸੰਮਤੀ ਭਿੱਖੀਵਿੰਡ ਦਾ ਗਿਣਤੀ ਕੇਂਦਰ ਸਰਕਾਰੀ ਬਹੁ-ਤਕਨੀਕੀ ਕਾਲਜ ਅਤੇ ਪੰਚਾਇਤ ਸੰਮਤੀ ਵਲਟੋਹਾ ਦਾ ਗਿਣਤੀ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਆਦਰਸ਼, ਵਲਟੋਹਾ ਵਿਖੇ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਸਾਰੇ ਗਿਣਤੀ ਕੇਂਦਰਾਂ ਵਿੱਚ 17 ਦਸੰਬਰ 2025 ਨੂੰ ਸਵੇਰੇ 8:00 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਉਹਨਾਂ ਦੱਸਿਆ ਕਿ ਸਾਰੇ ਗਿਣਤੀ ਕੇਂਦਰਾਂ ਲਈ ਕਾਉਂਟਿੰਗ ਸਟਾਫ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਅਤੇ ਬਕਾਇਦਾ ਸਾਰੇ ਕਾਊਂਟਿੰਗ ਸਟਾਫ ਨੂੰ ਇਸ ਦੀ ਸਿਖਲਾਈ ਵੀ ਦਿੱਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਸਾਰੇ ਹੀ ਗਿਣਤੀ ਕੇਂਦਰਾਂ ਦੇ ਵਿੱਚ ਅਤੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤੇ ਪ੍ਰਬੰਧ ਕੀਤੇ ਗਏ ਹਨ।


