ਬਰਸਾਤੀ ਮੌਸਮ 'ਚ ਡੇਂਗੂ, ਮਲੇਰੀਆ ਤੇ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਜ਼ਰੂਰੀ: ਸਿਵਲ ਸਰਜਨ
By NIRPAKH POST
On
ਬਰਨਾਲਾ, 13 ਸਤੰਬਰ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਬਰਸਾਤੀ ਸੀਜ਼ਨ 'ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਿਲ੍ਹਾ ਬਰਨਾਲਾ ਨਿਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਵੱਲੋਂ ਕੀਤਾ ਗਿਆ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੀਂਹ, ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਸਲੱਮ ਏਰੀਆ ਵਿੱਚ ਡੇਂਗੂ, ਮਲੇਰੀਆ ਅਤੇ ਦੂਸ਼ਿਤ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਓਨ੍ਹਾਂ ਦੱਸਿਆ ਕਿ ਬਰਸਾਤ ਦੇ ਮੌਸਮ 'ਚ ਮੀਂਹ ਦਾ ਪਾਣੀ ਗਲੀਆਂ ਨਾਲੀਆਂ ਵਿੱਚ ਇਕੱਠਾ ਹੋਣ ਕਾਰਨ ਕਈ ਵਾਰ ਪੀਣ ਵਾਲੇ ਪਾਣੀ ਦੇ ਸਾਧਨ 'ਚ ਮਿਲ ਜਾਣ ਕਾਰਨ ਦਸਤ, ਉਲਟੀਆਂ ਅਤੇ ਹੈਪੇਟਾਇਟਸ ਪੀਲੀਆ ਵਰਗੀਆਂ ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਅਤੇ ਘਰਾਂ, ਦੁਕਾਨਾਂ, ਹੋਰ ਥਾਵਾਂ 'ਤੇ ਗਮਲੇ, ਕੂਲਰ, ਟਾਇਰ, ਘੜੇ , ਫਰਿੱਜ ਦੀ ਬੈਕ ਟਰੇਅ, ਖੇਲਾਂ ਆਦਿ ਵਿੱਚ ਜ਼ਿਆਦਾ ਦਿਨ ਖੜ੍ਹ ਜਾਣ ਕਾਰਨ ਮੱਛਰ ਪੈਦਾ ਹੋ ਜਾਂਦਾ ਹੈ ਜਿਸ ਕਾਰਨ ਡੇਂਗੂ, ਮਲੇਰੀਆ ਫੈਲਦਾ ਹੈ। ਮਲੇਰੀਆ, ਡੇਂਗੂ ਤੋਂ ਬਚਾਅ ਲਈ ਖੜ੍ਹੇ ਪਾਣੀ ਦੇ ਸੋਮੇ ਨਸ਼ਟ ਕਰਕੇ ਜਾਂ ਕਾਲਾ ਤੇਲ ਪਾ ਕੇ ਹਫਤੇ 'ਚ ਇੱਕ ਦਿਨ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਖੁਸ਼ਕ ਦਿਨ (ਡਰਾਈ ਡੇ ਫਰਾਈ ਡੇ) ਵਜੋਂ ਮਨਾ ਕੇ ਸਾਰੇ ਪਾਣੀ ਵਾਲੇ ਬਰਤਨਾਂ ਨੂੰ ਸੁਕਾਉਣਾ ਚਾਹੀਦਾ ਹੈ।
ਇਸ ਮੌਕੇ ਗੁਰਮੇਲ ਸਿੰਘ ਢਿੱਲੋਂ , ਸੁਰਿੰਦਰ ਸਿੰਘ ਗੁਰਪ੍ਰੀਤ ਸਿੰਘ ਅਤੇ ਰਾਜ ਕੁਮਾਰ ਸਿਹਤ ਸੁਪਰਵਾਈਜ਼ਰ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਦਸਤ, ਉਲਟੀਆਂ,ਕਾਂਬੇ ਨਾਲ ਬੁਖਾਰ,ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਚ ਦਰਦ, ਮਾਸ ਪੇਸ਼ੀਆਂ 'ਚ ਦਰਦ, ਸਰੀਰ ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮੂੰਹ 'ਚੋਂ ਖੂਨ ਆਉਣਾ ਆਦਿ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ।
ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਕਿ ਬਰਸਾਤ ਕਾਰਨ ਖੁੱਡਾਂ ਵਿੱਚ ਪਾਣੀ ਭਰ ਜਾਣ ਕਾਰਨ ਸੱਪ ਜਾਂ ਹੋਰ ਜ਼ਹਿਰੀਲੇ ਜਾਨਵਰ ਬਾਹਰ ਨਿਕਲ ਸਕਦੇ ਹਨ ਜੋ ਘਰ ਦੇ ਕੋਨੇ 'ਚ, ਘਰਾਂ ਦੇ ਬਾਹਰ ਅਤੇ ਫਸਲਾਂ 'ਚ ਰਹਿੰਦੇ ਹਨ ਜੋ ਕਿਸੇ ਵੀ ਸਮੇਂ ਕੱਟ ਸਕਦੇ ਹਨ ਤਾਂ ਤੁਰੰਤ ਕੱਟੇ ਹੋਏ ਸਰੀਰ ਨੂੰ ਸਾਬਣ ਪਾਣੀ ਨਾਲ ਸਾਫ ਕਰਨਾ ਚਾਹੀਦਾ ਹੈ ਅਤੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ, ਐਸ ਡੀ ਐਚ ਤਪਾ, ਸੀ ਐਚ ਸੀ ਧਨੌਲਾ, ਮਹਿਲ ਕਲਾਂ ਵਿਖੇ ਪਹੁੰਚ ਕੀਤੀ ਜਾ ਸਕਦੀ ਹੈ। ਘਰੇਲੂ ਉਪਚਾਰ ਜਾਂ ਕੋਈ ਦੇਸੀ ਇਲਾਜ ਕਰਾਉਣਾ ਜਾਨਲੇਵਾ ਹੋ ਸਕਦਾ ਹੈ।