ਖਰੜ ਹਲਕੇ 'ਚ ਆਮ ਆਦਮੀ ਪਾਰਟੀ ਦਾ ਵੱਡਾ ਫ਼ੈਸਲਾ: ਪਰਮਿੰਦਰ ਸਿੰਘ ਗੋਲਡੀ ਬਣੇ ਨਵੇਂ ਹਲਕਾ ਇੰਚਾਰਜ

ਖਰੜ ਹਲਕੇ 'ਚ ਆਮ ਆਦਮੀ ਪਾਰਟੀ ਦਾ ਵੱਡਾ ਫ਼ੈਸਲਾ: ਪਰਮਿੰਦਰ ਸਿੰਘ ਗੋਲਡੀ ਬਣੇ ਨਵੇਂ ਹਲਕਾ ਇੰਚਾਰਜ

ਆਮ ਆਦਮੀ ਪਾਰਟੀ (AAP) ਨੇ ਖਰੜ ਵਿਧਾਨ ਸਭਾ ਹਲਕੇ ਵਿੱਚ ਸੰਗਠਨ ਪੱਧਰ 'ਤੇ ਵੱਡਾ ਬਦਲਾਅ ਕਰਦਿਆਂ ਪਰਮਿੰਦਰ ਸਿੰਘ ਗੋਲਡੀ ਨੂੰ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ। ਮੌਜੂਦਾ ਸਮੇਂ ਖਰੜ ਤੋਂ ਪੰਜਾਬੀ ਗਾਇਕਾ ਅਤੇ ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਿਧਾਇਕ ਹਨ।

ਦਿਲਚਸਪ ਗੱਲ ਇਹ ਹੈ ਕਿ ਗੋਲਡੀ ਦੀ ਨਿਯੁਕਤੀ ਦੇ ਹੁਕਮ ਉਸੇ ਦਿਨ ਸਾਹਮਣੇ ਆਏ, ਜਿਸ ਦਿਨ ਖਰੜ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ 'ਲੋਕ ਮਿਲਣੀ' ਸਮਾਗਮ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਦੌਰਾਨ ਪਰਮਿੰਦਰ ਗੋਲਡੀ ਮੁੱਖ ਮੰਤਰੀ ਮਾਨ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦੇ ਨਾਲ ਮੰਚ 'ਤੇ ਹਾਜ਼ਰ ਨਜ਼ਰ ਆਏ।

ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਹਨ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਮੌਜੂਦਾ ਸਮੇਂ ਪੰਜਾਬ ਸਰਕਾਰ ਦੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ ਸੂਬੇ ਵਿੱਚ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਪਿਛਲੇ ਦਿਨਾਂ ਵਿੱਚ ਨਸ਼ਿਆਂ ਵਿਰੁੱਧ ਕਈ ਵੱਡੀਆਂ ਰੈਲੀਆਂ ਵੀ ਕਰਵਾ ਚੁੱਕੇ ਹਨ। ਗੋਲਡੀ ਨੂੰ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਅਤੇ ਕੇਂਦਰੀ ਲੀਡਰਸ਼ਿਪ ਦਾ ਕਰੀਬੀ ਮੰਨਿਆ ਜਾਂਦਾ ਹੈ।

ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂਆਤ ਅਤੇ ਨਿਊ ਚੰਡੀਗੜ੍ਹ ਨਾਲ ਸਬੰਧ ਪਰਮਿੰਦਰ ਗੋਲਡੀ ਵਿਦਿਆਰਥੀ ਰਾਜਨੀਤੀ ਤੋਂ ਹੀ ਕਾਫ਼ੀ ਸਰਗਰਮ ਰਹੇ ਹਨ ਅਤੇ ਉਹ ਨਿਊ ਚੰਡੀਗੜ੍ਹ ਇਲਾਕੇ ਨਾਲ ਸਬੰਧਤ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਉਹ ਮੈਦਾਨ ਵਿੱਚ ਸਰਗਰਮ ਸਨ, ਹਾਲਾਂਕਿ ਉਸ ਸਮੇਂ ਪਾਰਟੀ ਨੇ ਅਨਮੋਲ ਗਗਨ ਮਾਨ ਨੂੰ ਟਿਕਟ ਦਿੱਤੀ ਸੀ। ਪਿਛਲੇ ਕਾਫ਼ੀ ਸਮੇਂ ਤੋਂ ਗੋਲਡੀ ਖਰੜ ਹਲਕੇ ਵਿੱਚ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਕਰ ਰਹੇ ਹਨ।

image (3)

ਕੇਜਰੀਵਾਲ ਦੀ ਫੀਡਬੈਕ ਤੋਂ ਬਾਅਦ ਲਿਆ ਗਿਆ ਫ਼ੈਸਲਾ ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮੋਹਾਲੀ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਹਲਕੇ ਦੇ ਸਿਆਸੀ ਸਮੀਕਰਨਾਂ ਦੀ ਫੀਡਬੈਕ ਦੇ ਆਧਾਰ 'ਤੇ ਇਹ ਨਿਯੁਕਤੀ ਕੀਤੀ ਗਈ ਹੈ। ਪਰਮਿੰਦਰ ਗੋਲਡੀ, ਜਸਵੀਰ ਸਿੰਘ ਗੜ੍ਹੀ ਤੋਂ ਬਾਅਦ ਦੂਜੇ ਅਜਿਹੇ ਆਗੂ ਹਨ ਜਿਨ੍ਹਾਂ ਨੂੰ ਵਿਧਾਇਕ ਹੋਣ ਦੇ ਬਾਵਜੂਦ ਹਲਕੇ ਦੇ ਸੰਗਠਨ ਦੀ ਮੁੱਖ ਜ਼ਿੰਮੇਵਾਰੀ ਸੌਂਪੀ ਗਈ ਹੈ।

ਵਿਧਾਇਕ ਅਨਮੋਲ ਗਗਨ ਮਾਨ ਦੇ ਅਸਤੀਫ਼ੇ ਦਾ ਪਿਛੋਕੜ ਜ਼ਿਕਰਯੋਗ ਹੈ ਕਿ ਜੁਲਾਈ 2025 ਵਿੱਚ ਅਨਮੋਲ ਗਗਨ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਰਾਜਨੀਤੀ ਛੱਡਣ ਅਤੇ ਵਿਧਾਇਕੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਕੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਸੀ। ਹਾਲਾਂਕਿ, ਅਗਲੇ ਹੀ ਦਿਨ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਸੀ ਅਤੇ ਉਹ ਵਿਧਾਇਕ ਵਜੋਂ ਕੰਮ ਕਰ ਰਹੇ ਹਨ।

Related Posts