ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਭੋਰਾ ਸਾਹਿਬ ਵਿਖੇ ਮੱਥਾ ਟੇਕਿਆ
*ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ*
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਭੋਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਤਿੰਨ ਤਖ਼ਤ ਸਾਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਲਈ ਬਲ ਬਖਸ਼ਣ 'ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।
ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ, ਤਲਵੰਡੀ ਸਾਬੋ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਅਧਿਕਾਰਤ ਤੌਰ 'ਤੇ ਪਵਿੱਤਰ ਸ਼ਹਿਰ ਐਲਾਨਣ ਦਾ ਮਤਾ ਪਾਸ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਅਕਾਲ ਪੁਰਖ ਨੇ ਉਨ੍ਹਾਂ ਉਪਰ ਆਪਾਰ ਬਖਸ਼ਿਸ਼ਾਂ ਕੀਤੀਆਂ ਹਨ ਜੋ ਮਨੁੱਖਤਾ ਪ੍ਰਤੀ ਬਹੁਤ ਵੱਡੀ ਸੇਵਾ ਹੈ।
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਨਤਮਸਤਕ ਹੋਣ ਆਏ ਹਨ ਅਤੇ ਸਾਨੂੰ ਇਹ ਮਾਣਮੱਤਾ ਉਪਰਾਲਾ ਕਰਨ ਲਈ ਰਹਿਮਤਾਂ ਬਖਸ਼ੀਆਂ ਹਨ। ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਇਹੋ ਜਿਹਾ ਫੈਸਲਾ ਲੈਣ ਦੀ ਤਾਕਤ ਬਖਸ਼ੀ ਹੈ, ਜਿਸ ਬਾਰੇ ਕਿਸੇ ਨੇ ਦਹਾਕਿਆਂ ਤੋਂ ਸੋਚਿਆ ਤੱਕ ਵੀ ਨਹੀਂ ਸੀ।
ਮੁੱਖ ਮੰਤਰੀ ਅਤੇ 'ਆਪ' ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਉਪਰਾਲਾ ਸਾਡੀ ਮਹਾਨ ਸੱਭਿਆਚਾਰਕ ਅਤੇ ਅਮੀਰ ਵਿਰਾਸਤ ਨੂੰ ਖਾਸ ਕਰਕੇ ਨੌਜਵਾਨ ਪੀੜ੍ਹੀਆਂ ਵਿੱਚ ਕਾਇਮ ਰੱਖਣ ਲਈ ਹਨ ਤਾਂ ਜੋ ਉਹ ਆਪਣੀਆਂ ਜੜ੍ਹਾਂ ਨਾਲ ਜੁੜ ਸਕਣ। ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜੋ ਕੌਮਾਂ ਆਪਣੇ ਅਤੀਤ ਅਤੇ ਵਿਰਾਸਤ ਨੂੰ ਭੁੱਲ ਜਾਂਦੀਆਂ ਹਨ, ਉਹ ਸਮੇਂ ਦੇ ਬੀਤਣ ਨਾਲ ਮਿਟ ਜਾਣਗੀਆਂ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਦੀਵੀ ਤੌਰ 'ਤੇ ਸੁਰੱਖਿਅਤ ਰੱਖੀਏ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਵਿਲੱਖਣ ਉਪਰਾਲਾ ਸੂਬੇ ਦੀ ਭਵਨ ਨਿਰਮਾਣ ਕਲਾ, ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਬਹੁਤ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਹ ਇਨ੍ਹਾਂ ਪਵਿੱਤਰ ਸ਼ਹਿਰਾਂ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਵੀ ਬਹੁਤ ਮਦਦ ਕਰੇਗਾ, ਜੋ ਸਾਡੇ ਅਮੀਰ ਸੱਭਿਆਚਾਰਕ ਅਤੇ ਵਿਰਾਸਤ ਦਾ ਕੇਂਦਰ ਹਨ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਫੈਸਲਾ ਸੂਬੇ ਵਿੱਚ ਮਨੁੱਖਤਾ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ।


