ਸਿੱਧੂ ਮੂਸੇਵਾਲਾ ਦੇ ਅਣ-ਰਿਲੀਜ਼ ਗੀਤ 'ਫੈਂਟਮ' ਨੂੰ ਲੈ ਕੇ ਵਿਵਾਦ: ਪਰਿਵਾਰ ਨੇ ਜਤਾਇਆ ਇਤਰਾਜ਼

ਸਿੱਧੂ ਮੂਸੇਵਾਲਾ ਦੇ ਅਣ-ਰਿਲੀਜ਼ ਗੀਤ 'ਫੈਂਟਮ' ਨੂੰ ਲੈ ਕੇ ਵਿਵਾਦ: ਪਰਿਵਾਰ ਨੇ ਜਤਾਇਆ ਇਤਰਾਜ਼

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕਰੀਬ ਸਾਢੇ ਚਾਰ ਸਾਲ ਬਾਅਦ ਉਨ੍ਹਾਂ ਦੇ ਇੱਕ ਅਣ-ਰਿਲੀਜ਼ ਗੀਤ 'ਫੈਂਟਮ' (Phantom) ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਧੂ ਦੇ ਮਾਤਾ-ਪਿਤਾ ਬਲਕੌਰ ਸਿੰਘ ਅਤੇ ਚਰਨ ਕੌਰ ਨੇ ਮਿਊਜ਼ਿਕ ਕੰਪਨੀ ਸਾਗਾ ਮਿਊਜ਼ਿਕ (Saga Music) ਵੱਲੋਂ ਇਹ ਗੀਤ ਰਿਲੀਜ਼ ਕਰਨ ਦੇ ਫੈਸਲੇ 'ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਕੰਪਨੀ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਸਿੱਧੂ ਦਾ ਗੀਤ ਰਿਲੀਜ਼ ਕਰ ਰਹੀ ਹੈ। ਉਨ੍ਹਾਂ ਨੇ ਗੀਤ ਦੀ ਰਿਲੀਜ਼ ਰੋਕਣ ਦੀ ਮੰਗ ਕੀਤੀ ਹੈ ਅਤੇ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ, ਸਾਗਾ ਮਿਊਜ਼ਿਕ ਦਾ ਦਾਅਵਾ ਹੈ ਕਿ ਇਸ ਗੀਤ ਨੂੰ ਲੈ ਕੇ ਸਿੱਧੂ ਨਾਲ ਪਹਿਲਾਂ ਹੀ ਸਮਝੌਤਾ ਹੋ ਚੁੱਕਾ ਸੀ ਅਤੇ ਕੰਪਨੀ ਨੇ ਇਸਦੇ ਲਈ ਉਨ੍ਹਾਂ ਨੂੰ ਭੁਗਤਾਨ ਵੀ ਕੀਤਾ ਸੀ।

ਸਾਡੀ ਇਜਾਜ਼ਤ ਤੋਂ ਬਿਨਾਂ ਰਿਲੀਜ਼ ਹੋ ਰਿਹਾ ਹੈ ਗੀਤ: ਪਰਿਵਾਰ ਸਿੱਧੂ ਦੇ ਮਾਤਾ-ਪਿਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਗਾ ਮਿਊਜ਼ਿਕ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾਂ ਗੀਤ 'ਫੈਂਟਮ' ਰਿਲੀਜ਼ ਕਰ ਰਿਹਾ ਹੈ। ਪਰਿਵਾਰ ਮੁਤਾਬਕ, ਉਨ੍ਹਾਂ ਨੇ ਕੰਪਨੀ ਨੂੰ ਗੀਤ ਦੀ ਰਿਲੀਜ਼ ਰੋਕਣ ਅਤੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਸੀ, ਪਰ ਕੰਪਨੀ ਨੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਰਿਲੀਜ਼ ਦੀਆਂ ਤਿਆਰੀਆਂ ਜਾਰੀ ਰੱਖੀਆਂ।

ਮਾਤਾ-ਪਿਤਾ ਨੇ ਕਿਹਾ ਕਿ ਉਹ ਸਿੱਧੂ ਦੀ ਵਿਰਾਸਤ ਅਤੇ ਉਨ੍ਹਾਂ ਨਾਲ ਜੁੜੇ ਅਧਿਕਾਰਾਂ ਦੀ ਰਾਖੀ ਲਈ ਕਾਨੂੰਨੀ ਕਾਰਵਾਈ ਕਰ ਰਹੇ ਹਨ। ਉਨ੍ਹਾਂ ਨੇ ਹੋਰ ਕਲਾਕਾਰਾਂ ਅਤੇ ਮਿਊਜ਼ਿਕ ਕੰਪਨੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਸਿੱਧੂ ਦੇ ਗੀਤਾਂ ਨਾਲ ਜੁੜੇ ਕੋਈ ਦਸਤਾਵੇਜ਼ ਜਾਂ ਅਧਿਕਾਰ ਹਨ, ਤਾਂ ਉਹ ਕੋਈ ਵੀ ਗੀਤ ਰਿਲੀਜ਼ ਕਰਨ ਜਾਂ ਐਲਾਨ ਕਰਨ ਤੋਂ ਪਹਿਲਾਂ ਪਰਿਵਾਰ ਨਾਲ ਸੰਪਰਕ ਜ਼ਰੂਰ ਕਰਨ।

ਸਾਗਾ ਮਿਊਜ਼ਿਕ ਨੇ ਸ਼ੇਅਰ ਕੀਤਾ ਐਗਰੀਮੈਂਟ ਅਤੇ ਪੁਰਾਣੀ ਵੀਡੀਓ ਪਰਿਵਾਰ ਦੇ ਵਿਰੋਧ ਤੋਂ ਬਾਅਦ ਸਾਗਾ ਮਿਊਜ਼ਿਕ ਨੇ ਸਿੱਧੂ ਮੂਸੇਵਾਲਾ ਨਾਲ ਹੋਏ ਕਥਿਤ 'ਕੰਟੈਂਟ ਅਸਾਈਨਮੈਂਟ ਐਗਰੀਮੈਂਟ' (Content Assignment Agreement) ਦਾ ਪਹਿਲਾ ਪੰਨਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਸਿੱਧੂ ਨਾਲ ਗੀਤ ਦੇ ਆਡੀਓ ਰਾਈਟਸ ਨੂੰ ਲੈ ਕੇ ਸਮਝੌਤਾ ਹੋਇਆ ਸੀ ਅਤੇ ਇਸਦੇ ਬਦਲੇ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਗਏ ਸਨ। ਕੰਪਨੀ ਨੇ ਪੂਰਾ ਐਗਰੀਮੈਂਟ ਜਨਤਕ ਨਹੀਂ ਕੀਤਾ, ਇਹ ਕਹਿੰਦਿਆਂ ਕਿ ਦਸਤਾਵੇਜ਼ ਵਿੱਚ ਕੁਝ ਨਿੱਜੀ ਜਾਣਕਾਰੀਆਂ ਅਤੇ ਗੁਪਤ ਸ਼ਰਤਾਂ ਹਨ।

image (12)

ਇਸ ਤੋਂ ਇਲਾਵਾ, ਸਾਗਾ ਮਿਊਜ਼ਿਕ ਨੇ ਸਿੱਧੂ ਮੂਸੇਵਾਲਾ ਦਾ ਇੱਕ ਪੁਰਾਣਾ ਲਾਈਵ ਸੈਸ਼ਨ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ਵਿੱਚ ਉਹ ਕਹਿ ਰਹੇ ਹਨ- "ਮੇਰਾ ਗੀਤ ਫੈਂਟਮ, ਸਾਗਾ ਮਿਊਜ਼ਿਕ 'ਤੇ ਆ ਰਿਹਾ ਹੈ।"

'ਜਾਂਦੀ ਵਾਰ' ਗੀਤ ਦੀ ਰਿਲੀਜ਼ 'ਤੇ ਵੀ ਹੋਇਆ ਸੀ ਵਿਵਾਦ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਗੀਤਾਂ ਨੂੰ ਰਿਲੀਜ਼ ਕਰਨ ਨੂੰ ਲੈ ਕੇ ਇਹ ਕੋਈ ਪਹਿਲਾ ਵਿਵਾਦ ਨਹੀਂ ਹੈ। ਸਾਲ 2022 ਵਿੱਚ ਮਿਊਜ਼ਿਕ ਕੰਪੋਜ਼ਰ ਸਲੀਮ-ਸੁਲੇਮਾਨ ਨੇ ਸਿੱਧੂ ਅਤੇ ਗਾਇਕਾ ਅਫਸਾਨਾ ਖਾਨ ਦਾ ਗੀਤ 'ਜਾਂਦੀ ਵਾਰ' ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ।

ਉਸ ਵੇਲੇ ਵੀ ਸਿੱਧੂ ਦੇ ਪਰਿਵਾਰ ਨੇ ਇਤਰਾਜ਼ ਜਤਾਇਆ ਸੀ ਅਤੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਨਵੰਬਰ 2022 ਵਿੱਚ ਮਾਨਸਾ ਦੀ ਅਦਾਲਤ ਨੇ ਗੀਤ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਸੀ। ਜੂਨ 2022 ਵਿੱਚ ਪਰਿਵਾਰ ਨੇ ਸਾਰੀਆਂ ਮਿਊਜ਼ਿਕ ਕੰਪਨੀਆਂ ਅਤੇ ਪ੍ਰੋਡਿਊਸਰਾਂ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਰਿਕਾਰਡ ਕੀਤੇ ਜਾਂ ਅਧੂਰੇ ਗੀਤ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਰਿਲੀਜ਼ ਨਾ ਕੀਤੇ ਜਾਣ ਅਤੇ ਸਾਰੀਆਂ ਰਿਕਾਰਡਿੰਗਜ਼ ਪਿਤਾ ਬਲਕੌਰ ਸਿੰਘ ਨੂੰ ਸੌਂਪ ਦਿੱਤੀਆਂ ਜਾਣ।

ਸਿੱਧੂ ਮੂਸੇਵਾਲਾ ਦਾ ਸਫ਼ਰ ਸਿੱਧੂ ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਉਨ੍ਹਾਂ ਦਾ ਜਨਮ 11 ਜੂਨ 1993 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਹੋਇਆ ਸੀ। ਉਨ੍ਹਾਂ ਨੇ 'ਸੋ ਹਾਈ', '295', 'ਦ ਲਾਸਟ ਰਾਈਡ' ਅਤੇ 'ਲੈਜੇਂਡ' ਵਰਗੇ ਗੀਤਾਂ ਨਾਲ ਦੁਨੀਆ ਭਰ ਵਿੱਚ ਪਛਾਣ ਬਣਾਈ। 29 ਮਈ 2022 ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਵਕਤ ਉਹ ਮਹਿਜ਼ 28 ਸਾਲ ਦੇ ਸਨ। ਮੌਤ ਤੋਂ ਬਾਅਦ ਉਨ੍ਹਾਂ ਦੇ 'SYL', 'ਮੇਰਾ ਨਾਂ', 'ਡ੍ਰਿਪੀ' (Drippy) ਅਤੇ '410' ਵਰਗੇ ਕਈ ਹਿੱਟ ਗੀਤ ਰਿਲੀਜ਼ ਹੋਏ ਹਨ।

Related Posts