ਬਜ਼ੁਰਗ ਜੋੜੇ ਦੀ ਦਲੇਰੀ ਤੇ ਬਹਾਦਰੀ ਨੂੰ ਇੱਕ ਸਲੂਟ ਤਾਂ ਬਣਦਾ

ਬਜ਼ੁਰਗ ਜੋੜੇ ਦੀ ਦਲੇਰੀ ਤੇ ਬਹਾਦਰੀ ਨੂੰ ਇੱਕ ਸਲੂਟ ਤਾਂ ਬਣਦਾ

ਮੋਗਾ: ਜ਼ਿਲ੍ਹਾ ਮੋਗਾ ਵਿੱਚ ਇੱਕ ਬਜ਼ੁਰਗ ਜੋੜੇ ਵੱਲੋਂ ਦਿਖਾਈ ਗਈ ਬੇਮਿਸਾਲ ਦਲੇਰੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਰਾਹ ਜਾਂਦੇ ਬਜ਼ੁਰਗ ਪਤੀ-ਪਤਨੀ ਨੂੰ ਘੇਰ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਤਿੰਨ ਨੌਜਵਾਨਾਂ ਅੱਗੇ ਘਬਰਾਉਣ ਦੀ ਬਜਾਏ ਜੋੜੇ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਇੱਕ ਕਥਿਤ ਲੁਟੇਰੇ ਨੂੰ ਮੌਕੇ ’ਤੇ ਹੀ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਚੌਰਾਹੇ ਨੇੜੇ ਤਿੰਨ ਨੌਜਵਾਨਾਂ ਨੇ ਘੇਰਿਆ

ਮਿਲੀ ਜਾਣਕਾਰੀ ਮੁਤਾਬਕ ਪਿੰਡ ਘੋਲੀਆ ਕਲਾਂ ਦੇ ਵਸਨੀਕ ਸਰਦਾਰ ਬਲਵਿੰਦਰ ਸਿੰਘ ਬਿੰਦਰ ਆਪਣੀ ਪਤਨੀ ਨਾਲ ਕਿਸੇ ਨਿੱਜੀ ਕੰਮ ਲਈ ਘੋਲੀਆ ਵੱਲ ਜਾ ਰਹੇ ਸਨ। ਜਦੋਂ ਉਹ ਕਾਲੇ ਤੋਂ ਅੱਗੇ ਘੋਲੀਆ ਵਾਲੇ ਚੌਰਾਹੇ ਨੇੜੇ ਪਹੁੰਚੇ ਤਾਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਰਾਹ ਵਿੱਚ ਘੇਰ ਲਿਆ। ਮੁਲਜ਼ਮਾਂ ਨੇ ਬਜ਼ੁਰਗ ਜੋੜੇ ਤੋਂ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਅਤੇ ਜ਼ਰੂਰੀ ਪਛਾਣ-ਪੱਤਰ ਖੋਹ ਲਏ।

ਬਜ਼ੁਰਗ ਜੋੜੇ ਨੇ ਦਿਖਾਈ ਦਲੇਰੀ

ਲੁੱਟ-ਖੋਹ ਦੌਰਾਨ ਬਜ਼ੁਰਗ ਜੋੜੇ ਨੇ ਹੌਸਲਾ ਨਹੀਂ ਛੱਡਿਆ ਅਤੇ ਲੁਟੇਰਿਆਂ ਨਾਲ ਜੂਝ ਪਏ। ਦੋਵਾਂ ਨੇ ਮਿਲ ਕੇ ਇੱਕ ਨੌਜਵਾਨ ਨੂੰ ਮੌਕੇ ’ਤੇ ਹੀ ਦਬੋਚ ਲਿਆ। ਇਸ ਝੜਪ ਦੌਰਾਨ ਬਾਕੀ ਦੋ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਕਾਬੂ ਕੀਤੇ ਗਏ ਮੁਲਜ਼ਮ ਨੂੰ ਤੁਰੰਤ ਪੁਲਿਸ ਹਵਾਲੇ ਕਰ ਦਿੱਤਾ ਗਿਆ।

ਪੁਲਿਸ ਕਾਰਵਾਈ ਅਤੇ ਜਾਂਚ

ਪੁਲਿਸ ਅਨੁਸਾਰ ਮੌਕੇ ਤੋਂ ਫੜੇ ਗਏ ਮੁਲਜ਼ਮ ਦੀ ਪਛਾਣ ਰਾਜਦੀਪ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਫ਼ਰਾਰ ਹੋਏ ਬਾਕੀ ਦੋ ਸਾਥੀਆਂ ਦੀ ਪਛਾਣ ਜਗਤਾਰ ਸਿੰਘ (ਵਾਸੀ ਫੁਲਿਆਲਾ) ਅਤੇ ਗੁਰਵਿੰਦਰ ਸਿੰਘ (ਵਾਸੀ ਫੂਲੇਵਾਲਾ) ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਤਫ਼ਤੀਸ਼ ਏਐਸਆਈ ਹਰਮੇਸ਼ ਲਾਲ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫ਼ਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ।

image (11)

ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ, ਲੋਕ ਕਰ ਰਹੇ ਨੇ ਤਾਰੀਫ਼

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਬਜ਼ੁਰਗ ਪਤੀ-ਪਤਨੀ ਬਿਨਾਂ ਕਿਸੇ ਡਰ ਤੋਂ ਲੁਟੇਰਿਆਂ ਨਾਲ ਮੁਕਾਬਲਾ ਕਰਦੇ ਨਜ਼ਰ ਆ ਰਹੇ ਹਨ। ਇਲਾਕਾ ਨਿਵਾਸੀ ਅਤੇ ਸੋਸ਼ਲ ਮੀਡੀਆ ਵਰਤੋਂਕਾਰ ਬਜ਼ੁਰਗ ਜੋੜੇ ਦੀ ਬਹਾਦਰੀ ਦੀ ਖ਼ੂਬ ਸ਼ਲਾਘਾ ਕਰ ਰਹੇ ਹਨ।

ਬਜ਼ੁਰਗ ਜੋੜੇ ਦੀ ਦਲੇਰੀ ਤੇ ਬਹਾਦਰੀ ਨੂੰ ਇੱਕ ਸਲੂਟ ਤਾਂ ਬਣਦਾ

Posted by Nirpakh Post on Wednesday, September 23, 2026

 

Related Posts