ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ
ਮਾਲੇਰਕੋਟਲਾ, 27 ਦਸੰਬਰ –
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਵੱਖ-ਵੱਖ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਸਰਦੀ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਵੱਖ-ਵੱਖ ਸਕੂਲਾਂ ਦੀਆਂ 6 ਬੱਸਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦਾ ਚਲਾਨ ਕੀਤਾ ਗਿਆ।
ਚੈਕਿੰਗ ਦੌਰਾਨ ਸਕੂਲੀ ਬੱਸਾਂ ਦੇ ਦਸਤਾਵੇਜ਼, ਡਰਾਈਵਰਾਂ ਦੇ ਲਾਇਸੈਂਸ, ਫਿਟਨੈਸ ਸਰਟੀਫਿਕੇਟ, ਬੀਮਾ ਅਤੇ ਪੀ.ਯੂ.ਸੀ. ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਬੱਸਾਂ ਵਿੱਚ ਫਸਟ ਏਡ ਬਾਕਸ, ਫਾਇਰ ਇਕਸਟਿੰਗਵਿਸ਼ਰ, ਐਮਰਜੈਂਸੀ ਏਗਜ਼ਿਟ, ਸਪੀਡ ਗਵਰਨਰ, ਰਿਫਲੈਕਟਰ, ਫਾਗ ਲਾਈਟਾਂ ਅਤੇ ਜੀ.ਪੀ.ਐਸ. ਸਿਸਟਮ ਦੀ ਮੌਜੂਦਗੀ ਵੀ ਜਾਂਚੀ ਗਈ। ਧੁੰਦ ਵਾਲੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਡਰਾਈਵਰਾਂ ਨੂੰ ਹੌਲੀ ਗਤੀ ਨਾਲ ਵਾਹਨ ਚਲਾਉਣ, ਹੈੱਡਲਾਈਟਾਂ ਅਤੇ ਇੰਡੀਕੇਟਰਾਂ ਦੀ ਸਹੀ ਵਰਤੋਂ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ।
ਬਾਲ ਸੁਰੱਖਿਆ ਯੂਨਿਟ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਵਾਹਨ ਚਾਲਕਾਂ ਨੂੰ ਸਪਸ਼ਟ ਤੌਰ ’ਤੇ ਦੱਸਿਆ ਗਿਆ ਕਿ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ਼ ਮਨਜ਼ੂਰਸ਼ੁਦਾ ਅਤੇ ਸੁਰੱਖਿਅਤ ਸਕੂਲੀ ਵਾਹਨਾਂ ਰਾਹੀਂ ਹੀ ਸਕੂਲ ਭੇਜਣ।
ਇਹ ਚੈਕਿੰਗ ਅਭਿਆਨ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹੇਗਾ ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਹਰ ਹਾਲਤ ਵਿੱਚ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਲੀਗਲ ਅਫਸਰ ਬਾਬੀਤਾ ਕੁਮਾਰੀ, ਟ੍ਰੈਫਿਕ ਇੰਚਾਰਜ ਗੁਰਮੁੱਖ ਸਿੰਘ, ਗੁਰਜੰਟ ਸਿੰਘ, ਲਵਪ੍ਰੀਤ ਸਿੰਘ, ਸਿੱਖਿਆ ਵਿਭਾਗ ਤੋਂ ਕੁਲਦੀਪ ਸਿੰਘ ਅਤੇ ਮੀਡੀਆ ਸਹਾਇਕ ਪਰਗਟ ਸਿੰਘ ਹਾਜ਼ਰ ਸਨ।


