#Draft: Add Your Title
ਚੰਡੀਗੜ੍ਹ, 22 ਨਵੰਬਰ:
ਸਕੂਲੀ ਵਿਦਿਆਰਥੀਆਂ ਵਿੱਚ ਜ਼ਿੰਮੇਵਾਰ ਨਾਗਰਿਕਤਾ, ਬਿਹਤਰ ਅਨੁਸ਼ਾਸਨ ਅਤੇ ਸ਼ਖ਼ਸੀਅਤ ਨਿਰਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਪੁਲਿਸ ਅਤੇ ਸਿੱਖਿਆ ਵਿਭਾਗ ਦੀ ਇੱਕ ਸਾਂਝੀ ਪਹਿਲਕਦਮੀ ਸਟੂਡੈਂਟ ਪੁਲਿਸ ਕੈਡੇਟ (ਐਸਪੀਸੀ) ਸਕੀਮ ਤਹਿਤ ਵਿਦਿਆਰਥੀਆਂ ਲਈ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ, ਫਿਲੌਰ ਦੇ ਇੱਕ ਦਿਨਾ ਟੂਰ ਕਰਵਾਇਆ ਗਿਆ।
ਪੰਜਾਬ ਦੇ ਅੱਠ ਜ਼ਿਲ੍ਹਿਆਂ ਦੇ ਕੁੱਲ 450 ਬੱਚਿਆਂ ਨੇ ਆਪਣੇ 16 ਨੋਡਲ ਅਧਿਆਪਕਾਂ ਅਤੇ ਸਾਂਝ ਕੇਂਦਰ ਦੇ 16 ਮੁਲਾਜ਼ਮਾਂ ਨਾਲ ਇਸ ਈਵੈਂਟ ਵਿੱਚ ਹਿੱਸਾ ਲਿਆ।
ਐਸ.ਪੀ.ਸੀ. ਪ੍ਰੋਗਰਾਮ ਬਾਰੇ ਹੋਰ ਵੇਰਵੇ ਦਿੰਦਿਆਂ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਇਹ ਯੋਜਨਾ ਪੁਲਿਸ ਅਤੇ ਨੌਜਵਾਨਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਦਿਆਂ ਵਿਸ਼ਵਾਸ, ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੀ ਹੈ।
ਉਨ੍ਹਾਂ ਕਿਹਾ ਕਿ ਡੀਐਸਪੀ ਸੀ.ਏ.ਡੀ. ਪ੍ਰਭਜੋਤ ਕੌਰ ਦੁਆਰਾ ਐਸਪੀਸੀ ਸਕੀਮ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ, ਜਿਸ ਤੋਂ ਬਾਅਦ ਸਲਾਹਕਾਰ, ਪੀਪੀਏ ਫਿਲੌਰ ਰਵਚਰਨ ਸਿੰਘ ਵੱਲੋਂ ਇੱਕ ਪੇਸ਼ਕਾਰੀ ਦਿੱਤੀ ਗਈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਪੰਜਾਬ ਦੀ ਵਿਰਾਸਤ ਨਾਲ ਜੋੜਿਆ।
ਇਸ ਤੋਂ ਬਾਅਦ ਐਸ.ਪੀ. ਸਾਈਬਰ ਕ੍ਰਾਈਮ ਐਸਏਐਸ ਨਗਰ ਮਨੋਜ ਗੋਰਸੀ, ਡੀਐਸਪੀ ਸੀ.ਏ.ਡੀ. ਪਰਮਿੰਦਰ ਸਿੰਘ ਬਰਾੜ, ਡੀਐਸਪੀ ਸੀ.ਏ.ਡੀ. ਪ੍ਰਭਜੋਤ ਕੌਰ ਅਤੇ ਸਲਾਹਕਾਰ, ਪੀਪੀਏ ਫਿਲੌਰ ਰਵਚਰਨ ਸਿੰਘ ਨਾਲ ਇੱਕ ਗੱਲਬਾਤ ਸੈਸ਼ਨ ਕਰਵਾਇਆ ਗਿਆ। ਸੈਸ਼ਨ ਦੌਰਾਨ ਨੋਡਲ ਅਧਿਆਪਕਾਂ ਨੇ ਵੱਖ-ਵੱਖ ਮੁੱਦਿਆਂ ਨੂੰ ਉਜਾਗਰ ਕਰਦਿਆਂ ਪੁਲਿਸ ਅਧਿਕਾਰੀਆਂ ਨੂੰ ਕੈਡਿਟਾਂ ਦੀ ਵਰਦੀ ਅਤੇ ਆਜ਼ਾਦੀ ਦਿਹਾੜੇ ਤੇ ਗਣਤੰਤਰ ਦਿਵਸ ਸਮਾਗਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ।
ਵਿਚਾਰ-ਵਟਾਂਦਰੇ ਤੋਂ ਬਾਅਦ ਐਸ.ਪੀ. ਮਨੋਜ ਗੋਰਸੀ ਵੱਲੋਂ ਸਾਈਬਰ ਜਾਗਰੂਕਤਾ 'ਤੇ ਇੱਕ ਵਿਆਪਕ ਪੇਸ਼ਕਾਰੀ ਦਿੱਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੁਰੱਖਿਅਤ ਔਨਲਾਈਨ ਆਚਰਣ, ਸਾਰਥਕ ਡਿਜੀਟਲ ਮੌਜੂਦਗੀ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਨਿੱਜੀ ਜਾਣਕਾਰੀ ਦੀ ਸੁਰੱਖਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
ਸੈਸ਼ਨ ਵਿੱਚ ਔਨਲਾਈਨ ਤੰਗ-ਪਰੇਸ਼ਾਨ/ਭੜਕਾਹਟ ਆਦਿ ਵਾਲੀ ਸਥਿਤੀ ਪੈਦਾ ਕਰਨ, ਵਿੱਤੀ ਧੋਖਾਧੜੀ, ਔਨਲਾਈਨ ਗੇਮਿੰਗ ਜੋਖਮ ਅਤੇ ਮੋਬਾਈਲ ਉਪਕਰਨਾਂ ਦੀ ਜ਼ਿੰਮੇਵਾਰ ਵਰਤੋਂ ਵਰਗੇ ਮੁੱਖ ਵਿਸ਼ਿਆਂ ‘ਤੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਅਸਲ-ਜੀਵਨ ਦੀਆਂ ਉਦਾਹਰਣਾਂ ਅਤੇ ਆਪਸੀ ਸਵਾਲ-ਜਵਾਬ ਰਾਹੀਂ ਬੱਚਿਆਂ ਨੂੰ ਡਿਜੀਟਲ ਦੁਨੀਆ ਵਿੱਚ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਔਨਲਾਈਨ ਗਤੀਵਿਧੀ ਦੀ ਤੁਰੰਤ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਪੇਸ਼ਕਾਰੀ ਦਾ ਉਦੇਸ਼ ਵਿਦਿਆਰਥੀਆਂ ਨੂੰ ਸੁਰੱਖਿਅਤ ਢੰਗ ਅਤੇ ਜ਼ਿੰਮੇਵਾਰੀ ਨਾਲ ਇੰਟਰਨੈੱਟ ਦੀ ਵਰਤੋਂ ਬਾਰੇ ਲੋੜੀਂਦੀ ਜਾਣਕਾਰੀ ਅਤੇ ਜ਼ਰੂਰੀ ਗਤੀਵਿਧੀਆ ਬਾਰੇ ਜਾਣੂ ਕਰਵਾਉਣਾ ਸੀ।
ਇਸ ਤੋਂ ਬਾਅਦ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਅਕੈਡਮੀ ਦੇ ਸਟੱਡੀ ਟੂਰ ਦਾ ਪ੍ਰਬੰਧ ਵੀ ਕੀਤਾ ਗਿਆ, ਜਿਸ ਦੌਰਾਨ ਬੱਚਿਆਂ ਨੂੰ ਇਤਿਹਾਸਕ ਕਿਲ੍ਹੇ, ਜਿੱਥੇ ਇਹ ਅਕੈਡਮੀ ਸਥਾਪਤ ਹੈ, ਦੀ ਵਿਲੱਖਣ ਵਾਸਤੂ-ਕਲਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਵਿਦਿਆਰਥੀਆਂ ਨੇ ਅਕੈਡਮੀ ਦੇ ਅੰਦਰ ਸਥਿਤ ਪੰਜਾਬ ਦੇ ਸਟੇਟ ਫਿੰਗਰਪ੍ਰਿੰਟ ਬਿਊਰੋ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਫੋਰੈਂਸਿਕ ਅਤੇ ਫਿੰਗਰਪ੍ਰਿੰਟ-ਸਬੰਧਤ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ।


