ਅਮਨ ਅਰੋੜਾ ਵੱਲੋਂ ਕੇਂਦਰੀ ਮੰਤਰੀ ਨੂੰ ਹੁਨਰਮੰਦ ਉਪਰਾਲਿਆਂ ਲਈ ਇੱਕੋ ਸੰਪਰਕ ਬਿੰਦੂ ਮਨੋਨੀਤ ਕਰਨ ਦੀ ਅਪੀਲ
ਚੰਡੀਗੜ੍ਹ, 28 ਅਗਸਤ:
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਅੱਜ ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਬਾਰੇ ਰਾਜ ਮੰਤਰੀ ਸ੍ਰੀ ਜਯੰਤ ਚੌਧਰੀ ਨੂੰ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੂੰ ਸਾਰੀਆਂ ਹੁਨਰ ਵਿਕਾਸ ਪਹਿਲਕਦਮੀਆਂ ਲਈ ਇੱਕੋ ਇੱਕ ਸੰਪਰਕ ਬਿੰਦੂ ਵਜੋਂ ਮਨੋਨੀਤ ਕਰਨ ਦੀ ਅਪੀਲ ਕੀਤੀ ਤਾਂ ਜੋ ਕੇਂਦਰ ਸਰਕਾਰ ਦੀਆਂ ਹੁਨਰ ਵਿਕਾਸ ਸਕੀਮਾਂ ਦੀ ਨਿਗਰਾਨੀ ਅਤੇ ਲਾਗੂਕਰਨ ਵਿੱਚ ਇਕਸਾਰਤਾ ਲਿਆਂਦੀ ਜਾ ਸਕੇ।
ਅੱਜ ਇੱਥੇ ਇੱਕ ਹੋਟਲ ਵਿੱਚ ਕਰਵਾਏ ਹੁਨਰ ਵਿਕਾਸ ਮੰਤਰੀਆਂ ਦੇ ਖੇਤਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਹੁਨਰ ਵਿਕਾਸ ਵਿੱਚ ਵਾਧਾ ਕਰਨ ਸਬੰਧੀ ਦੋ ਮੁੱਖ ਉਪਾਵਾਂ ਬਾਰੇ ਸੁਝਾਅ ਦਿੱਤੇ ਕਿ ਹੁਨਰ ਯੋਜਨਾਵਾਂ ਵਿੱਚ 3-5 ਸਾਲਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਨੌਜਵਾਨਾਂ ਨੂੰ ਬਿਹਤਰ ਯੋਜਨਾਬੰਦੀ ਅਤੇ ਵਿਕਲਪ ਪ੍ਰਦਾਨ ਕੀਤੇ ਜਾ ਸਕਣ ਅਤੇ ਸੂਬਾਈ ਹੁਨਰ ਮਿਸ਼ਨਾਂ ਰਾਹੀਂ ਕੇਂਦਰੀ ਹੁਨਰ ਸਿਖਲਾਈ ਯੋਜਨਾਵਾਂ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਵਧੇਰੇ ਪ੍ਰਭਾਵਸ਼ਾਲੀ ਨਤੀਜੇ ਹਾਸਲ ਕਰਨ ਲਈ ਲਾਗੂਕਰਨ ਅਤੇ ਨਿਗਰਾਨੀ ਵਿੱਚ ਉਨ੍ਹਾਂ ਦੀ ਮੁਹਾਰਤ ਦਾ ਲਾਭ ਉਠਾਇਆ ਜਾ ਸਕੇ।
ਹੁਨਰ ਵਿਕਾਸ ਵਿੱਚ ਸੂਬੇ ਦੀਆਂ ਮਹੱਤਵਪੂਰਨ ਪ੍ਰਗਤੀਆਂ ਨੂੰ ਉਜਾਗਰ ਕਰਦਿਆਂ, ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2024 ਵਿੱਚ "ਪੰਜਾਬ ਹੁਨਰ ਵਿਕਾਸ ਯੋਜਨਾ" ਦੀ ਸ਼ੁਰੂਅਤ ਕੀਤੀ ਸੀ ਜਿਸ ਵਿੱਚ 10,654 ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ, ਸੂਬਾ ਸਰਕਾਰ ਵੱਲੋਂ ਵੱਖ-ਵੱਖ ਹੁਨਰਾਂ ਵਿੱਚ ਮੁਫਤ ਸਿਖਲਾਈ ਪ੍ਰਦਾਨ ਕਰਨ ਲਈ ਆਈ.ਬੀ.ਐਮ., ਮਾਈਕ੍ਰੋਸਾਫਟ ਅਤੇ ਨੈਸਕਾਮ ਵਰਗੀਆਂ ਪ੍ਰਮੁੱਖ ਕੰਪਨੀਆਂ ਭਾਈਵਾਲੀ ਕੀਤੀ ਗਈ ਹੈ। ਸੂਬਾ ਸਰਕਾਰ ਦਾ ਉਦੇਸ਼ ਆਈ.ਟੀ.ਆਈਜ਼ ਨੂੰ ਸੈਂਟਰ ਆਫ਼ ਐਕਸੀਲੈਂਸ ਬਣਾਉਣਾ, ਉੱਦਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਹੁਨਰ ਸਿਖਲਾਈ ਲਈ ਡਿਜੀਟਲ ਏਕੀਕਰਨ ਦਾ ਲਾਭ ਉਠਾਉਣਾ ਹੈ ਤਾਂ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾ ਸਕੇ ਅਤੇ ਉਨ੍ਹਾਂ ਦੀ ਰੁਜ਼ਗਾਰਯੋਗਤਾ ਵਿੱਚ ਵਾਧਾ ਕੀਤਾ ਜਾ ਸਕੇ।
ਉਨ੍ਹਾਂ ਅੱਗੇ ਦੱਸਿਆ ਕਿ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਵੱਖ-ਵੱਖ ਪ੍ਰਮੁੱਖ ਪਹਿਲਕਦਮੀਆਂ ਰਾਹੀਂ ਸਿਖਲਾਈ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ (ਡੀ.ਡੀ.ਯੂ.ਜੀ.ਕੇ.ਵਾਈ.) ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਵਰਗੀਆਂ ਯੋਜਨਾਵਾਂ ਅਧੀਨ ਮਹੱਤਵਪੂਰਨ ਪ੍ਰਾਪਤੀਆਂ ਸ਼ਾਮਲ ਹਨ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਹੁਨਰ ਵਿਕਾਸ ਸੁਨਹਿਰੀ ਭਵਿੱਖ ਦੇ ਨਿਰਮਾਣ ਲਈ ਹੈ, ਸਿਰਫ਼ ਨੌਕਰੀਆਂ ਬਾਰੇ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਵਿੱਖੀ, ਸਮੂਹਿਕ ਅਤੇ ਮੌਕਿਆਂ ਨਾਲ ਭਰਪੂਰ ਹੁਨਰ ਵਿਕਾਸ ਈਕੋ-ਸਿਸਟਮ ਸਥਾਪਤ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਖ-ਵੱਖ ਪਹਿਲਕਦਮੀਆਂ ਰਾਹੀਂ ਰੁਜ਼ਗਾਰਯੋਗਤਾ ਵਧਾਉਣ ਲਈ ਵਚਨਬੱਧ ਹੈ। ਵਿਭਾਗ ਵੱਲੋਂ ਸੂਬੇ ਦੇ ਨੌਜਵਾਨਾਂ ਦੀ ਸਿਖਲਾਈ ਅਤੇ ਰੁਜ਼ਗਾਰ ਲਈ 14 ਕੇਂਦਰ ਅਤੇ ਲੜਕੇ ਅਤੇ ਲੜਕੀਆਂ ਲਈ ਦੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਚਲਾਏ ਜਾ ਰਹੇ ਹਨ ਅਤੇ ਇਕ ਨਵਾਂ ਇੰਸਟੀਚਿਊਟ ਸਥਾਪਤ ਕਰਨਾ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਨਰ ਮਿਸ਼ਨ ਨੌਜਵਾਨਾਂ ਨੂੰ ਰੁਜ਼ਗਾਰ, ਸਵੈ-ਰੁਜ਼ਗਾਰ ਅਤੇ ਰੋਜ਼ੀ-ਰੋਟੀ ਦੇ ਸਥਾਈ ਹੁਨਰਾਂ ਨਾਲ ਲੈਸ ਕਰਦਾ ਹੈ। ਇਸ ਤੋਂ ਇਲਾਵਾ, ਵਿਭਾਗ ਵੱਲੋਂ 5 ਬਹੁ-ਹੁਨਰ ਵਿਕਾਸ ਕੇਂਦਰ, 3 ਸਿਹਤ ਹੁਨਰ ਵਿਕਾਸ ਕੇਂਦਰ ਅਤੇ 198 ਪੇਂਡੂ ਹੁਨਰ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ-ਪੱਧਰੀ ਦਫ਼ਤਰ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ ਨੂੰ ਯਕੀਨੀ ਬਣਾਉਂਦੇ ਹਨ।