ਮਿਲਾਵਟੀ ਵਸਤਾਂ ਵਰਤਣ, ਖਰੀਦਣ ਤੇ ਵੇਚਣ ਵਾਲੇ ਖਿਲਾਫ਼ ਹੋਵੇਗੀ ਕਾਰਵਾਈ — ਡਾ. ਰਣਜੀਤ ਸਿੰਘ ਰਾਏ

ਮਿਲਾਵਟੀ ਵਸਤਾਂ ਵਰਤਣ, ਖਰੀਦਣ ਤੇ ਵੇਚਣ ਵਾਲੇ ਖਿਲਾਫ਼ ਹੋਵੇਗੀ ਕਾਰਵਾਈ — ਡਾ. ਰਣਜੀਤ ਸਿੰਘ ਰਾਏ

ਮਾਨਸਾ, 13 ਸਤੰਬਰ :
ਸਟੇਟ ਕਮਿਸ਼ਨਰ, ਫੂਡ ਅਤੇ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਸ੍ਰੀ ਦਿਲਰਾਜ਼ ਸਿੰਘ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਆਮ ਜਨਤਾ ਨੂੰ ਸੁੱਧ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਲਈ ਵਿੱਢੀ ਗਈ ਮੁਹਿੰਮ ਅਤੇ ਤਿਓਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਾਨਸਾ ਸ਼ਹਿਰ ਨਾਲ ਸਬੰਧਿਤ ਖਾਣ—ਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਹਲਵਾਈ ਯੂਨੀਅਨ, ਕਰਿਆਣਾ ਯੂਨੀਅਨ ਅਤੇ ਡੇਅਰੀ ਯੂਨੀਅਨ ਨਾਲ ਇੱਕ ਅਹਿਮ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸੈਮੀਨਾਰ ਨੂੰ ਸੰਬੋਧਿਨ ਕਰਦਿਆ ਡੈਜੀਗਨੇਟਿਡ ਅਫਸਰ (ਫੂਡ ਸੇਫਟੀ) ਡਾ. ਰਣਜੀਤ ਸਿੰਘ ਰਾਏ ਨੇ ਹਲਵਾਈਆਂ, ਕਰਿਆਣਾ ਅਤੇ ਡੇਅਰੀ ਵਾਲਿਆਂ ਨੂੰ ਖੋਆ, ਪਨੀਰ ਅਤੇ ਹੋਰ ਮਠਿਆਈਆ ਆਦਿ ਆਪਣੇ ਅਦਾਰੇ ਦੇ ਅੰਦਰ ਹੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾ ਕਿਹਾ ਕਿ ਮਠਿਆਈਆਂ ਆਦਿ ਬਣਾਉਣ ਲਈ ਮਿਆਰੀ ਖਾਦ—ਪਦਾਰਥਾਂ ਦੀ ਵਰਤੋਂ ਕੀਤੀ ਜਾਵੇ ਅਤੇ ਜੇਕਰ ਲੋੜ ਪੈਦੀ ਹੈ ਤਾਂ ਸਿਰਫ ਫੂਡ ਕਲਰ ਦੀ ਵਰਤੋਂ ਹੀ ਸੀਮਤ ਮਾਤਰਾ ਵਿੱਚ ਕੀਤੀ ਜਾਵੇ।ਇਸੇ ਤਰ੍ਹਾ ਜੇਕਰ ਲੋੜ ਹੋਵੇ ਤਾਂ ਕੇਵਲ ਸੁੱਧ ਚਾਂਦੀ ਦੇ ਵਰਕ ਦੀ ਹੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਕੋਲਡ ਸਟੋਰਾਂ ਵਿੱਚ ਖੋਆ ਅਤੇ ਹੋਰ ਮਠਿਆਈਆਂ ਨੂੰ ਸਟੋਰ ਨਾ ਕੀਤਾ ਜਾਵੇ।ਜੇਕਰ ਸੀਮਤ ਸਮੇਂ ਲਈ ਮਠਿਆਈਆ ਜਾ ਖੋਆ ਸਟੋਰ ਕਰਨਾ ਹੈ ਤਾਂ ਆਪਣੇ ਖੁਦ ਦੇ ਅਦਾਰੇ ਅੰਦਰ ਬਣੇ ਚੈਂਬਰ ਵਿੱਚ ਸਟੋਰ ਕੀਤਾ ਜਾ ਸਕਦਾ ਹੈ।
ਡਾ. ਰਾਏ ਨੇ ਸਮੂਹ ਹਲਵਾਈਆਂ, ਕਰਿਆਣਾ ਅਤੇ ਡੇਅਰੀ ਵਾਲਿਆਂ ਤੋਂ ਸਹਿਯੋਗ ਦੀ ਮੰਗ ਕੀਤੀ, ਤਾਂ ਜੋ ਤਿਉਹਾਰ ਦੇ ਸੀਜਨ ਦੌਰਾਨ ਸੁੱਧ ਅਤੇ ਮਿਲਾਵਟ ਰਹਿਤ ਮਠਿਆਈਆਂ ਅਤੇ ਹੋਰ ਖੁਰਾਕ ਆਮ ਲੋਕਾਂ ਨੂੰ ਮੁਹੱਈਆਂ ਕਰਵਾਈ ਜਾ ਸਕੇ।ਫੂਡ ਸੇਫਟੀ ਅਫਸਰ ਸ੍ਰੀ ਅਮਰਿੰਦਰਪਾਲ ਸਿੰਘ ਨੇ ਦੱਸਿਆ ਕਿ ਮਿਲਾਵਟੀ ਮਠਿਆਈਆ ਦੇ ਕੰਟਰੋਲ ਲਈ ਸਪੈਸ਼ਲ ਨਾਕੇ ਵੀ ਲਗਾਏ ਜਾਣਗੇ ਅਤੇ ਕੋਲਡ ਸਟੋਰਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਵੇਗੀ ਅਤੇ ਹਾਜ਼ਰ ਕਮੇਟੀ ਮੈਂਬਰਾਂ ਨੂੰ ਖਾਣ—ਪੀਣ ਵਾਲੀਆਂ ਵਸਤਾਂ ਦੀ ਸਾਫ—ਸਫਾਈ, ਅਦਾਰਿਆਂ ਦੇ ਲਾਇਸੈਂਸ/ਰਜਿਸਟ੍ਰੇਸ਼ਨ ਸਬੰਧੀ, ਆਦਰਿਆਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਹਦਾਇਤ ਜਾਰੀ ਕੀਤੀ।
ਇਸ ਮੌਕੇ ਸ੍ਰੀ ਸ਼ਾਮ ਲਾਲ ਪ੍ਰਧਾਨ ਹਲਵਾਈ ਯੂਨੀਅਨ, ਸ੍ਰੀ ਸੁਰੇਸ਼ ਨੰਦਗੜੀਆ ਪ੍ਰਧਾਨ ਕਰਿਆਣਾ ਯੂਨੀਅਨ ਅਤੇ ਅਸ਼ੋਕ ਕੁਮਾਰ ਪ੍ਰਧਾਨ ਡੇਅਰੀ ਯੂਨੀਅਨ ਤੋਂ ਇਲਾਵਾ ਹੋਰ ਵੀ ਦੁਕਾਨਦਾਰ ਮੌਜੂਦ ਸਨ।