ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਸਰੀਰ ਤਿਆਗ ਕੇ ਗੁਰੂ ਚਰਨਾਂ 'ਚ ਬਿਰਾਜੇ
ਇਸ ਵੇਲੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਨਾਲ ਸਿੱਖ ਜਗਤ ਨੂੰ ਪਿਆ ਵੱਡਾ ਘਾਟਾ ਪਿਆ ਹੈ। ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਪੰਜ ਤੱਤਾਂ ਦੇ ਸਰੀਰ ਨੂੰ ਤਿਆਗ ਦਿੱਤਾ ਹੈ ਤੇ ਉਹ ਸੱਚਖੰਡ ਵਿਚ ਜਾ ਬਿਰਾਜੇ ਹਨ।
ਦੱਸ ਦੇਈਏ ਕਿ 24-25 ਤੇ 26 ਅਗਸਤ ਨੂੰ ਰਾੜਾ ਸਾਹਿਬ ਸੰਪ੍ਰਦਾਇ ਦੇ ਬਾਣੀ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ 50ਵੀਂ ਸਾਲਾਨਾ ਬਰਸੀ ਮਨਾਈ ਜਾ ਰਹੀ ਸੀ ਕਿ 25 ਅਗਸਤ ਦੀ ਰਾਤ ਨੂੰ ਰੈਣ ਸੂਬਾਈ ਕੀਰਤਨ ਦਰਬਾਰ ‘ਚ ਦੀਵਾਨ ਸਜਾਇਆ ਗਿਆ ਸੀ। ਇਸ ਮੌਕੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਕੀਰਤਨ ਵੀ ਕੀਤਾ। ਇਸ ਉਪਰੰਤ ਉਹ ਆਪਣੇ ਕਮਰੇ ਵਿਚ ਚਲੇ ਗਏ ਜਿਥੇ ਉਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਪੇਸ਼ ਆ ਰਹੀ ਸੀ।
ਜਦੋਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੂੰ ਹਸਪਤਾਲ ਲਿਜਾਇਆ ਗਿਆ ਤੇ ਇਸ ਤੋਂ ਪਹਿਲਾਂ ਹੀ ਉਹ ਸਰੀਰ ਛੱਡ ਗਏ। ਬਾਬਾ ਬਲਜਿੰਦਰ ਸਿੰਘ ਨੇ ਪੰਥ ਦੀ ਮਹਾਨ ਸੇਵਾ ਕੀਤੀ ਤੇ ਬਾਣੀ ਦਾ ਪ੍ਰਚਾਰ ਕਰਕੇ ਸੰਗਤ ਨੂੰ ਗੁਰੂ ਲੜ ਲਾਇਆ।
ਬਾਬਾ ਜੀ ਦੇ ਦਿਹਾਂਤ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦਾ ਵਿਛੋੜਾ ਖ਼ਾਲਸਾ ਪੰਥ ਲਈ ਵੱਡਾ ਘਾਟਾ ਹਨ। ਉਨ੍ਹਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਪਰਿਵਾਰਕ ਮੈਂਬਰਾਂ ਤੇ ਸੰਗੀ ਸਾਥੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬਾਬਾ ਜੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਬਲਜਿੰਦਰ ਸਿੰਘ ਨੇ ਜਿਥੇ ਪ੍ਰੰਪਰਿਕ ਢੰਗ ਨਾਲ ਦੇਸ਼ ਵਿਦੇਸ਼ ਅੰਦਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਉਥੇ ਹੀ ਉਨ੍ਹਾਂ ਵੱਲੋਂ ਗੁਰਬਾਣੀ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਗਤਾਂ ਤੱਕ ਪਹੁੰਚਾਉਣ ਲਈ ਤਿਆਰ ਕੀਤਾ 'ਈਸ਼ਰ ਮਾਈਕਰੋ ਮੀਡੀਆ' ਕੌਮ ਲਈ ਵੱਡੀ ਦੇਣ ਹੈ। ਉਨ੍ਹਾਂ ਦੇ ਇਸ ਉਪਰਾਲੇ ਦਾ ਕੇਵਲ ਗੁਰਬਾਣੀ ਅਤੇ ਇਤਿਹਾਸ ਦੇ ਖੋਜੀ ਹੀ ਲਾਹਾ ਨਹੀਂ ਲੈ ਰਹੇ, ਸਗੋਂ ਆਮ ਸਿੱਖ ਸੰਗਤਾਂ ਵੀ ਇਸ ਦੀ ਵਰਤੋਂ ਕਰਕੇ ਗੁਰਬਾਣੀ ਅਤੇ ਗੁਰਮਤਿ ਨਾਲ ਜੁੜ ਰਹੀਆਂ ਹਨ।
Advertisement
