ਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰ

ਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰ

 



ਚੰਡੀਗੜ੍ਹ/ਮਾਲੇਰਕੋਟਲਾ, 11 ਮਈ:


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਮਹੱਤਵਪੂਰਨ ਸਫ਼ਲਤਾ ਹਾਸਲ ਕਰਦਿਆਂ ਮਲੇਰਕੋਟਲਾ ਪੁਲਿਸ ਨੇ ਨਵੀਂ ਦਿੱਲੀ ਵਿਖੇ ਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਖੁਫ਼ੀਆ ਜਾਣਕਾਰੀ ਲੀਕ ਕਰਨ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ 31 ਸਾਲਾ ਔਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਗੁਜ਼ਾਲਾ (ਔਰਤ) ਅਤੇ ਯਾਮੀਨ ਮੁਹੰਮਦ ਵਜੋਂ ਹੋਈ ਹੈ, ਜੋ ਦੋਵੇਂ ਮਲੇਰਕੋਟਲਾ ਦੇ ਰਹਿਣ ਵਾਲੇ ਹਨ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।

ਇਹ ਸਫ਼ਲਤਾ ਪੁਲਿਸ ਵੱਲੋਂ ਫਲਕਸ਼ੇਰ ਮਸੀਹ ਅਤੇ ਸੂਰਜ ਮਸੀਹ ਨਾਮੀ ਦੋ ਵਿਅਕਤੀਆਂ ਵੱਲੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਨੂੰ ਫੌਜ ਦੇ ਛਾਉਣੀ ਖੇਤਰਾਂ ਅਤੇ ਹਵਾਈ ਠਿਕਾਣਿਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਅਤੇ ਤਸਵੀਰਾਂ ਲੀਕ ਕਰਨ ਵਿੱਚ ਕਥਿਤ ਭੂਮਿਕਾ ਲਈ ਉਨ੍ਹਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੁਪਤ ਜਾਣਕਾਰੀ ਸਾਂਝੀ ਕਰਨ ਬਦਲੇ ਆਨਲਾਈਨ ਮੋਡ ਜ਼ਰੀਏ ਪੈਸੇ ਲੈਂਦੇ ਸਨ। ਦੱਸਣਯੋਗ ਹੈ ਕਿ ਉਕਤ ਮੁਲਜ਼ਮ ਆਪਣੇ ਹੈਂਡਲਰ ਦੇ ਲਗਾਤਾਰ ਸੰਪਰਕ ਵਿੱਚ ਸਨ ਅਤੇ ਉਸ ਦੀਆਂ ਹਦਾਇਤਾਂ ਅਨੁਸਾਰ ਹੋਰ ਸਥਾਨਕ ਸੰਚਾਲਕਾਂ ਨੂੰ ਪੈਸੇ ਭੇਜਦੇ ਸਨ।

ਡੀਜੀਪੀ ਨੇ ਦੱਸਿਆ ਕਿ ਇਹ ਕਾਰਵਾਈ ਸਰਹੱਦ ਪਾਰੋਂ ਜਾਸੂਸੀ ਨੈੱਟਵਰਕਾਂ ਨੂੰ ਖਤਮ ਕਰਨ ਦੀ ਦਿਸ਼ਾ ਵੱਲ ਮਹੱਤਵਪੂਰਨ ਕਦਮ ਹੈ ਅਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਥਾਪਤ ਪ੍ਰੋਟੋਕੋਲ ਅਨੁਸਾਰ ਅਗਲੇਰੀ ਜਾਂਚ ਕੀਤੀ ਜਾਵੇਗੀ, ਜਿਸ ਵਿੱਚ ਵਿੱਤੀ ਲੈਣ-ਦੇਣ ਦਾ ਪਤਾ ਲਗਾਉਣ ਅਤੇ ਨੈੱਟਵਰਕ ਵਿਚਲੇ ਹੋਰਨਾਂ ਸੰਚਾਲਕਾਂ ਅਤੇ ਸਬੰਧਾਂ ਦੀ ਪਛਾਣ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਮਲੇਰਕੋਟਲਾ ਗਗਨ ਅਜੀਤ ਸਿੰਘ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਦੋਸ਼ੀ ਗੁਜ਼ਾਲਾ ਨੂੰ ਭਾਰਤੀ ਫੌਜ ਦੀਆਂ ਗਤੀਵਿਧੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਆਪਣੇ ਪਾਕਿਸਤਾਨ ਅਧਾਰਤ ਹੈਂਡਲਰ ਨੂੰ ਲੀਕ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਸ ਦੁਆਰਾ ਕੀਤੇ ਗਏ ਖੁਲਾਸਿਆਂ ਦੇ ਆਧਾਰ 'ਤੇ ਇਸ ਕੇਸ ਵਿੱਚ ਯਾਮੀਨ ਮੁਹੰਮਦ ਨਾਮੀ ਦੂਜੇ ਵਿਅਕਤੀ ਦੀ ਪਛਾਣ ਹੋਈ, ਜਿਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਦੋਸ਼ੀ ਗੁਜ਼ਾਲਾ ਨੇ ਕਬੂਲ ਕੀਤਾ ਕਿ ਉਸਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਤਾਇਨਾਤ ਅਧਿਕਾਰੀ ਨਾਲ ਭਾਰਤੀ ਫੌਜ ਦੀਆਂ ਗਤੀਵਿਧੀਆਂ ਬਾਰੇ ਗੁਪਤ ਜਾਣਕਾਰੀ ਸਾਂਝੀ ਕੀਤੀ ਸੀ। ਦੋਸ਼ੀ ਗੁਜ਼ਾਲਾ ਨੇ ਅੱਗੇ ਖੁਲਾਸਾ ਕੀਤਾ ਕਿ ਉਹ ਪੈਸੇ ਦੇ ਬਦਲੇ ਅਜਿਹਾ ਕਰ ਰਹੀ ਸੀ ਅਤੇ ਦੋਸ਼ੀ ਅਧਿਕਾਰੀ ਨੇ ਉਸਨੂੰ ਯੂਪੀਆਈ ਰਾਹੀਂ ਕੁੱਲ 30,000 ਰੁਪਏ, ਇੱਕ ਵਾਰ 10,000 ਰੁਪਏ ਅਤੇ ਦੂਜੀ ਵਾਰ 20,000 ਰੁਪਏ, ਭੇਜੇ ਸਨ।

ਐਸਐਸਪੀ ਨੇ ਦੱਸਿਆ ਕਿ ਦੋਸ਼ੀ ਅਧਿਕਾਰੀ ਦੀ ਪਛਾਣ ਹੋ ਗਈ ਹੈ, ਜਿਸ ਉਪਰੰਤ ਉਕਤ ਮੁਲਜ਼ਮ ਨੂੰ ਐਫਆਈਆਰ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ।

ਇਸ ਸਬੰਧੀ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 152 ਅਤੇ ਆਫ਼ਿਸ਼ੀਅਲ ਸੀਕ੍ਰੇਟ ਐਕਟ ਦੀ ਧਾਰਾ 3, 4 ਤੇ 5 ਤਹਿਤ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਐਫਆਈਆਰ ਨੰਬਰ 88 ਮਿਤੀ 08.05.2025 ਅਧੀਨ ਕੇਸ ਦਰਜ ਕੀਤਾ ਗਿਆ ਹੈ।

Tags: