ਡਿਪਟੀ ਕਮਿਸ਼ਨਰ ਨੇ ਪਰਾਲੀ ਪ੍ਰਬੰਧਨ ਲੱਕੀ ਡਰਾਅ ਦੇ ਜੇਤੂ ਕਿਸਾਨਾਂ ਨੂੰ ਸਰਟੀਫ਼ਿਕੇਟ ਦਿੱਤੇYour Title

ਡਿਪਟੀ ਕਮਿਸ਼ਨਰ ਨੇ ਪਰਾਲੀ ਪ੍ਰਬੰਧਨ ਲੱਕੀ ਡਰਾਅ ਦੇ ਜੇਤੂ ਕਿਸਾਨਾਂ ਨੂੰ ਸਰਟੀਫ਼ਿਕੇਟ ਦਿੱਤੇYour Title

ਬਰਨਾਲਾ, 17 ਜਨਵਰੀ
  ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਵੱਲੋਂ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਗਏ ਲੱਕੀ ਡਰਾਅ (ਪਰਾਲੀ) ਦੇ ਛੇਵੇਂ ਅਤੇ ਸੱਤਵੇਂ ਡਰਾਅ ਤਹਿਤ ਜੇਤੂ ਕਿਸਾਨਾਂ ਨੂੰ ਸਰਟੀਫ਼ਿਕੇਟ ਦਿੱਤੇ ਗਏ। 
  ਇਸ ਦੌਰਾਨ ਜ਼ਿਲ੍ਹੇ ਦੇ ਵੱਖ—ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਭਾਗ ਲਿਆ। ਇਸ ਲੱਕੀ ਡਰਾਅ ਵਿੱਚ ਪਹਿਲਾਂ ਇਨਾਮ 20,000/- ਰੁਪਏ, ਦੂਸਰਾ ਇਨਾਮ 15,000/- ਰੁਪਏ, ਤੀਸਰਾ ਇਨਾਮ 10,000/- ਰੁਪਏ ਅਤੇ ਬਾਕੀ 22 ਕਿਸਾਨਾਂ ਨੂੰ 2500/- , 2500/- ਰੁਪਏ ਦਿੱਤੇ ਗਏ। 
  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ 7 ਲੱਕੀ ਡਰਾਅ (ਪਰਾਲੀ) ਰੱਖੇ ਗਏ ਸਨ, ਜਿਨ੍ਹਾਂ ਦੇ ਡਰਾਅ ਕੱਢੇ ਜਾ ਚੁੱਕੇ ਹਨ ਤੇ 175 ਕਿਸਾਨਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਇਨਾਮੀ ਰਾਸ਼ੀ ਦਿੱਤੀ ਜਾ ਚੁੱਕੀ ਹੈ। 
  ਇਸ ਦੌਰਾਨ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਆਪਣੇ ਤਜ਼ੁਰਬੇ ਸਾਂਝੇ ਕੀਤੇ ਗਏ ਅਤੇ ਦੱਸਿਆ ਕਿ ਪਰਾਲੀ ਨੂੰ ਨਾ ਸਾੜ ਕੇ ਇਸ ਦਾ ਖੇਤਾਂ ਵਿੱਚ ਹੀ ਪ੍ਰਬੰਧ ਕਰਨ ਨਾਲ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ, ਖੇਤੀਬਾੜੀ ਖਰਚਿਆਂ ਵਿੱਚ ਕਮੀ ਅਤੇ ਵਾਤਾਵਰਣ ਦੀ ਸੁਰੱਖਿਆ ਹੁੰਦੀ ਹੈ।
  ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸਾਲ 2026 ਵਿੱਚ ਪਰਾਲੀ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਕਿਸਾਨਾਂ ਤੋਂ ਕੀਮਤੀ ਸੁਝਾਅ ਮੰਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨਾ ਸਾੜਨ ਦੀ ਮੁਹਿੰਮ ਭਵਿੱਖ ਵਿੱਚ ਵੀ ਪੂਰੀ ਗੰਭੀਰਤਾ ਨਾਲ ਜਾਰੀ ਰਹੇਗੀ।
  ਉਨ੍ਹਾਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਿਸਾਨ ਹੋਰਨਾ ਕਿਸਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਹਨ ਅਤੇ ਸਾਂਝੇ ਉਪਰਾਲਿਆਂ ਨਾਲ ਹੀ ਸਾਫ਼ ਵਾਤਾਵਰਣ ਅਤੇ ਟਿਕਾਊ ਖੇਤੀ ਸੰਭਵ ਹੈ।
  ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਐਗਰੀਸਟੈਕ ਫ਼ਾਰਮਰ ਰਜ਼ਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਹਰ ਕਿਸਾਨ ਲਈ ਇੱਕ ਯੂਨੀਕ ਫ਼ਾਰਮਰ ਆਈ.ਡੀ ਤਿਆਰ ਕੀਤੀ ਜਾ ਰਹੀ ਹੈ, ਜਿਸ ਰਾਹੀਂ ਕਿਸਾਨਾਂ ਨੂੰ ਸਰਕਾਰੀ ਸਕੀਮਾਂ, ਸਬਸਿਡੀਆਂ, ਫ਼ਸਲ ਬੀਮਾ ਅਤੇ ਹੋਰ ਖੇਤੀਬਾੜੀ ਦੇ ਲਾਭ ਸਿੱਧੇ ਅਤੇ ਪਾਰਦਰਸ਼ੀ ਢੰਗ ਨਾਲ ਮਿਲਣਗੇ।
  ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਨਾਲ ਸੰਪਰਕ ਕਰਕੇ ਆਪਣੀ ਰਜਿਸਟ੍ਰੇਸ਼ਨ ਸਮੇਂ ਸਿਰ ਕਰਵਾਉਣ ਅਤੇ ਇਸ ਮਹੱਤਵਪੂਰਨ ਪਹਿਲ ਦਾ ਪੂਰਾ ਲਾਭ ਉਠਾਉਣ।
  ਇਸ ਮੌਕੇ ਡਾ. ਅਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ, ਸੁਨੀਤਾ ਰਾਣੀ, ਨੋਡਲ ਅਫ਼ਸਰ ਪਰਾਲੀ, ਅਮਨਦੀਪ ਕੌਰ ਏ ਐਸ ਆਈ, ਮਨਦੀਪ ਸਿੰਘ ਏ ਈ ਓ, ਸਤਨਾਮ ਸਿੰਘ, ਕੁਲਵੀਰ ਸਿੰਘ ਏ ਟੀ ਐਮ ਤੋਂ ਇਲਾਵਾ ਕਿਸਾਨ ਹਾਜ਼ਰ ਸਨ।