ਪੰਜਾਬ ਦੇ ਸਿਹਤ ਮੰਤਰੀ ਨੇ ਤੰਬਾਕੂ ਵਿਰੁੱਧ ਇੱਕਜੁੱਟ ਹੋ ਕੇ ਮੁਹਿੰਮ ਸ਼ੁਰੂ ਕਰਨ ਦਾ ਦਿੱਤਾ ਸੱਦਾ, ਨੌਜਵਾਨਾਂ ਨੂੰ ਮੁਹਿੰਮ ਦੀ ਅਗਵਾਈ ਕਰਨ ਦੀ ਕੀਤੀ ਅਪੀਲ

ਪੰਜਾਬ ਦੇ ਸਿਹਤ ਮੰਤਰੀ ਨੇ ਤੰਬਾਕੂ ਵਿਰੁੱਧ ਇੱਕਜੁੱਟ ਹੋ ਕੇ ਮੁਹਿੰਮ ਸ਼ੁਰੂ ਕਰਨ ਦਾ ਦਿੱਤਾ ਸੱਦਾ, ਨੌਜਵਾਨਾਂ ਨੂੰ ਮੁਹਿੰਮ ਦੀ ਅਗਵਾਈ ਕਰਨ ਦੀ ਕੀਤੀ ਅਪੀਲ

ਚੰਡੀਗੜ੍ਹ, 16 ਜਨਵਰੀ:

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸੂਬੇ ਦੇ ਨੌਜਵਾਨਾਂ ਨੂੰ ਸਿਹਤਮੰਦ ਭਵਿੱਖ ਦੇ ਨਿਰਮਾਤਾ ਦੱਸਦਿਆਂ ਤੰਬਾਕੂ ਵਿਰੁੱਧ ਇੱਕਜੁੱਟ ਹੋਣ ਅਤੇ ਇਸ ਵਿਰੁੱਧ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ।

ਅੱਜ ਇੱਥੇ ਪੰਜਾਬ ਯੂਨੀਵਰਸਿਟੀ ਵਿਖੇ "ਬਿਲਡਿੰਗ ਏ ਤੰਬਾਕੂ-ਫਰੀ ਜਨਰੇਸ਼ਨ ਥਰੋ ਪ੍ਰਮੋਸ਼ਨ, ਅਡੈਪਟੇਸ਼ਨ ਐਂਡ ਇੰਪਲੀਮੈਂਟੇਸ਼ਨ ਆਫ ਨਿਊ ਇੰਨੀਸ਼ੀਏਟਿਵ" ਸਿਰਲੇਖ ਹੇਠ ਕਰਵਾਏ ਯੂਥ ਕਨਕਲੇਵ ਦੀ ਪ੍ਰਧਾਨਗੀ ਕਰਦਿਆਂ, ਸਿਹਤ ਮੰਤਰੀ ਨੇ ਵਿਦਿਆਰਥੀਆਂ ਅਤੇ ਨੌਜਵਾਨ ਆਗੂਆਂ ਨੂੰ ਰੋਲ ਮਾਡਲ ਬਣਨ ਅਤੇ ਕੈਂਪਸਾਂ ਤੋਂ ਲੈ ਕੇ ਭਾਈਚਾਰਿਆਂ ਅਤੇ ਡਿਜੀਟਲ ਪਲੇਟਫਾਰਮਾਂ ਤੱਕ ਤੰਬਾਕੂ ਕੰਟਰੋਲ ਦੀ ਲਹਿਰ ਨੂੰ ਅੱਗੇ ਵਧਾਉਣ ਲਈ ਕਿਹਾ। ਉਨ੍ਹਾਂ ਕਿਹਾ, "ਪੰਜਾਬ ਦੀ ਤਾਕਤ ਇਸ ਦੀ ਜਵਾਨੀ ਵਿੱਚ ਹੈ। ਜਦੋਂ ਨੌਜਵਾਨ ਤੰਬਾਕੂ ਨੂੰ ਦਰਕਿਨਾਰ ਕਰਦੇ ਹਨ ਤਾਂ ਸੂਬੇ ਦਾ ਭਵਿੱਖ ਆਪਣੇ ਆਪ ਸਿਹਤਮੰਦ, ਮਜ਼ਬੂਤ ਅਤੇ ਵਧੇਰੇ ਉਸਾਰੂ ਬਣ ਜਾਂਦਾ ਹੈ।"

ਇਹ ਸੰਮੇਲਨ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ (ਜੀਐਸਏ) ਵੱਲੋਂ ਜਨਤਕ ਸਿਹਤ ਵਿਭਾਗ, ਪੰਜਾਬ ਯੂਨੀਵਰਸਿਟੀ, ਵਾਈਟਲ ਸਟ੍ਰੈਟਜੀਜ਼, ਐਸ.ਆਈ.ਪੀ.ਐਚ.ਈ.ਆਰ. ਅਤੇ ਆਰ.ਸੀ.ਟੀ.ਸੀ., ਪੀ.ਜੀ.ਆਈ.ਐਮ.ਈ.ਆਰ. ਦੇ ਸਹਿਯੋਗ ਨਾਲ ਕਰਵਾਇਆ ਗਿਆ ਅਤੇ ਇਸ ਵਿੱਚ ਵਿਦਿਆਰਥੀਆਂ, ਮਾਹਿਰਾਂ ਅਤੇ ਸਿਵਲ ਸੋਸਾਇਟੀ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।

ਡਾ. ਬਲਬੀਰ ਸਿੰਘ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਤੰਬਾਕੂ ਨਾ ਸਿਰਫ਼ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਮਨੁੱਖੀ ਮਨ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਵਿਅਕਤੀ ਮਾਨਸਿਕ ਤੌਰ 'ਤੇ ਬਿਮਾਰ ਹੋ ਜਾਂਦਾ ਹੈ ਅਤੇ ਉਸ ਨੂੰ ਖੁਦਕੁਸ਼ੀ ਦੀ ਪ੍ਰਵਿਰਤੀ ਸਮੇਤ ਕਈ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ, "ਤੰਬਾਕੂ ਦੀ ਵਰਤੋਂ ਨਸ਼ਿਆਂ ਦੇ ਆਦੀ ਹੋਣ ਦੇ ਨਾਲ-ਨਾਲ ਅਪਰਾਧਾਂ ਵੱਲ ਲੈ ਜਾਂਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਲਾਹਨਤ ਨੂੰ ਜੜ੍ਹੋਂ ਖਤਮ ਕਰਨ ਅਤੇ ਆਪਣੇ ਸਮਾਜ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।"

ਸਿਹਤ ਮੰਤਰੀ ਨੇ ਤੰਬਾਕੂ ਕੰਟਰੋਲ ਸਬੰਧੀ ਪੰਜਾਬ ਦੀਆਂ ਪ੍ਰਮੁੱਖ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ (ਐਨਐਫਐਚਐਸ-5) ਮੁਤਾਬਕ, ਦੇਸ਼ ਭਰ ਦੇ ਮੁਕਾਬਲੇ ਸੂਬੇ ਵਿੱਚ ਤੰਬਾਕੂ ਦੀ ਵਰਤੋਂ ਸਭ ਤੋਂ ਘੱਟ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਫਲਤਾ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ (ਕੋਟਪਾ) ਨੂੰ ਸਖ਼ਤੀ ਨਾਲ ਲਾਗੂ ਕਰਨ, ਈ-ਸਿਗਰੇਟ ਵਿਰੁੱਧ ਤੁਰੰਤ ਕਾਰਵਾਈ ਕਰਨ, ਹੁੱਕਾ ਬਾਰਾਂ 'ਤੇ ਸਥਾਈ ਪਾਬੰਦੀ ਲਗਾਉਣ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਮੁਫਤ ਤੰਬਾਕੂ ਛੁਡਾਊ ਕੇਂਦਰ ਸਥਾਪਿਤ ਕਰਨ ਸਦਕਾ ਹਾਸਲ ਹੋਈ ਹੈ।

ਡਾ. ਬਲਬੀਰ ਸਿੰਘ ਨੇ ਕਿਹਾ, "ਇਹ ਅੰਕੜੇ ਨੀਤੀਗਤ ਸਫਲਤਾ ਨੂੰ ਦਰਸਾਉਂਦੇ ਹਨ, ਪਰ ਅਸਲ ਜਿੱਤ ਉਦੋਂ ਹੋਵੇਗੀ ਜਦੋਂ ਤੰਬਾਕੂ ਦੀ ਵਰਤੋਂ ਨੂੰ ਸਮਾਜਿਕ ਤੌਰ 'ਤੇ ਨਕਾਰ ਦਿੱਤਾ ਜਾਵੇਗਾ। ਇਹ ਤਬਦੀਲੀ ਸਿਰਫ ਜਾਗਰੂਕ ਅਤੇ ਸਸ਼ਕਤ ਨੌਜਵਾਨਾਂ ਰਾਹੀਂ ਹੀ ਲਿਆਂਦੀ ਜਾ ਸਕਦੀ ਹੈ।" ਉਨ੍ਹਾਂ ਨੇ ਨੌਜਵਾਨ ਕੇਂਦ੍ਰਿਤ ਰਣਨੀਤੀਆਂ ਦੀ ਮਹੱਤਤਾ ਨੂੰ ਦਰਸਾਉਣ ਲਈ "ਭਾਰਤ ਵਿੱਚ ਤੰਬਾਕੂ-ਮੁਕਤ ਪੀੜ੍ਹੀ ਸਿਰਜਣ ਪ੍ਰਤੀ ਨੌਜਵਾਨਾਂ ਦੀ ਸੋਚ" ਸਿਰਲੇਖ ਹੇਠ 10 ਸੂਬਿਆਂ ਦੀ ਵਿਆਪਕ ਸਟੱਡੀ ਵੀ ਜਾਰੀ ਕੀਤੀ।

ਡਾ. ਬਲਬੀਰ ਸਿੰਘ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਸਾਂਝਾ ਮੋਰਚਾ ਸ਼ੁਰੂ ਕਰਨ ਦਾ ਸੱਦਾ ਦਿੱਤਾ, ਜਿਸ ਵਿੱਚ ਹਰੇਕ ਨਾਗਰਿਕ, ਖਾਸ ਕਰਕੇ ਨੌਜਵਾਨਾਂ ਨੂੰ ਤੰਬਾਕੂ ਮੁਕਤ ਜੀਵਨ ਸ਼ੈਲੀ ਲਈ ਅਹਿਦ ਲੈਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ, "ਆਓ ਆਪਾਂ ਸਾਰੇ ਤੰਬਾਕੂ ਮੁਕਤ ਪੰਜਾਬ ਸਿਰਜਣ ਦਾ ਅਹਿਦ ਲਈਏ। ਸਾਡਾ ਅੱਜ ਦਾ ਸਮੂਹਿਕ ਅਹਿਦ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਅਤੇ ਖੁਸ਼ਹਾਲੀ ਨੂੰ ਨਿਰਧਾਰਤ ਕਰੇਗਾ।"

ਇਸ ਸਮਾਗਮ ਵਿੱਚ ਆਰ.ਸੀ.ਟੀ.ਸੀ.-ਪੀ.ਜੀ.ਆਈ.ਐਮ.ਈ.ਆਰ. ਦੀ ਮੁੱਖੀ ਡਾ. ਸੋਨੂੰ ਗੋਇਲ; ਐਸ.ਆਈ.ਪੀ.ਐਚ.ਈ.ਆਰ. ਦੇ ਪ੍ਰਧਾਨ ਡਾ. ਰਾਕੇਸ਼ ਗੁਪਤਾ; ਵਾਈਟਲ ਸਟ੍ਰੈਟਜੀਜ਼ ਦੇ ਰੀਜ਼ਨਲ ਡਾਇਰੈਕਟਰ ਡਾ. ਰਾਣਾ ਜੇ. ਸਿੰਘ; ਡਾ. ਮੀਰਾ ਆਗੀ; ਡਾਇਰੈਕਟਰ ਜੀ.ਐਸ.ਏ. ਸ੍ਰੀਮਤੀ ਓਪਿੰਦਰ ਪ੍ਰੀਤ ਕੌਰ ਗਿੱਲ; ਯੂ.ਪੀ.ਵੀ.ਐਚ.ਏ. ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਵਿਵੇਕ ਅਵਸਥੀ ਅਤੇ ਐਮ.ਏ.ਐਨ.ਟੀ. ਸ੍ਰੀ ਸਪਤਰਿਸ਼ੀ ਬਾਸੂ ਰਾਏ ਮੌਜੂਦ ਸਨ।