ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਡੀ.ਆਰ. ਐਮ. ਰੇਲਵੇ ਕੋਲ ਰੱਖੀਆਂ ਸ਼ਹਿਰ ਵਾਸੀਆਂ ਦੀਆਂ ਮੰਗਾਂ
ਲਹਿਰਾਗਾਗਾ, 21 ਅਕਤੂਬਰ
ਕੈਬਨਿਟ ਮੰਤਰੀ, ਪੰਜਾਬ, ਸ਼੍ਰੀ ਬਰਿੰਦਰ ਕੁਮਾਰ ਗੋਇਲ, ਨੇ ਅੱਜ ਇਥੇ ਲਹਿਰਾਗਾਗਾ ਰੇਲਵੇ ਸਟੇਸ਼ਨ 'ਤੇ ਡੀ.ਆਰ.ਐਮ. ਰੇਲਵੇ, ਅੰਬਾਲਾ ਡਿਵੀਜ਼ਨ, ਸ਼੍ਰੀ ਵਿਨੋਦ ਕੁਮਾਰ ਭਾਟੀਆ ਨਾਲ ਮੁਲਾਕਾਤ ਕਰ ਕੇ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਦੀਆਂ ਰੇਲਵੇ ਨਾਲ ਸਬੰਧਤ ਮੰਗਾਂ ਰੱਖੀਆਂ ਕਿ ਰੇਲਵੇ ਪਲੇਟਫਾਰਮ 'ਤੇ ਸ਼ੈੱਡ ਪਾਇਆ ਜਾਵੇ ਅਤੇ ਓਬਰਬ੍ਰਿਜ ਨੂੰ ਪਲੇਟਫਾਰਮ ਤੇ ਉਸ ਤੋਂ ਬਾਹਰ ਤਕ ਲੋਕਾਂ ਦੀ ਸਹੂਲਤ ਮੁਤਾਬਕ ਖੋਲ੍ਹਿਆ ਜਾਵੇ। ਇਸ ਦੇ ਨਾਲ- ਨਾਲ ਰੇਲ ਲਾਈਨ ਸਬੰਧੀ ਪ੍ਰਸਤਾਵਿਤ ਕੰਧਾਂ ਬਾਬਤ ਲੋਕਾਂ ਨੂੰ ਲਾਂਘੇ ਦੀ ਸਹੂਲਤ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਰੇਲਵੇ ਲਾਈਨ ਕਰ ਕੇ ਸ਼ਹਿਰ 02 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਪਾਸੇ 08 ਵਾਰਡ ਹਨ ਤੇ ਦੂਜੇ ਪਾਸੇ 07 ਵਾਰਡ ਹਨ। ਬੈਂਕਾਂ ਸਮੇਤ ਕਈ ਅਦਾਰੇ ਇੱਕ ਪਾਸੇ ਅਤੇ ਕਈ ਹੋਰ ਅਹਿਮ ਅਦਾਰੇ ਦੂਜੇ ਪਾਸੇ ਹਨ। ਇਸ ਲਈ ਜ਼ਰੂਰੀ ਹੈ ਕਿ ਲੋਕ ਜਿਵੇਂ ਪਿਛਲੇ 50-60 ਸਾਲ ਤੋਂ ਇੱਕ-ਦੂਜੇ ਪਾਸੇ ਜਾ ਕੇ ਆਪਣੇ ਕੰਮ ਕਰਦੇ ਰਹੇ ਹਨ, ਓਵੇਂ ਵੀ ਰੇਲਵੇ ਵੱਲੋਂ ਪ੍ਰਸਤਾਵਿਤ ਕੰਧਾਂ ਬਾਬਤ ਵੀ ਇਸ ਗੱਲ ਦਾ ਉਚੇਚਾ ਧਿਆਨ ਰੱਖਿਆ ਜਾਵੇ ਕਿ ਲੋਕਾਂ ਨੂੰ ਪਹਿਲਾਂ ਵਾਂਗ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਵਿੱਚ ਕੋਈ ਦਿੱਕਤ ਨਾ ਆਵੇ ਤੇ ਲੋਕ ਆਪਣੇ ਕੰਮ ਨਿਰਵਿਘਨ ਕਰ ਸਕਣ।
ਇਸ ਦੇ ਨਾਲ-ਨਾਲ ਲੋਕਾਂ ਦੀ ਚਿਰੋਕਣੀ ਮੰਗ ਹੈ ਕਿ ਓਬਰਬ੍ਰਿਜ ਨੂੰ ਪਲੇਟਫਾਰਮ ਤੇ ਉਸ ਤੋਂ ਬਾਹਰ ਤਕ ਲੋਕਾਂ ਦੀ ਸਹੂਲਤ ਮੁਤਾਬਕ ਖੋਲ੍ਹਿਆ ਜਾਵੇ।ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਪਲੇਟਫਾਰਮ ਉੱਤੇ ਸ਼ੈੱਡ ਲਾਜ਼ਮੀ ਪਾਇਆ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੇ ਮੌਸਮ ਦੌਰਾਨ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ।
ਸ਼੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਹਾਲ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਨੂੰ ਅੱਵਲ ਦਰਜੇ ਦਾ ਹਲਕਾ ਬਣਾਉਣ ਅਤੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਡੀ.ਆਰ.ਐਮ. ਰੇਲਵੇ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਮੰਗਾਂ ਉੱਤੇ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕਰ ਕੇ ਹਰ ਸੰਭਵ ਹੱਲ ਕੀਤਾ ਜਾਵੇਗਾ।
ਇਸ ਮੌਕੇ ਸ਼ੀਸ਼ਪਾਲ ਅੰਨਦ ਚੇਅਰਮੈਨ ਮਾਰਕੀਟ ਕਮੇਟੀ ਲਹਿਰਾ, ਚਰਨਜੀਤ ਸ਼ਰਮਾ ਬਲਾਕ ਪ੍ਰਧਾਨ ਲਹਿਲ ਕਲਾਂ, ਪ੍ਰਿੰਸ ਗਰਗ ਕੋਆਰਡੀਨੇਟਰ ਹਲਕਾ ਲਹਿਰਾ ਟਰੇਡ ਵਿੰਗ, ਮੇਘ ਰਾਜ, ਬਾਬੂ ਸ਼ੀਸ਼ਪਾਲ ਲਹਿਰਾ, ਨੰਦ ਲਾਲ, ਪੀ.ਏ. ਰਾਕੇਸ਼ ਕੁਮਾਰ ਗੁਪਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।