ਪਸ਼ੂਆਂ ਨੂੰ ਤੰਦਰੁਸਤ ਰੱਖਣ ਲਈ ਕੀਤੇ ਜਾਣ ਉਪਰਾਲੇ: ਡਿਪਟੀ ਡਾਇਰੈਕਟਰ

ਪਸ਼ੂਆਂ ਨੂੰ ਤੰਦਰੁਸਤ ਰੱਖਣ ਲਈ ਕੀਤੇ ਜਾਣ ਉਪਰਾਲੇ: ਡਿਪਟੀ ਡਾਇਰੈਕਟਰ

ਸ੍ਰੀ ਮੁਕਤਸਰ ਸਾਹਿਬ, 26 ਦਸੰਬਰ:

ਕੈਬਨਿਟ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ (ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ) ਦੀ ਰਹਿਨੁਮਾਈ ਹੇਠ ਪਸ਼ੂ ਪਾਲਕਾਂ ਦੀ ਭਲਾਈ ਲਈ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਡਾ. ਗੁਰਦਿੱਤ ਸਿੰਘ ਔਲਖ ਨੇ ਦੱਸਿਆ ਕਿ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਲਈ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਮੁਫਤ ਡੀ-ਵਾਰਮਿੰਗ ਕੀਤੀ ਜਾਂਦੀ ਹੈ ਅਤੇ ਮਾਰੂ ਬਿਮਾਰੀਆਂ ਤੋਂ ਬਚਾਅ ਲਈ ਪਸ਼ੂਆਂ ਵਿੱਚ ਮੂੰਹ-ਖੁਰ, ਗਲ-ਘੋਟੂ, ਲੰਪੀ ਸਕਿਨ ਬਿਮਾਰੀ ਦੀ ਵੈਕਸੀਨ ਲਗਾਉਣ ਤੋਂ ਇਲਾਵਾ, ਬੱਕਰੀਆਂ, ਭੇਡਾਂ ਵਿੱਚ ਪੀ ਪੀ ਆਰ ਅਤੇ ਈ ਟੀ ਵੀ, ਘੋੜਿਆਂ ਅਤੇ ਖੱਚਰਾਂ ਵਿੱਚ ਟੈਟਨੱਸ ਵੈਕਸੀਨ ਅਤੇ ਕੁੱਤਿਆਂ ਵਿੱਚ ਹਲਕਾਅ ਤੋਂ ਬਚਾਅ ਲਈ ਮੁਫਤ ਐਂਟੀ ਰੇਬਿਜ ਵੈਕਸੀਨ ਲਗਾਈ ਜਾਂਦੀ ਹੈ

ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਬਿਹਤਰ ਪਸ਼ੂਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵੈਟਨਰੀ ਪੋਲੀਕਲੀਨਿਕ ਬਾਦਲ ਵਿਖੇ ਇੰਨਡੋਰ ਪੈਸ਼ੇਂਟ ਵਾਰਡ (ਆਈ ਪੀ ਡੀ) ਦੀ ਸ਼ੁਰੂਆਤ ਕੀਤੀ ਗਈ ਹੈ। ਪੋਲੀਕਲੀਨਿਕ ਅਤੇ ਤਹਿਸੀਲ ਪੱਧਰ ਦੇ ਪਸ਼ੂ ਹਸਪਤਾਲਾਂ ਵਿੱਚ ਪਸ਼ੂਆਂ ਨੂੰ ਸੱਪ ਦੇ ਕੱਟੇ ਤੋਂ ਇਲਾਜ ਲਈ ਦਵਾਈ ਵੀ ਉਪਲੱਬਧ ਹੈ।

ਉਹਨਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਤਹਿਸੀਲਾਂ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਹਿਯੋਗ ਨਾਲ ਚਾਰ ਗਊਸ਼ਾਲਾਵਾਂ ਵਿੱਚ ਦਸੰਬਰ 2025 ਦੌਰਾਨ ਗਊ ਭਲਾਈ ਕੈਂਪ ਲਗਾਏ ਗਏ ਹਨ। ਇਹਨਾਂ ਗਊ ਭਲਾਈ ਕੈਂਪਾਂ ਵਿੱਚ ਗਊਆਂ ਦੇ ਇਲਾਜ ਤੋਂ ਇਲਾਵਾ ਹਰ ਗਊਸ਼ਾਲਾ ਨੂੰ 25000/- ਰੁਪਏ ਦੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ ਹਨ। ਪਸ਼ੂਆਂ ’ਤੇ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ ਕੁਰੈਲਿਟੀ ਟੂ ਐਨੀਮਲਜ਼ (SPCA) ਵੀ ਚੱਲ੍ਹ ਰਹੀ ਹੈ ਜਿਸ ਦਾ ਟੋਲ ਫਰੀ ਨੰਬਰ 99885-60065 ਹੈ।

ਉਹਨਾਂ ਨੇ ਇਸ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੂੰ ਵਿਭਾਗ ਵੱਲੋਂ ਸਬਸਿਡੀ ’ਤੇ ਲਗਾਏ ਜਾ ਰਹੇ ਉੱਤਮ ਨਸਲ ਦੇ ਸੈਕਸਡ ਸੀਮਨ ਦੀ ਵੱਧ ਤੋਂ ਵੱਧ ਵਰਤੋਂ ਕਰ ਕੇ ਇਸ ਦਾ ਲਾਭ ਉਠਾਉਣ ਦੀ ਅਪੀਲ ਕੀਤੀ।