ਲੁਧਿਆਣਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਫਾਇਰਿੰਗ: ਜੇਲ੍ਹ ਤੋਂ ਆਏ ਸ਼ੂਟਰ ਨੇ ਰਚੀ ਸੀ ਫਿ ਸਾਜ਼ਿਸ਼
ਪੰਜਾਬ ਦੇ ਲੁਧਿਆਣਾ (ਜਗਰਾਉਂ) ਦੇ ਪਿੰਡ ਰਾਜੋਆਣਾ ਕਲਾਂ ਸਥਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਮੰਜੀ ਸਾਹਿਬ ਵਿਖੇ ਹੋਈ ਫਾਇਰਿੰਗ ਦੀ ਘਟਨਾ ਨੇ ਸਿੱਖ ਸੰਗਤ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਪਰ ਹੁਣ ਲੁਧਿਆਣਾ ਦਿਹਾਤੀ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਂਦਿਆਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਗੋਲੀ ਚਲਾਉਣ ਵਾਲੇ ਮੁੱਖ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਬਦਮਾਸ਼ ਮਹਿਜ਼ 5 ਦਿਨ ਪਹਿਲਾਂ ਹੀ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਬਾਹਰ ਆਉਂਦਿਆਂ ਹੀ ਇਸ ਨੇ ਫਿਰੌਤੀ ਵਸੂਲਣ ਲਈ ਗੁਰਦੁਆਰਾ ਸਾਹਿਬ ਵਰਗੇ ਪਵਿੱਤਰ ਸਥਾਨ ਨੂੰ ਆਪਣਾ ਨਿਸ਼ਾਨਾ ਬਣਾ ਲਿਆ।
ਵਾਰਦਾਤ ਵਾਲੀ ਰਾਤ ਕੀ ਹੋਇਆ ਸੀ? ਇਹ ਘਟਨਾ 28 ਅਕਤੂਬਰ ਦੀ ਸਵੇਰ ਕਰੀਬ 3:10 ਵਜੇ ਦੀ ਹੈ। ਰਾਤ ਦੇ ਹਨੇਰੇ ਵਿੱਚ ਦੋ ਨਕਾਬਪੋਸ਼ ਬਦਮਾਸ਼ ਮੋਟਰਸਾਈਕਲ 'ਤੇ ਗੁਰਦੁਆਰਾ ਮੰਜੀ ਸਾਹਿਬ ਪਹੁੰਚੇ। ਇਨ੍ਹਾਂ ਵਿੱਚੋਂ ਇੱਕ ਬਦਮਾਸ਼ ਮੱਥਾ ਟੇਕਣ ਦੇ ਬਹਾਨੇ ਅੰਦਰ ਦਾਖਲ ਹੋਇਆ। ਉਸ ਵੇਲੇ ਉੱਥੇ ਮੌਜੂਦ ਹੈੱਡ ਗ੍ਰੰਥੀ ਭਾਈ ਕੁਲਵੰਤ ਸਿੰਘ ਨੇ ਜਦੋਂ ਉਸਨੂੰ ਇੰਨੀ ਰਾਤ ਨੂੰ ਆਉਣ ਦਾ ਕਾਰਨ ਪੁੱਛਿਆ, ਤਾਂ ਉਸਨੇ ਚਲਾਕੀ ਨਾਲ ਕਿਹਾ ਕਿ ਉਹ ਮੱਥਾ ਟੇਕਣ ਆਇਆ ਹੈ ਅਤੇ ਉਸਦਾ ਸਾਥੀ ਵੀ ਪਿੱਛੇ ਆ ਰਿਹਾ ਹੈ। ਹੈੱਡ ਗ੍ਰੰਥੀ ਨੇ ਉਸਨੂੰ ਚਾਹ-ਪਾਣੀ ਪੀਣ ਲਈ ਵੀ ਕਿਹਾ। ਪਰ ਕੁਝ ਦੇਰ ਬਾਅਦ ਜਿਵੇਂ ਹੀ ਹੈੱਡ ਗ੍ਰੰਥੀ ਦੂਜੇ ਪਾਸੇ ਗਏ, ਮੁਲਜ਼ਮ ਨੇ ਆਪਣੀ ਬੰਦੂਕ ਕੱਢੀ ਅਤੇ ਸਿੱਧਾ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਦੇ ਰਿਹਾਇਸ਼ੀ ਕਮਰੇ ਵੱਲ ਫਾਇਰ ਕਰ ਦਿੱਤਾ। ਗੋਲੀ ਲੱਕੜ ਅਤੇ ਐਲੂਮੀਨੀਅਮ ਦੇ ਗੇਟ ਨੂੰ ਚੀਰਦੀ ਹੋਈ ਕੰਧ ਵਿੱਚ ਜਾ ਲੱਗੀ। ਗਨੀਮਤ ਰਹੀ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਮੋਟਰਸਾਈਕਲ 'ਤੇ ਫਰਾਰ ਹੋ ਗਏ।
ਪੁਲਿਸ ਦੀ ਜਾਂਚ: 200 ਕਿਲੋਮੀਟਰ ਖੰਗਾਲੀ CCTV ਫੁਟੇਜ ਇਸ ਘਟਨਾ ਤੋਂ ਬਾਅਦ ਸੰਗਤ ਵਿੱਚ ਭਾਰੀ ਰੋਸ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਐਕਸ਼ਨ ਲਿਆ। ਪੁਲਿਸ ਟੀਮਾਂ ਨੇ ਬੈਕਵਰਡ ਅਤੇ ਫਾਰਵਰਡ ਰੂਟ ਦੀ ਕਰੀਬ 200 ਕਿਲੋਮੀਟਰ ਤੱਕ ਦੀ ਸੀਸੀਟੀਵੀ (CCTV) ਫੁਟੇਜ ਖੰਗਾਲੀ। ਤਕਨੀਕੀ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਪੁਲਿਸ ਨੇ ਆਖਰਕਾਰ ਮੁੱਖ ਸ਼ੂਟਰ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਰਾਜ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ, ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਨੂਰਪੁਰ (ਮਾਛੀਵਾੜਾ) ਦਾ ਰਹਿਣ ਵਾਲਾ ਹੈ।
ਸਾਜ਼ਿਸ਼ ਦਾ ਅਸਲ ਮਕਸਦ: ਫਿਰੌਤੀ ਅਤੇ ਬਲੈਕਮੇਲਿੰਗ ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਪੂਰੀ ਵਾਰਦਾਤ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਨੂੰ ਬਲੈਕਮੇਲ ਕਰਕੇ ਉਨ੍ਹਾਂ ਤੋਂ ਫਿਰੌਤੀ ਵਸੂਲਣ ਦੀ ਸਾਜ਼ਿਸ਼ ਤਹਿਤ ਰਚੀ ਗਈ ਸੀ। ਪੁਲਿਸ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਵੀ ਮੁਲਜ਼ਮਾਂ ਨੇ ਮੁੱਖ ਸੇਵਾਦਾਰ ਨੂੰ ਫੋਨ 'ਤੇ ਧਮਕੀਆਂ ਦਿੱਤੀਆਂ ਸਨ। ਜਦੋਂ ਗੱਲ ਨਹੀਂ ਬਣੀ ਤਾਂ ਦਹਿਸ਼ਤ ਫੈਲਾਉਣ ਲਈ ਇਸ ਗੋਲੀਕਾਂਡ ਨੂੰ ਅੰਜਾਮ ਦਿੱਤਾ ਗਿਆ।
ਮੁਲਜ਼ਮ ਰਾਜੂ ਦਾ ਪੁਰਾਣਾ ਅਪਰਾਧਿਕ ਰਿਕਾਰਡ ਐਸਐਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਰਾਜੂ ਅਪਰਾਧ ਦੀ ਦੁਨੀਆ ਦਾ ਪੁਰਾਣਾ ਖਿਡਾਰੀ ਹੈ। ਪਿਛਲੇ 16 ਸਾਲਾਂ ਤੋਂ ਉਹ ਜੁਰਮ ਕਰ ਰਿਹਾ ਹੈ। ਸਾਲ 2010 ਤੋਂ ਲੈ ਕੇ ਹੁਣ ਤੱਕ ਉਸ 'ਤੇ ਜਬਰਨ ਵਸੂਲੀ, ਅਸਲਾ ਐਕਟ ਅਤੇ ਨਸ਼ਾ ਤਸਕਰੀ (NDPS) ਦੇ 7 ਮਾਮਲੇ ਪਹਿਲਾਂ ਤੋਂ ਦਰਜ ਹਨ।
.png)
2010, 2011, 2016 ਅਤੇ 2020 ਵਿੱਚ ਉਸ 'ਤੇ ਕੋਟਕਪੂਰਾ, ਫਰੀਦਕੋਟ ਅਤੇ ਸ਼ਾਹਕੋਟ ਵਿੱਚ ਫਿਰੌਤੀ ਅਤੇ ਅਸਲਾ ਐਕਟ ਦੇ ਮਾਮਲੇ ਦਰਜ ਹੋਏ।
2022 ਅਤੇ 2025 ਵਿੱਚ ਥਾਣਾ ਸਦਰ ਜ਼ੀਰਾ (ਫਿਰੋਜ਼ਪੁਰ) ਵਿਖੇ ਉਸ 'ਤੇ NDPS ਐਕਟ ਦੇ 3 ਮਾਮਲੇ ਦਰਜ ਹੋਏ। 23 ਅਕਤੂਬਰ ਨੂੰ ਹੀ ਉਹ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ 28 ਅਕਤੂਬਰ ਨੂੰ ਉਸਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਹੁਣ ਇਹ ਉਸਦੇ ਖਿਲਾਫ ਅੱਠਵਾਂ ਮਾਮਲਾ ਹੈ।
ਅਗਲੀ ਕਾਰਵਾਈ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 4 ਮੁਲਜ਼ਮਾਂ ਨੂੰ ਟ੍ਰੇਸ ਕਰ ਲਿਆ ਹੈ। ਮੁੱਖ ਸ਼ੂਟਰ ਰਾਜੂ ਫੜਿਆ ਜਾ ਚੁੱਕਾ ਹੈ। ਪੁਲਿਸ ਦੂਜੇ ਸ਼ੂਟਰ ਅਤੇ ਧਮਕੀਆਂ ਦੇਣ ਵਾਲੇ ਬਾਕੀ ਮੁਲਜ਼ਮਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

