ਪੰਜਾਬੀਆਂ ਨੂੰ ਵੱਡਾ ਤੋਹਫ਼ਾ,ਪੁਰਾਣੇ ਬਿਜਲੀ ਬਿੱਲ ਪੂਰੀ ਤਰ੍ਹਾਂ ਮੁਆਫ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਵਨ-ਟਾਈਮ ਸੈਟਲਮੈਂਟ (OTS) ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਤਹਿਤ 31 ਮਾਰਚ 2026 ਤੱਕ ਦੇ ਬਕਾਇਆ ਬਿਜਲੀ ਬਿੱਲਾਂ 'ਤੇ ਲੱਗਣ ਵਾਲੀ ਪੂਰੀ ਪੈਨਲਟੀ (ਜੁਰਮਾਨਾ) ਅਤੇ ਵਿਆਜ ਮੁਆਫ਼ ਕੀਤਾ ਜਾਵੇਗਾ। ਖਪਤਕਾਰਾਂ ਨੂੰ ਹੁਣ ਸਿਰਫ਼ ਬਿੱਲ ਦੀ ਮੂਲ ਰਕਮ ਹੀ ਜਮ੍ਹਾਂ ਕਰਵਾਉਣੀ ਪਵੇਗੀ।
ਇਸ ਫੈਸਲੇ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਕਰੀਬ 24.86 ਲੱਖ ਘਰੇਲੂ ਖਪਤਕਾਰਾਂ ਨੂੰ ਫਾਇਦਾ ਮਿਲੇਗਾ। ਸਰਕਾਰ ਵੱਲੋਂ ਕੁੱਲ 2,516 ਕਰੋੜ ਰੁਪਏ ਦੇ ਬਕਾਏ ਵਿੱਚੋਂ 518 ਕਰੋੜ ਰੁਪਏ ਦਾ ਵਿਆਜ ਅਤੇ ਜੁਰਮਾਨਾ ਪੂਰੀ ਤਰ੍ਹਾਂ ਮੁਆਫ ਕੀਤਾ ਜਾ ਰਿਹਾ ਹੈ।
OTS ਸਕੀਮ ਦੀਆਂ ਮੁੱਖ ਗੱਲਾਂ ਅਤੇ ਸਵਾਲ-ਜਵਾਬ:
-
ਸਕੀਮ ਦਾ ਲਾਭ ਕਿਸਨੂੰ ਮਿਲੇਗਾ? ਪੰਜਾਬ ਦੇ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਨੂੰ (ਪੇਂਡੂ ਅਤੇ ਸ਼ਹਿਰੀ)।
-
ਕਿੰਨੀ ਰਾਹਤ ਮਿਲੇਗੀ? 31 ਮਾਰਚ 2026 ਤੱਕ ਦੇ ਬਕਾਏ 'ਤੇ ਲੱਗਿਆ ਸਾਰਾ ਵਿਆਜ ਅਤੇ ਜੁਰਮਾਨਾ ਮੁਆਫ਼ ਹੋਵੇਗਾ, ਸਿਰਫ਼ ਮੂਲ ਰਕਮ ਭਰਨੀ ਹੋਵੇਗੀ।
-
ਭੁਗਤਾਨ ਕਿਵੇਂ ਕਰਨਾ ਹੋਵੇਗਾ? ਸ਼ੁਰੂ ਵਿੱਚ ਮੂਲ ਰਕਮ ਦਾ 25% ਹਿੱਸਾ ਜਮ੍ਹਾਂ ਕਰਵਾਉਣਾ ਪਵੇਗਾ। ਬਾਕੀ 75% ਰਕਮ ਛੇ-ਛੇ ਮਹੀਨਿਆਂ ਦੀਆਂ ਦੋ ਕਿਸ਼ਤਾਂ ਵਿੱਚ ਅਦਾ ਕੀਤੀ ਜਾ ਸਕੇਗੀ।
-
ਸਕੀਮ ਕਿੰਨੇ ਦਿਨ ਲਾਗੂ ਰਹੇਗੀ? ਇਹ OTS ਸਕੀਮ 45 ਦਿਨਾਂ ਤੱਕ ਵੈਲਿਡ ਰਹੇਗੀ।
-
ਅਪਲਾਈ ਕਿੱਥੇ ਕਰਨਾ ਹੋਵੇਗਾ? ਖਪਤਕਾਰਾਂ ਨੂੰ ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ ਹੈ। ਬਿਜਲੀ ਵਿਭਾਗ ਵੱਲੋਂ ਸੋਧੇ ਹੋਏ (Revised) ਬਿੱਲ ਸਿੱਧੇ ਖਪਤਕਾਰਾਂ ਦੇ ਘਰ ਭੇਜੇ ਜਾਣਗੇ।
-
ਕੱਟੇ ਹੋਏ ਕੁਨੈਕਸ਼ਨਾਂ ਦਾ ਕੀ ਬਣੇਗਾ? ਜਿਨ੍ਹਾਂ ਖਪਤਕਾਰਾਂ ਦੇ ਕੁਨੈਕਸ਼ਨ ਬਿੱਲ ਨਾ ਭਰਨ ਕਾਰਨ ਕੱਟੇ ਗਏ ਸਨ, ਉਹ OTS ਦੀਆਂ ਸ਼ਰਤਾਂ ਪੂਰੀਆਂ ਕਰਕੇ ਆਪਣਾ ਕੁਨੈਕਸ਼ਨ ਮੁੜ ਬਹਾਲ ਕਰਵਾ ਸਕਦੇ ਹਨ।
-
ਕੀ 600 ਯੂਨਿਟ ਮੁਫ਼ਤ ਬਿਜਲੀ ਜਾਰੀ ਰਹੇਗੀ? ਹਾਂ, 600 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਪਹਿਲਾਂ ਵਾਂਗ ਹੀ ਜਾਰੀ ਰਹੇਗੀ।
.png)
CM ਮਾਨ ਬੋਲੇ: ਅਸੀਂ ਬਿਨਾਂ ਲਿਖੀਆਂ ਗਾਰੰਟੀਆਂ ਵੀ ਪੂਰੀਆਂ ਕੀਤੀਆਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਪ੍ਰਦੂਸ਼ਣ ਮੁੱਦੇ 'ਤੇ ਗੱਲ ਕਰਦਿਆਂ ਕਿਹਾ ਕਿ, "ਪੰਜਾਬ ਦਾ ਧੂੰਆਂ ਦਿੱਲੀ ਤੱਕ ਤਾਂ ਹੀ ਜਾ ਸਕਦਾ ਹੈ ਜੇਕਰ ਹਵਾ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇ ਅਤੇ ਫਿਰ ਵੀ ਇਸਨੂੰ ਪਹੁੰਚਣ ਵਿੱਚ ਤਿੰਨ ਦਿਨ ਲੱਗਣਗੇ। ਪੰਜਾਬ ਵਿੱਚ ਅਜੇ ਝੋਨੇ ਦੀ ਕਟਾਈ ਸ਼ੁਰੂ ਵੀ ਨਹੀਂ ਸੀ ਹੋਈ ਕਿ ਦਿੱਲੀ ਵਾਲੇ ਧੂੰਆਂ ਆਉਣ ਦੀਆਂ ਸ਼ਿਕਾਇਤਾਂ ਕਰਨ ਲੱਗ ਪਏ ਸਨ।" ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਗਾਰੰਟੀਆਂ ਵੀ ਪੂਰੀਆਂ ਕੀਤੀਆਂ ਹਨ ਜੋ ਕਦੇ ਲਿਖਤੀ ਰੂਪ ਵਿੱਚ ਨਹੀਂ ਦਿੱਤੀਆਂ ਗਈਆਂ ਸਨ।
ਸਿਆਸੀ ਮੁੱਦਿਆਂ 'ਤੇ ਬੋਲਦਿਆਂ ਮਾਨ ਨੇ ਕਿਹਾ ਕਿ ਭਾਜਪਾ ਚੋਣਾਂ ਵਾਲੇ ਸੂਬਿਆਂ ਵਿੱਚ CBI, ED ਅਤੇ ਇਨਕਮ ਟੈਕਸ ਵਿਭਾਗ ਦੀ ਵਰਤੋਂ ਕਰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲੀ ਧਮਕੀ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

