ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰ ਤੇ ਸਮਾਜਸੇਵੀਆਂ ਦੇ ਯਤਨਾਂ ਨਾਲ ਆਈ ਰਾਹਤ, ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਨਿਭਾਈ ਮੁੱਖ ਭੂਮਿਕਾ

ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰ ਤੇ ਸਮਾਜਸੇਵੀਆਂ ਦੇ ਯਤਨਾਂ ਨਾਲ ਆਈ ਰਾਹਤ, ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਨਿਭਾਈ ਮੁੱਖ ਭੂਮਿਕਾ

ਫਾਜ਼ਿਲਕਾ ਜ਼ਿਲ੍ਹੇ ਵਿੱਚ ਹਾਲ ਦੇ ਹੜ੍ਹਾਂ ਨੇ ਆਮ ਲੋਕਾਂ ਨੂੰ ਬਹੁਤ ਮੁਸ਼ਕਲ ਵਿੱਚ ਪਾਇਆ ਹੈ। ਪਾਣੀ ਦੇ ਤੇਜ਼ ਵਹਾਅ ਤੇ ਲਗਾਤਾਰ ਮੀਂਹ ਕਰਕੇ ਪਿੰਡਾਂ ਤੇ ਪੰਚਾਇਤਾਂ ਪਾਣੀ ਵਿੱਚ ਡੁੱਬ ਗਈਆ, ਜਿਸ ਨਾਲ ਪਿੰਡਾਂ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਨੇ ਹਾਲਤ ਕਾਬੂ ਕਰਨ ਲਈ ਦਿਨ-ਰਾਤ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮੁਸੀਬਤ ਦੇ ਸਮੇਂ ਸਰਕਾਰ ਤੇ ਸਮਾਜਸੇਵੀ ਸੰਗਠਨਾਂ ਨੇ ਮਿਲ ਕੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

ਫਾਜ਼ਿਲਕਾ ਵਿਧਾਨਸਭਾ ਖੇਤਰ ਵਿੱਚ ਕੁੱਲ 12 ਪਿੰਡ ਤੇ 20 ਪੰਚਾਇਤਾਂ ਪੂਰੀ ਤਰ੍ਹਾਂ ਹੜ੍ਹ ਦੀ ਲਪੇਟ ਵਿੱਚ ਆ ਗਈਆਂ ਹਨ। ਖੇਤਾਂ ਵਿੱਚ ਖੜ੍ਹੀ ਫਸਲ ਨਸ਼ਟ ਹੋ ਗਈ ਅਤੇ ਘਰਾਂ ਦੇ ਨਾਲ-ਨਾਲ ਸੜਕਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਨੇ ਖੁਦ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਹਰ ਪੱਧਰ ’ਤੇ ਪ੍ਰਸ਼ਾਸਨ ਨੂੰ ਦਿਸ਼ਾ-ਨਿਰਦੇਸ਼ ਦੇ ਕੇ, ਰਾਹਤ ਕਾਰਜਾਂ ਨੂੰ ਤੇਜ਼ੀ ਨਾਲ ਸੰਭਾਲਿਆ ਅਤੇ ਲੋਕਾਂ ਦੀ ਤੁਰੰਤ ਮਦਦ ਵੀ ਕੀਤੀ।

ਪੰਜਾਬ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਭਾਰੀ ਮੀਂਹ ਅਤੇ ਵਧਦੇ ਪਾਣੀ ਨਾਲ ਜੂਝ ਰਹੇ ਪਰਿਵਾਰਾਂ ਨੂੰ ਜ਼ਰੂਰੀ ਰਾਹਤ ਸਮੱਗਰੀ ਦਿੱਤੀ। ਮੰਤਰੀ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਮ ਹਾਲਤ ਬਹਾਲ ਕਰਨ ਵਿੱਚ ਸਰਕਾਰ ਦੇ ਲਗਾਤਾਰ ਸਹਿਯੋਗ ਦਾ ਭਰੋਸਾ ਦਿੱਤਾ। ਰਾਹਤ ਮੁਹਿੰਮ ਦੇ ਤਹਿਤ ਖਾਣ ਦੇ ਪੈਕੇਟ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦਿੱਤੀਆਂ ਗਈਆਂ। ਕਈ ਪਿੰਡਾਂ ਦੇ ਪਾਣੀ ਵਿੱਚ ਡੁੱਬਣ ਅਤੇ ਖੇਤੀ ਜ਼ਮੀਨ ਖਰਾਬ ਹੋਣ ਕਰਕੇ, ਰਾਜ ਸਰਕਾਰ ਨੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸਹਾਇਤਾ ਅਤੇ ਲੰਬੇ ਸਮੇਂ ਦੇ ਪੁਨਰਵਾਸ ਦੇਣ ਦੇ ਯਤਨ ਵੀ ਤੇਜ਼ ਕਰ ਦਿੱਤੇ ਹਨ।

ਸਿਹਤ ਸੇਵਾਵਾਂ ਨੂੰ ਪ੍ਰਸ਼ਾਸਨ ਵੱਲੋਂ ਪਹਿਲ ਦਿੱਤੀ ਗਈ ਹੈ ਕਿਉਂਕਿ ਹੜ੍ਹ ਦੇ ਬਾਅਦ ਬੀਮਾਰੀਆਂ ਤੇਜ਼ੀ ਨਾਲ ਫੈਲਣ ਦਾ ਖਤਰਾ ਰਹਿੰਦਾ ਹੈ। ਇਸੇ ਲਈ ਜ਼ਿਲ੍ਹੇ ਵਿੱਚ ਚੌਵੀ ਘੰਟੇ ਸਰਗਰਮ ਰਹਿਣ ਵਾਲੀਆਂ ਅੱਠ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਪਿੰਡ-ਪਿੰਡ ਜਾ ਕੇ ਮਰੀਜ਼ਾਂ ਨੂੰ ਦਵਾਈਆਂ ਅਤੇ ਜ਼ਰੂਰੀ ਇਲਾਜ ਮੁਹੱਈਆ ਕਰਵਾ ਰਹੀਆਂ ਹਨ। ਇਸ ਤੋਂ ਇਲਾਵਾ, ਰਾਹਤ ਕੈਂਪਾਂ ਵਿੱਚ 26 ਹੋਰ ਮੈਡੀਕਲ ਟੀਮਾਂ ਲਗਾਤਾਰ ਲੋਕਾਂ ਦੀ ਦੇਖਭਾਲ ਕਰ ਰਹੀਆਂ ਹਨ, ਤਾਂ ਜੋ ਕੋਈ ਵੀ ਪਰਿਵਾਰ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹਿ ਸਕੇ।

ਹੜ੍ਹ ਦੇ ਦਰਮਿਆਨ ਕਈ ਦੁਖਦਾਈ ਘਟਨਾਵਾਂ ਵੀ ਸਾਹਮਣੇ ਆਈਆਂ ਪਰ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਕੇ ਹਾਲਤ ਸੰਭਾਲੀ। ਇੱਕ ਇਲਾਕੇ ਵਿੱਚ ਕੰਧ ਡਿੱਗਣ ਨਾਲ ਚਾਰ ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾ ਕੇ ਇਲਾਜ ਮੁਹੱਈਆ ਕਰਵਾਇਆ ਗਿਆ। ਇਸੇ ਤਰ੍ਹਾਂ ਕਰੰਟ ਲੱਗਣ ਦੀ ਘਟਨਾ ਵੀ ਹੋਈ, ਪਰ ਸਮੇਂ ’ਤੇ ਲੋਕਾਂ ਦੀ ਚੌਕਸੀ ਨਾਲ ਪੀੜਤ ਨੂੰ ਬਚਾ ਲਿਆ ਗਿਆ। ਇੱਕ ਬੱਚਾ ਫਿਸਲ ਕੇ ਪਾਣੀ ਵਿੱਚ ਡਿੱਗ ਪਿਆ ਅਤੇ ਉਸਦੀ ਤਬੀਅਤ ਖਰਾਬ ਹੋ ਗਈ ਸੀ, ਪਰ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਵੀ ਸਮੇਂ ’ਤੇ ਇਲਾਜ ਮਿਲ ਗਿਆ ਅਤੇ ਉਸਦੀ ਜਾਨ ਬਚਾਈ ਜਾ ਸਕੀ।

ਪ੍ਰਭਾਵਿਤ ਇਲਾਕਿਆਂ ਵਿੱਚ ਹੜ੍ਹ ਦੇ ਦੌਰਾਨ ਚਾਰ ਔਰਤਾਂ ਦੀ ਸੁਰੱਖਿਅਤ ਡਿਲੀਵਰੀ ਵੀ ਕਰਵਾਈ ਗਈ ਹੈ। ਇਨ੍ਹਾਂ ਵਿੱਚੋਂ ਇੱਕ ਔਰਤ ਅੱਜ ਵੀ ਸਲੇਮਪੁਰ ਰਾਹਤ ਕੈਂਪ ਵਿੱਚ ਰਹਿ ਰਹੀ ਹੈ, ਜਿੱਥੇ ਮਾਂ ਅਤੇ ਨਵਜੰਮਿਆ ਬੱਚਾ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਹ ਪ੍ਰਸ਼ਾਸਨ ਦੇ ਤੁਰੰਤ ਬਚਾਅ ਕਾਰਜਾਂ ਅਤੇ ਮੈਡੀਕਲ ਟੀਮਾਂ ਦੇ ਅਥਾਹ ਯਤਨਾਂ ਦਾ ਨਤੀਜਾ ਹੈ ਕਿ ਸੰਕਟਕਾਲੀ ਸਥਿਤੀਆਂ ਦੇ ਬਾਵਜੂਦ ਵੀ ਮਾਵਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਿਆ।

ਹੜ੍ਹ ਪ੍ਰਭਾਵਿਤ ਪਰਿਵਾਰਾਂ ਤੱਕ ਜ਼ਰੂਰੀ ਚੀਜ਼ਾਂ ਪਹੁੰਚਾਉਣਾ ਵੀ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਸੀ। ਭਾਰੀ ਪਾਣੀ ਅਤੇ ਖਰਾਬ ਰਸਤਿਆਂ ਦੇ ਬਾਵਜੂਦ ਲਗਾਤਾਰ ਯਤਨਾਂ ਨਾਲ ਲਗਭਗ 3800 ਪਰਿਵਾਰਾਂ ਤੱਕ ਇੱਕ ਹੀ ਚੱਕਰ ਵਿੱਚ ਰਾਸ਼ਨ ਅਤੇ ਜ਼ਰੂਰੀ ਸਮੱਗਰੀ ਪਹੁੰਚਾ ਦਿੱਤੀ ਗਈ। ਇਸ ਨਾਲ ਲੋਕਾਂ ਨੂੰ ਭੋਜਨ ਅਤੇ ਰਾਹਤ ਦੋਵੇਂ ਮਿਲ ਸਕੇ, ਜਿਸ ਨਾਲ ਘਬਰਾਹਟ ਅਤੇ ਬੇਚੈਨੀ ਦੀ ਸਥਿਤੀ ਵਿੱਚ ਵੀ ਉਨ੍ਹਾਂ ਨੂੰ ਰਾਹਤ ਮਹਿਸੂਸ ਹੋਈ।

ਇਸ ਸੰਕਟ ਦੀ ਘੜੀ ਵਿੱਚ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਵੀ ਸ਼ਲਾਘਾਯੋਗ ਯੋਗਦਾਨ ਦਿੱਤਾ। ਉਨ੍ਹਾਂ ਨੇ ਖੁਦ ਰਾਹਤ ਕਾਰਜਾਂ ਦੀ ਕਮਾਨ ਸੰਭਾਲੀ ਅਤੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਤੱਕ ਮਦਦ ਪਹੁੰਚਾਈ। ਉਹ ਸਿਰਫ ਰਾਸ਼ਨ ਅਤੇ ਦਵਾਈਆਂ ਵੰਡਣ ਤੱਕ ਸੀਮਤ ਨਹੀਂ ਰਹੇ ਬਲਕਿ ਖੇਤਰ ਦੇ ਨੌਜਵਾਨਾਂ ਨੂੰ ਵੀ ਇਸ ਸੇਵਾ ਕਾਰਜ ਵਿੱਚ ਜੋੜਿਆ, ਜਿਸ ਨਾਲ ਰਾਹਤ ਕਾਰਜਾਂ ਵਿੱਚ ਤੇਜ਼ੀ ਆਈ। ਉਨ੍ਹਾਂ ਦੀ ਇਹ ਪਹਿਲ ਨਾ ਕੇਵਲ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਵਾਲੀ ਰਹੀ ਬਲਕਿ ਹੜ੍ਹ ਪ੍ਰਭਾਵਿਤ ਲੋਕਾਂ ਲਈ ਵੀ ਵੱਡੀ ਰਾਹਤ ਲੈ ਕੇ ਆਈ।

ਸਰਕਾਰ ਅਤੇ ਸਮਾਜਸੇਵੀਆਂ ਦੇ ਇਹ ਸਾਂਝੇ ਯਤਨ ਦੱਸਦੇ ਹਨ ਕਿ ਜਦੋਂ ਮੁਸ਼ਕਲ ਹਾਲਤਾਂ ਸਾਹਮਣੇ ਆਉਂਦੀਆਂ ਹਨ, ਤਾਂ ਪ੍ਰਸ਼ਾਸਨਿਕ ਤਾਕਤ ਅਤੇ ਸਮਾਜਿਕ ਸਹਿਯੋਗ ਮਿਲ ਕੇ ਵੱਡੀ ਤੋਂ ਵੱਡੀ ਆਫਤ ਦਾ ਸਾਮਣਾ ਕਰ ਸਕਦੇ ਹਨ। ਮੁੱਖ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਜ਼ਮੀਨੀ ਪੱਧਰ ’ਤੇ ਅਧਿਕਾਰੀ ਹਰ ਸਮੱਸਿਆ ’ਤੇ ਨਜ਼ਰ ਬਣਾਏ ਹੋਏ ਹਨ। ਅਜਿਹੇ ਵਿੱਚ ਫਾਜ਼ਿਲਕਾ ਦੇ ਲੋਕ ਹੌਲੀ-ਹੌਲੀ ਆਮ ਜਿੰਦਗੀ ਵੱਲ ਵਾਪਸ ਜਾ ਰਹੇ ਹਨ ਅਤੇ ਉਮੀਦ ਕਰ ਰਹੇ ਹਨ ਕਿ ਇਹ ਸੰਕਟ ਵੀ ਹੁਣ ਜਲਦੀ ਹੀ ਪਿੱਛੇ ਰਹਿ ਜਾਵੇਗਾ।