ਅਗਾਂਹਵਧੂ ਪਿੰਡ: ਜ਼ਿਲ੍ਹਾ ਮਾਨਸਾ ਦੇ 104 ਪਿੰਡਾਂ 'ਚ ਹੋਇਆ 100 ਫੀਸਦੀ ਪਰਾਲੀ ਪ੍ਰਬੰਧਨ
By NIRPAKH POST
On
ਮਾਨਸਾ, 23 ਨਵੰਬਰ
ਜ਼ਿਲ੍ਹਾ ਮਾਨਸਾ ਵਿੱਚ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਜਿੱਥੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਪਿਛਲੇ ਸਾਲ ਨਾਲੋਂ 48 ਫੀਸਦੀ ਘਟੇ ਹਨ, ਓਥੇ ਜ਼ਿਲ੍ਹੇ ਦਾ ਪਿੰਡ ਹੀਰੋਂ ਕਲਾਂ ਹਾਟਸਪਾਟ ਪਿੰਡ ਤੋਂ ਜ਼ੀਰੋ ਬਰਨਿੰਗ ਪਿੰਡ ਵਜੋਂ ਉਭਰਿਆ ਹੈ।
ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਆਈ ਏ ਐੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਜਿੱਥੇ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਗਿਆ, ਓਥੇ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਵੀ ਮੁਹਈਆ ਕਰਾਈ ਗਈ। ਓਨ੍ਹਾਂ ਅਗਾਂਹਵਧੂ ਪਿੰਡਾਂ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ।
ਸੈਟੇਲਾਈਟ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿਚ ਸਾਲ 2023 ਵਿੱਚ (15 ਸਤੰਬਰ ਤੋਂ 22 ਨਵੰਬਰ ਦੌਰਾਨ) ਪਰਾਲੀ ਨੂੰ ਅੱਗ ਲਾਉਣ ਦੇ 2253 ਮਾਮਲੇ, ਸਾਲ 2024 ਦੌਰਾਨ 592, ਜਦਕਿ ਇਸ ਸਾਲ 304 ਮਾਮਲੇ ਆਏ ਹਨ, ਜੋ ਕਿ ਸਾਲ 2024 ਦੇ ਮੁਕਾਬਲੇ 48 ਫੀਸਦੀ ਘੱਟ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 244 ਪਿੰਡਾਂ ਵਿਚੋਂ 104 ਪਿੰਡ ਅਜਿਹੇ ਹਨ, ਜਿੱਥੇ 100 ਫ਼ੀਸਦੀ ਪਰਾਲੀ ਪ੍ਰਬੰਧਨ ਹੋਇਆ ਹੈ ਤੇ ਪਰਾਲੀ ਨੂੰ ਅੱਗ ਲਾਉਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ ਕਈ ਪਿੰਡ ਹਾਟ ਸਪਾਟ ਤੋਂ ਜ਼ੀਰੋ ਬਰਨਿੰਗ ਪਿੰਡਾਂ ਵਜੋਂ ਉੱਭਰੇ ਹਨ ਜਿਨ੍ਹਾਂ ਵਿਚੋਂ ਪਿੰਡ ਹੀਰੋ ਕਲਾਂ ਮਿਸਾਲ ਬਣਿਆ ਹੈ ਜਿੱਥੇ ਸਾਲ 2023 ਵਿੱਚ ਪਰਾਲੀ ਨੂੰ ਅੱਗ ਲਾਉਣ ਦੇ 45 ਮਾਮਲੇ, ਸਾਲ 2024 ਵਿੱਚ 15 ਅਤੇ ਇਸ ਸਾਲ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਹ ਪਿੰਡ ਪਿਛਲੇ ਸਾਲ ਹਾਟਸਪਾਟ ਪਿੰਡਾਂ ਵਿਚੋਂ ਦੂਜੇ ਨੰਬਰ 'ਤੇ ਸੀ, ਜਦਕਿ ਇਸ ਵਾਰ ਇੱਥੇ 100 ਫੀਸਦੀ ਪਰਾਲੀ ਪ੍ਰਬੰਧਨ ਹੋਇਆ ਹੈ। ਇਸੇ ਤਰ੍ਹਾਂ ਪਿੰਡ ਦੋਦੜਾ ਵਿਚ ਸਾਲ 2023 ਵਿੱਚ ਪਰਾਲੀ ਸਾੜਨ ਦੇ 31 ਮਾਮਲੇ, ਸਾਲ 2024 ਵਿੱਚ 7 ਤੇ ਇਸ ਸਾਲ ਇਹ ਪਿੰਡ ਜ਼ੀਰੋ ਬਰਨਿੰਗ ਪਿੰਡ ਬਣਿਆ ਹੈ।
ਓਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਰੌਸ਼ਨੀ ਵਿਚ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ 131 ਮਾਮਲਿਆਂ ਵਿਚ 6,65,000 ਰੁਪਏ ਵਾਤਾਵਰਨ ਕੰਪਨਸੇਸ਼ਨ ਲਾਇਆ ਗਿਆ ਹੈ। ਇਸ ਤੋਂ ਇਲਾਵਾ 131 ਮਾਮਲਿਆਂ ਵਿਚ ਰੈੱਡ ਐਂਟਰੀ ਅਤੇ 131 ਹੀ ਐਫਆਈਆਰਜ਼ ਦਰਜ ਹੋਈਆਂ ਹਨ। 207 ਨੋਡਲ ਅਫ਼ਸਰਾਂ/ ਸੁਪਰਵੀਜ਼ਨ ਅਫ਼ਸਰਾਂ ਨੂੰ ਚਿਤਾਵਨੀ ਨੋਟਿਸ ਜਾਰੀ ਕੀਤੇ ਗਏ ਹਨ।
Tags:


