ਨੌਕਰੀਆਂ ਵਿੱਚ ਪਾਰਦਰਸ਼ਤਾ: ਮੈਰਿਟ ਦੇ ਆਧਾਰ 'ਤੇ ਰਿਕਾਰਡ ਭਰਤੀ
ਯੋਗਤਾ ਅਤੇ ਇਮਾਨਦਾਰੀ ਨੂੰ ਪਹਿਲ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਰਿਕਾਰਡ ਸੰਖਿਆ ਵਿੱਚ ਸਰਕਾਰੀ ਨੌਕਰੀਆਂ ਦੀ ਭਰਤੀ ਕੀਤੀ ਹੈ। ਇਸ ਮੁਹਿੰਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਸਾਰੀ ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਰੱਖਿਆ ਜਾ ਰਿਹਾ ਹੈ । ਪਿਛਲੇ ਸਮਿਆਂ ਵਿੱਚ ਸਰਕਾਰੀ ਨੌਕਰੀ ਹਾਸਲ ਕਰਨ ਲਈ ਨੌਜਵਾਨਾਂ ਨੂੰ ਅਕਸਰ ਸਿਫ਼ਾਰਸ਼ਾਂ ਜਾਂ ਰਿਸ਼ਵਤ ਦੇਣ ਲਈ ਮਜਬੂਰ ਹੋਣਾ ਪੈਂਦਾ ਸੀ ਪਰ ਮੌਜੂਦਾ ਸਰਕਾਰ ਨੇ ਇਸ ਕੋਹੜ ਨੂੰ ਜੜ੍ਹੋਂ ਖ਼ਤਮ ਕਰਕੇ ਸਾਰੀਆਂ ਨਿਯੁਕਤੀਆਂ ਸਿਰਫ਼ ਮੈਰਿਟ ਦੇ ਆਧਾਰ 'ਤੇ ਕੀਤੀਆਂ ਹਨ। ਅੱਜ ਤੱਕ ਵੱਖ-ਵੱਖ ਵਿਭਾਗਾਂ ਵਿੱਚ ਨੌਜਵਾਨਾਂ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ, ਜਿਸ ਵਿੱਚ ਸਿੱਖਿਆ, ਸਿਹਤ, ਪੁਲਿਸ ਅਤੇ ਹੋਰ ਪ੍ਰਸ਼ਾਸਨਿਕ ਵਿਭਾਗ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਣ ਦਾ ਸਿਲਸਲਾ ਨਿਰੰਤਰ ਜਾਰੀ ਹੈ। ਇਸ ਪਾਰਦਰਸ਼ੀ ਭਰਤੀ ਪ੍ਰਕਿਰਿਆ ਵਿੱਚ, ਪ੍ਰੀਖਿਆਵਾਂ ਦੀ ਸਮਾਂਬੱਧਤਾ, ਨਤੀਜਿਆਂ ਦਾ ਤੁਰੰਤ ਐਲਾਨ ਅਤੇ ਨਿਯੁਕਤੀ ਪੱਤਰ ਦੇਣ ਦੀ ਸਾਰੀ ਕਾਰਵਾਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਜਿਸ ਸਦਕੇ ਯੋਗ ਅਤੇ ਪੜ੍ਹੇ-ਲਿਖੇ ਨੌਜਵਾਨਾਂ ਦਾ ਸਰਕਾਰੀ ਸਿਸਟਮ ਪ੍ਰਤੀ ਭਰੋਸਾ ਮੁੜ ਬਹਾਲ ਹੋਇਆ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਹੁਣ ਉਨ੍ਹਾਂ ਦੀ ਪੜ੍ਹਾਈ ਦੌਰਾਨ ਕੀਤੀ ਸਖ਼ਤ ਮਿਹਨਤ ਦਾ ਮੁੱਲ ਪੈ ਰਿਹਾ ਹੈ। ਸਰਕਾਰੀ ਨੌਕਰੀਆਂ ਦੀ ਇਸ ਰਿਕਾਰਡ ਭਰਤੀ ਨੇ ਨਾ ਸਿਰਫ਼ ਪਰਿਵਾਰਾਂ ਦੀ ਆਰਥਿਕ ਸਥਿਤੀ ਸੁਧਾਰੀ ਹੈ, ਬਲਕਿ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਵੀ ਕਾਫੀ ਹੱਦ ਤੱਕ ਠੱਲ੍ਹ ਪਾਈ ਹੈ। ਇਹ ਉਪਰਾਲਾ ਦਰਸਾਉਂਦਾ ਹੈ ਕਿ ਸਰਕਾਰ ਯੋਗਤਾ ਅਤੇ ਇਮਾਨਦਾਰੀ ਨੂੰ ਪਹਿਲ ਦੇ ਰਹੀ ਹੈ, ਜੋ ਇੱਕ ਬਿਹਤਰ ਅਤੇ ਭ੍ਰਿਸ਼ਟਾਚਾਰ ਮੁਕਤ ਰੰਗਲਾ ਪੰਜਾਬ ਰੰਗਲਾ ਲਈ ਜ਼ਰੂਰੀ ਹੈ।