ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪ੍ਰਸਿੱਧ ਪੰਜਾਬੀ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 22 ਅਗਸਤ:
ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪ੍ਰਸਿੱਧ ਪੰਜਾਬੀ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੇ ਬੇਵਕਤੀ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਸ. ਸੰਧਵਾਂ ਨੇੇ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਸੰਧਵਾਂ ਅਤੇ ਧੀ ਸੋਫੀਆ ਕੁਲਰੀਤ ਕੌਰ ਨਾਲ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਘਰ,ਖਿੱਚੀ ਹੋਈ ਇੱਕ ਤਸਵੀਰ ਸਾਂਝੀ ਕੀਤੀ।
ਉਨ੍ਹਾਂ ਕਿਹਾ, ਆਪਣੀ ਕਲਾ ਰਾਹੀਂ ਹਾਸੇ ਬਿਖੇਰਨ ਵਾਲੇ ਮਹਾਨ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਹਮੇਸ਼ਾ ਲਈ ਖਾਮੋਸ਼ ਹੋ ਗਏ ਹਨ। ਜਸਵਿੰਦਰ ਭੱਲਾ ਨੇ ਨਾ ਸਿਰਫ਼ ਕਾਮੇਡੀ ਰਾਹੀਂ ਲੋਕਾਂ ਨੂੰ ਹਸਾਇਆ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਕਟਾਕਸ਼ ਕੀਤੇ ਸਗੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਰਾਹੀਂ ਖੇਤੀ ਕਿੱਤੇ ਦੀ ਖੁਸ਼ਹਾਲੀ ਵਿੱਚ ਵੀ ਯੋਗਦਾਨ ਪਾਇਆ। ਉਹ ਹਮੇਸ਼ਾ ਸਾਡੇ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਰਹਿਣਗੇ। ਅਸੀਂ ਉਨ੍ਹਾਂ ਦੀ ਕਲਾ ਲਈ ਹਮੇਸ਼ਾ ਧੰਨਵਾਦੀ ਰਹਾਂਗੇ।
ਸਪੀਕਰ ਸੰਧਵਾਂ ਨੇ ਕਿਹਾ ਕਿ ਸ੍ਰੀ ਭੱਲਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ ਅਤੇ ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।