ਪੰਜਾਬ ਵਿੱਚ ਸਾਈਬਰ ਅਪਰਾਧ ਵਿੱਤੀ ਧੋਖਾਧੜੀ ਵਿੱਚ ਸ਼ਾਮਲ ਅੰਤਰ-ਰਾਜੀ ਮਿਊਲ ਅਕਾਊਂਟ ਰੈਕੇਟ ਦਾ ਪਰਦਾਫਾਸ਼; 10.96 ਲੱਖ ਦੀ ਨਕਦੀ ਸਮੇਤ ਚਾਰ ਗ੍ਰਿਫ਼ਤਾਰ

ਪੰਜਾਬ ਵਿੱਚ ਸਾਈਬਰ ਅਪਰਾਧ ਵਿੱਤੀ ਧੋਖਾਧੜੀ ਵਿੱਚ ਸ਼ਾਮਲ ਅੰਤਰ-ਰਾਜੀ ਮਿਊਲ ਅਕਾਊਂਟ ਰੈਕੇਟ ਦਾ ਪਰਦਾਫਾਸ਼; 10.96 ਲੱਖ ਦੀ ਨਕਦੀ ਸਮੇਤ ਚਾਰ ਗ੍ਰਿਫ਼ਤਾਰ

ਚੰਡੀਗੜ੍ਹ, 21 ਅਗਸਤ:

ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਵਿੰਗ ਨੇ ਚਾਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਦੇਸ਼ ਭਰ ਵਿੱਚ ਹਜ਼ਾਰਾਂ ਪੀੜਤਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਿੱਚ ਸ਼ਾਮਲ ਇੱਕ ਅੰਤਰ-ਰਾਜੀ ਮਿਊਲ ਅਕਾਊਂਟ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਨੇ ਕਿਹਾ ਪੰਜਾਬ ਗੌਰਵ ਯਾਦਵ ਵੀਰਵਾਰ ਨੂੰ ਇੱਥੇ ਦਿੱਤੀ।

ਜ਼ਿਕਰਯੋਗ ਹੈ  ਮਿਊਲ ਖਾਤਾ ਅਜਿਹਾ ਬੈਂਕ ਖਾਤਾ ਹੁੰਦਾ ਹੈ, ਜੋ ਅਪਰਾਧੀਆਂ ਦੁਆਰਾ ਬਿਨਾਂ ਜਾਣਕਾਰੀ ਦੇ ਜਾਂ ਕਈ ਵਾਰ ਖਾਤਾ ਧਾਰਕ ਦੀ ਮਿਲੀਭੁਗਤ ਨਾਲ ਗੈਰ-ਕਾਨੂੰਨੀ ਫੰਡ ਪ੍ਰਾਪਤ ਕਰਨ, ਟਰਾਂਸਫਰ ਕਰਨ ਜਾਂ ਲਾਂਡਰਿੰਗ ਕਰਨ ਲਈ ਵਰਤਿਆ ਜਾਂਦਾ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੌਤਮ (23), ਅਹਿਸਾਸ (24), ਅਤੇ ਆਕਾਸ਼ (20), ਤਿੰਨੋਂ ਅੰਮ੍ਰਿਤਸਰ ਦੇ ਨਿਵਾਸੀ  ਅਤੇ ਅਨਮੋਲ (21) ਵਾਸੀ ਫਾਜ਼ਿਲਕਾ  ਵਜੋਂ ਹੋਈ ਹੈ। ਅਨਮੋਲ ਪੂਰਾ ਸਮਾਂ ਮਿਊਲ ਖਾਤੇ ਚਲਾਉਣ ਵਿੱਚ ਸ਼ਾਮਲ ਸੀ, ਗੌਤਮ ਬੇਰੁਜ਼ਗਾਰ ਹੈ ਅਤੇ ਅਹਿਸਾਸ ਨੇ ਅੰਮ੍ਰਿਤਸਰ ਵਿਖੇ ਕੰਟਰੈਕਟ ’ਤੇ ਇੱਕ ਹੋਟਲ ਚਲਾਉਂਦਾ ਹੈ, ਜਦੋਂ ਕਿ ਆਕਾਸ਼ ਥੋੜ੍ਹੇ ਸਮੇਂ ਲਈ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਮੌਜੂਦਾ ਸਮੇਂ ਵਿੱਚ ਮਿਊਲ ਖਾਤਾ ਸਾਈਬਰ ਧੋਖਾਧੜੀ ਰੈਕੇਟ ਵਿੱਚ ਸ਼ਾਮਲ ਸੀ।

ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 10.96 ਲੱਖ ਰੁਪਏ ਦੀ ਨਕਦੀ ਸਮੇਤ ਨੌਂ ਮੋਬਾਈਲ ਫੋਨ, ਇੱਕ ਲੈਪਟਾਪ, 32 ਡੈਬਿਟ ਕਾਰਡ, 10 ਸਿਮ ਕਾਰਡ, 15 ਬੈਂਕ ਪਾਸਬੁੱਕ ਅਤੇ ਇੱਕ ਚੈੱਕ ਬੁੱਕ ਵੀ ਬਰਾਮਦ ਕੀਤੀ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਰੈਕੇਟ ਬੈਂਕ ਖਾਤਿਆਂ, ਖਾਸ ਕਰਕੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਖਾਤੇ ਥੋੜ੍ਹੀ ਜਿਹੀ ਰਕਮ ਪ੍ਰਾਪਤ ਕਰਨ ਦਾ ਵਾਅਦਾ ਕਰਕੇ  ਹਾਸਲ ਕਰ ਲੈਂਦਾ ਸੀ ਅਤੇ ਫਿਰ ਉਨ੍ਹਾਂ ਦੀ ਵਰਤੋਂ ਵੱਖ-ਵੱਖ ਸਾਈਬਰ ਅਪਰਾਧਾਂ ਰਾਹੀਂ ਪ੍ਰਾਪਤ ਕੀਤੇ ਧੋਖਾਧੜੀ ਵਾਲੇ ਫੰਡਾਂ ਨੂੰ ਲੇਅਰ ਕਰਨ ਅਤੇ ਟਰਾਂਸਫਰ ਕਰਨ ਲਈ ਕਰਦਾ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਪਿਛਲੇ ਦੋ ਸਾਲਾਂ ਤੋਂ ਇਸ ਅਪਰਾਧ ਨੂੰ ਸਰਗਰਮੀ ਨਾਲ ਚਲਾ ਰਹੇ ਸਨ ਅਤੇ ਪੰਜਾਬ ਭਰ ਦੇ ਵੱਖ-ਵੱਖ ਬੈਂਕਾਂ ਦੇ ਸੈਂਕੜੇ ਮਿਊਲ ਖਾਤਿਆਂ ਦੀ ਵਰਤੋਂ ਕਰਕੇ ਕ੍ਰਿਪਟੋਕਰੰਸੀ ਐਕਸਚੇਂਜ ਜਿਵੇਂ ਕਿ ਬਾਇਨੈਂਸ ਅਤੇ ਡੀਸੀਐਕਸ ਰਾਹੀਂ ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਪੈਸਾ ਟਰਾਂਸਫਰ ਕਰਦੇ ਸਨ।

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਕਿਹਾ ਕਿ ਸਾਈਬਰ ਧੋਖਾਧੜੀ ਬੈਂਕ ਟਰਾਂਸਫਰ ਵਿੱਚ ਵਰਤੇ ਗਏ 6,000 ਮਿਊਲ ਖਾਤਿਆਂ ਦੇ ਡੇਟਾ, ਜੋ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ), ਐਮਐਚਏ ਨੇ ਸਾਂਝੇ ਕੀਤੇ ਸਨ, ਦੇ ਬਾਰੀਕੀ ਨਾਲ ਵਿਸ਼ਲੇਸ਼ਣ ਤੋਂ ਬਾਅਦ ਡੀਐਸਪੀ ਅਸ਼ੋਕ ਕੁਮਾਰ ਦੁਆਰਾ ਸਾਈਬਰ ਕ੍ਰਾਈਮ ਨੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ । ਇੰਸਪੈਕਟਰ ਗਗਨਪ੍ਰੀਤ ਸਿੰਘ ਅਤੇ ਟੀਮ ਦੀ ਅਗਵਾਈ ਹੇਠ ਜਾਂਚ ਕੀਤੀ ਗਈ ਅਤੇ ਸ਼ੱਕੀਆਂ ਦੀ ਪਛਾਣ ਕਰ ਲਈ ਗਈ।

ਉਨ੍ਹਾਂ ਅੱਗੇ ਦੱਸਿਆ ਕਿ ‘ਆਈ4ਸੀ’  ਦੇ ਹੌਟਸਪੌਟ ਵਿਸ਼ਲੇਸ਼ਣ ਦੇ ਆਧਾਰ ’ਤੇ, ਪੰਜਾਬ ਗ੍ਰਾਮੀਣ ਬੈਂਕ ਦੇ 300 ਮਿਊਲ ਖਾਤਿਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ  ਅਤੇ ਜਾਂਚ ਵਿੱਚ ਅਬੋਹਰ ਵਿਖੇ ਇੱਕ ਥਾਂ ’ਤੇ 100 ਮਿਊਲ ਖਾਤਿਆਂ ਦਾ ਪਤਾ ਲੱਗਾ।

ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਟੈਲੀਗ੍ਰਾਮ ਪਲੇਟਫਾਰਮ ’ਤੇ ਕਈ ਸਾਈਬਰ ਧੋਖਾਧੜੀ ਸਮੂਹਾਂ ਦਾ ਹਿੱਸਾ ਸਨ, ਜਿਨ੍ਹਾਂ ਦੇ ਐਡਮਿਨ ਦੱਖਣ-ਪੂਰਬੀ ਏਸ਼ੀਆ ਤੋਂ ਇਨ੍ਹਾਂ ਗਰੁੱਪਾਂ ਨੂੰ ਚਲਾਉਂਦੇ  ਸਨ।  ਸਾਜ਼ਿਸ਼ਕਰਤਾ ਨੇ ਇਨ੍ਹਾਂ ਸਥਾਨਕ ਕਾਰਕੁੰਨਾਂ ਨੂੰ ਭਾਰਤੀ ਮੁਦਰਾ ਨੂੰ ਕ੍ਰਿਪਟੋਕਰੰਸੀ ਵਿੱਚ ਬਦਲਣ ਲਈ ਸਿਖਲਾਈ ਦਿੱਤੀ ਸੀ। ਅਬੋਹਰ ਦਾ ਅਨਮੋਲ ਮੁੱਖ ਸਪਲਾਇਰ ਸੀ, ਜੋ ਅੰਮ੍ਰਿਤਸਰ ਵਿੱਚ ਆਪਣੇ ਸਾਥੀਆਂ ਨੂੰ ਕੋਰੀਅਰ ਰਾਹੀਂ ਮਿਊਲ ਕਿੱਟਾਂ ਭੇਜਦਾ ਸੀ, ਜੋ  ਫਿਰ ਅੱਗੇ ਲੈਣ-ਦੇਣ ਕਰਨ ਲਈ ਇੰਟਰਨੈਟ ਬੈਂਕਿੰਗ ਸੇਵਾਵਾਂ ਐਕਟੀਵੇਟ ਕਰ ਲੈਂਦੇ ਨ। ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਲਈ 10-20 ਫੀਦਸੀ ਕਮਿਸ਼ਨ ਮਿਲਦਾ ਸੀ।

ਇਸ ਦੌਰਾਨ, ਸਾਰੇ ਦੋਸ਼ੀ ਪੁਲਿਸ ਰਿਮਾਂਡ ’ਤੇ ਹਨ, ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਸਾਜ਼ਿਸ਼ਕਰਤਾਵਾਂ ਦੀ ਪਛਾਣ ਕਰਨ ਅਤੇ ਬੈਂਕ ਅਧਿਕਾਰੀਆਂ ਦੀ ਕਿਸੇ ਵੀ ਸੰਭਾਵਿਤ ਸ਼ਮੂਲੀਅਤ ਦੀ ਜਾਂਚ ਕਰਨ ਲਈ ਹੋਰ ਜਾਂਚ ਜਾਰੀ ਹੈ। 

Advertisement

Latest