6 ਹਜ਼ਾਰ ਕਰੋੜ ਦੇ ਡਰੱਗ ਕੇਸ ਦੀ ਜਾਂਚ ਕਰਨ ਵਾਲੇ ED ਦੇ ਸਾਬਕਾ ਅਫਸਰ ਨਿਰੰਜਨ ਸਿੰਘ ਅੰਮ੍ਰਿਤਪਾਲ ਦੀ ਪਾਰਟੀ 'ਚ ਸ਼ਾਮਲ

6 ਹਜ਼ਾਰ ਕਰੋੜ ਦੇ ਡਰੱਗ ਕੇਸ ਦੀ ਜਾਂਚ ਕਰਨ ਵਾਲੇ ED ਦੇ ਸਾਬਕਾ ਅਫਸਰ ਨਿਰੰਜਨ ਸਿੰਘ ਅੰਮ੍ਰਿਤਪਾਲ ਦੀ ਪਾਰਟੀ 'ਚ ਸ਼ਾਮਲ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਇੱਕ ਬਹੁਤ ਵੱਡਾ ਘਟਨਾਕ੍ਰਮ ਸਾਹਮਣੇ ਆਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿੱਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਵਿਖੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਹਾਸਲ ਕੀਤੀ।

"ਮੈਂ ਸਿਆਸੀ ਵਿਅਕਤੀ ਨਹੀਂ, ਪਰ ਬਦਲਾਅ ਜ਼ਰੂਰੀ": ਨਿਰੰਜਨ ਸਿੰਘ

ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਨਿਰੰਜਨ ਸਿੰਘ ਨੇ ਕਿਹਾ ਕਿ ਉਹ ਮੂਲ ਰੂਪ ਵਿੱਚ ਕੋਈ ਸਿਆਸੀ ਇਨਸਾਨ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੀ ਸਿਆਸਤ ਵਿੱਚ ਆਉਣ ਦੀ ਕੋਈ ਖਾਹਿਸ਼ ਸੀ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਸਮਾਜ ਨੇ ਸਵਾਲ ਪੁੱਛਣਾ ਬੰਦ ਕਰ ਦਿੱਤਾ ਹੈ ਅਤੇ ਲੋਕ ਸਿਰਫ਼ ਆਪਣੇ ਨਿੱਜੀ ਨਫ਼ੇ-ਨੁਕਸਾਨ ਤੱਕ ਸੀਮਤ ਹੋ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਨਸ਼ੇ ਦਾ ਮਾਫੀਆ ਬੇਲਗਾਮ ਚੱਲ ਰਿਹਾ ਹੈ, ਪਰ ਕੋਈ ਵੀ ਸਿਆਸੀ ਆਗੂ ਇਸਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਸਿਆਸਤਦਾਨ ਜਨਤਾ ਦੇ ਸੇਵਕ ਬਣਨ ਦੀ ਬਜਾਏ ਖ਼ੁਦ ਨੂੰ ਮਾਲਕ ਸਮਝਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਰਿਟਾਇਰਮੈਂਟ ਨੂੰ 5-6 ਸਾਲ ਹੋ ਚੁੱਕੇ ਹਨ; ਸਾਰੀਆਂ ਪਾਰਟੀਆਂ ਨੇ ਨਸ਼ਾ ਖ਼ਤਮ ਕਰਨ ਦੇ ਦਾਅਵੇ ਕੀਤੇ, ਪਰ ਜ਼ਮੀਨੀ ਪੱਧਰ 'ਤੇ ਕੁਝ ਨਹੀਂ ਬਦਲਿਆ। ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਲੋਕਾਂ ਨੂੰ ਅੱਗੇ ਆ ਕੇ ਸਵਾਲ ਪੁੱਛਣੇ ਪੈਣਗੇ।

ਕੌਣ ਹਨ ਨਿਰੰਜਨ ਸਿੰਘ? ਚਰਚਿਤ ਡਰੱਗ ਕੇਸ ਨਾਲ ਰਿਹਾ ਡੂੰਘਾ ਸਬੰਧ

ਨਿਰੰਜਨ ਸਿੰਘ ਲੰਬੇ ਸਮੇਂ ਤੱਕ ਜਲੰਧਰ ED ਦਫ਼ਤਰ ਵਿੱਚ ਤਾਇਨਾਤ ਰਹੇ ਹਨ। ਉਹ ਪੰਜਾਬ ਦੇ ਬੇਹੱਦ ਚਰਚਿਤ ਕਰੀਬ 6,000 ਕਰੋੜ ਰੁਪਏ ਦੇ ਜਗਦੀਸ਼ ਭੋਲਾ ਡਰੱਗ ਅਤੇ ਮਨੀ ਲਾਂਡਰਿੰਗ ਮਾਮਲੇ ਦੇ ਮੁੱਖ ਜਾਂਚ ਅਧਿਕਾਰੀ (IO) ਰਹੇ ਹਨ।

  • ਮਜੀਠੀਆ ਤੋਂ ਪੁੱਛਗਿੱਛ: ਦਸੰਬਰ 2014 ਵਿੱਚ ਉਨ੍ਹਾਂ ਨੇ ਉਸ ਵੇਲੇ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜਲੰਧਰ ਦਫ਼ਤਰ ਤਲਬ ਕਰਕੇ ਲੰਬੀ ਪੁੱਛਗਿੱਛ ਕੀਤੀ ਸੀ।

  • ਤਬਾਦਲੇ ਦਾ ਵਿਵਾਦ: ਮਜੀਠੀਆ ਤੋਂ ਪੁੱਛਗਿੱਛ ਦੇ ਕੁਝ ਹਫ਼ਤਿਆਂ ਬਾਅਦ ਜਨਵਰੀ 2015 ਵਿੱਚ ਉਨ੍ਹਾਂ ਦਾ ਤਬਾਦਲਾ ਕੋਲਕਾਤਾ ਕਰ ਦਿੱਤਾ ਗਿਆ ਸੀ। ਇਸ ਤਬਾਦਲੇ ਨੂੰ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ, ਜਿਸ ਤੋਂ ਬਾਅਦ ਅਦਾਲਤ ਦੇ ਦਖ਼ਲ ਨਾਲ ਉਨ੍ਹਾਂ ਦਾ ਤਬਾਦਲਾ ਰੱਦ ਹੋਇਆ ਅਤੇ ਉਹ ਜਲੰਧਰ ਰਹਿ ਕੇ ਜਾਂਚ ਦੀ ਨਿਗਰਾਨੀ ਕਰਦੇ ਰਹੇ।

  • ਵੱਡੀ ਕਾਰਵਾਈ: ਉਨ੍ਹਾਂ ਦੀ ਜਾਂਚ ਦੌਰਾਨ 73 ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਹੋਈ ਅਤੇ ਦੋਸ਼ੀਆਂ ਦੀ 200 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ। ਸਾਲ 2024 ਵਿੱਚ ਵਿਸ਼ੇਸ਼ PMLA ਅਦਾਲਤ ਨੇ ਇਸ ਮਾਮਲੇ ਵਿੱਚ ਜਗਦੀਸ਼ ਭੋਲਾ ਸਮੇਤ 17 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।

image (5)

ਨਿਰੰਜਨ ਸਿੰਘ 31 ਮਈ 2021 ਨੂੰ ED ਤੋਂ ਸੇਵਾਮੁਕਤ ਹੋਏ ਸਨ। ਰਾਜੇਸ਼ਵਰ ਸਿੰਘ (ਭਾਜਪਾ) ਅਤੇ ਡਾ. ਸ਼ਮਸੁਦੀਨ (ਕਾਂਗਰਸ) ਤੋਂ ਬਾਅਦ ਉਹ ED ਦੀ ਨੌਕਰੀ ਤੋਂ ਬਾਅਦ ਸਰਗਰਮ ਸਿਆਸਤ ਵਿੱਚ ਕਦਮ ਰੱਖਣ ਵਾਲੇ ਤੀਜੇ ਵੱਡੇ ਅਧਿਕਾਰੀ ਬਣ ਗਏ ਹਨ।

Related Posts