ਸਕੂਲਾਂ, ਰਾਸ਼ਨ ਡਿੱਪੂਆਂ, ਆਂਗਣਵਾੜੀਆਂ ਦੇ ਬਾਹਰ ਹੈਲਪਲਾਈਨ ਨੰਬਰ ਲਗਾਏ ਜਾਣ-ਜਸਵੀਰ ਸਿੰਘ ਸੇਖੋਂ

ਸਕੂਲਾਂ, ਰਾਸ਼ਨ ਡਿੱਪੂਆਂ, ਆਂਗਣਵਾੜੀਆਂ ਦੇ ਬਾਹਰ ਹੈਲਪਲਾਈਨ ਨੰਬਰ ਲਗਾਏ ਜਾਣ-ਜਸਵੀਰ ਸਿੰਘ ਸੇਖੋਂ

ਮਾਨਸਾ, 05 ਅਗਸਤ:

                ਸਾਰੇ ਰਾਸ਼ਨ ਡਿਪੂਆਂ ਦੇ ਬਾਹਰ ਹੈਲਪਲਾਈਨ ਨੰਬਰ ਦੇ ਬੋਰਡ ਅਤੇ ਸ਼ਿਕਾਇਤ ਬਾਕਸ ਲਗਾਏ ਜਾਣੇ ਯਕੀਨੀ ਬਣਾਏ ਜਾਣ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਤੋਂ ਰਾਸ਼ਨ ਵੰਡ ਪ੍ਰਕਿਰਿਆ, ਮਿਡ ਡੇ ਮੀਲ ਅਤੇ ਖਾਣੇ ਦੀ ਸਟੋਰੇਜ਼ ਦੀ ਸਮੀਖਿਆ ਕਰਦਿਆਂ ਕੀਤਾ।

          ਉਨ੍ਹਾਂ ਹਦਾਇਤ ਕੀਤੀ ਕਿ ਫ਼ੂਡ ਕਮਿਸ਼ਨ ਦੇ ਵੇਰਵੇ ਅਤੇ ਫੋਨ ਨੰਬਰ ਸਕੂਲਆਂਗਣਵਾੜੀ ਕੇਂਦਰ, ਰਾਸ਼ਨ ਡਿੱਪੂਆਂ ਅਤੇ ਹਸਪਤਾਲਾਂ ਦੇ ਬਾਹਰ ਲਿਖਿਆ ਜਾਵੇ ਤਾਂ ਜੋ ਖਾਣੇ ਸਬੰਧੀ ਕੋਈ ਵੀ ਸ਼ਿਕਾਇਤ ਫ਼ੂਡ ਕਮਿਸ਼ਨ ਤੱਕ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜਦਾ ਯਕੀਨੀ ਬਣਾਇਆ ਜਾਵੇ। ਇਸ ਦੇ ਲਈ ਸਕੀਮਾਂ ਦੀ ਸੂਚੀ ਪ੍ਰੋਗਰਾਮ ਦਫ਼ਤਰਾਂ ਅਤੇ ਆਂਗਣਵਾੜੀਆਂ ਦੇ ਬਾਹਰ ਲਗਾਈ ਜਾਵੇ।

          ਉਨ੍ਹਾਂ ਕਿਹਾ ਕਿ ਖਾਣ ਪੀਣ ਵਾਲੀਆਂ ਵਸਤਾਂ ਅਤੇ ਖਾਣਾ ਬਣਾਉਣ ਲਈ ਵਰਤੇ ਜਾਂਦੇ ਮਸਾਲਿਆਂ ਆਦਿ ਦੀ ਐਕਸਪਾਇਰੀ ਚੈੱਕ ਕੀਤੀ ਜਾਵੇ। ਮਿਡ ਡੇ ਮੀਲ ਅੰਦਰ ਸੈਲਫਾਂ ਅਤੇ ਫਰਸ਼ ਦੀ ਸਾਫ ਸਫਾਈ ਅਤੇ ਖਾਣੇ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ। ਸਕੂਲਾਂ ਵਿੱਚ ਮਿਡ ਡੇ ਮੀਲ ਤਹਿਤ ਮਿਲਣ ਵਾਲੇ ਰਾਸ਼ਨ ਜਾਂ ਡਰੰਮਾਂ ਵਿਚ ਪਏ ਰਾਸ਼ਨ ਨੂੰ ਧੁੱਪ ਲਵਾ ਕੇ ਚੰਗੀ ਤਰ੍ਹਾਂ ਸੁਕਾ ਕੇ ਉਸ ਦਾ ਭੰਡਾਰ ਕੀਤਾ ਜਾਵੇ ਤਾਂ ਜੋ ਅਨਾਜ ਵਿਚ ਸੁਸਰੀ ਜਾਂ ਕੀੜੇ ਨਾ ਪੈਣ

      ਉਨ੍ਹਾਂ ਸਖਤ ਹਦਾਇਤ ਕੀਤੀ ਕਿ ਮਿਡ ਡੇ ਮੀਲ ਪਕਾਉਣ ਵਾਲੇ ਕੁੱਕ ਦੀ ਡਾਕਟਰੀ ਜਾਂਚ ਯਕੀਨੀਂ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਮਿਡ ਡੇ ਮੀਲ ਦੇ ਕੁੱਕ ਖਾਣਾ ਬਣਾਉਣ ਸਮੇਂ ਆਪਣੇ ਸਿਰ ਢੱਕ ਕੇ ਰੱਖਣ ਅਤੇ ਨਾਲ ਹੀ ਖਾਣਾ ਬਣਾਉਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਧੋਣ। ਉਨ੍ਹਾਂ ਇਹ ਵੀ ਕਿਹਾ ਕਿ ਕਮਿਸ਼ਨ ਦੀ ਪਹਿਲਕਦਮੀ ਉੱਤੇ ਸੂਬੇ ਦੇ ਸਕੂਲਾਂ ਵਿੱਚ ਕਿਚਨ ਗਾਰਡਨ ਬਣਾਏ ਗਏ ਹਨ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਲਾਜ਼ਮੀ ਬਣਾਈ ਜਾਵੇ। ਇਨ੍ਹਾਂ ਕਿਚਨ ਗਾਰਡਨਾਂ ਵਿੱਚ ਤਿਆਰ ਹੋਣ ਵਾਲੀਆਂ ਜ਼ਹਿਰ ਰਹਿਤ ਸਬਜ਼ੀਆਂ ਅਤੇ ਸਲਾਦ ਆਦਿ ਬੱਚਿਆਂ ਨੂੰ ਖਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਆਰ.ਓਜ਼ ਦਾ ਤੁਰੰਤ ਟੀ.ਡੀ.ਐਸ ਚੈੱਕ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਨੂੰ ਗੰਦੇ ਪਾਣੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

                ਉਨ੍ਹਾਂ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਦੀ ਵੰਡ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹੇ ਅੰਦਰ 43 ਫ਼ੀਸਦੀ ਹੋਈ ਰਾਸ਼ਨ ਵੰਡ ਅਤੇ 840 ਆਂਗਣਵਾੜੀਆਂ ਵਿਚੋਂ 313 ਦੇ ਐਫ.ਐਸ.ਐਸ.ਏ.ਆਈ ਅਪਰੂਵਡ ਹੋਣ 'ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਆਦੇਸ਼ ਦਿੱਤੇ ਕਿ ਸਲਾਬ੍ਹ ਦੇ ਮੌਸਮ ਦੌਰਾਨ ਰਾਸ਼ਨ ਡਿੱਪੂਆਂ ਦੀ ਨਿਰੰਤਰ ਚੈਕਿੰਗ ਕੀਤੀ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਜਿੰਨ੍ਹਾਂ ਲੋਕਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਉਨ੍ਹਾਂ ਨੂੰ ਵੰਡ ਤੋਂ ਬਾਅਦ ਮਸ਼ੀਨ ਉੱਤੇ ਅੰਗੂਠਾ ਲਗਾਉਣ ਨੂੰ ਕਿਹਾ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਟੀਕਾਰਕਨ ਦਾ ਜਾਇਜ਼ਾ ਲਿਆ ਅਤੇ ਕੈਲਸ਼ੀਅਮ ਦੀਆਂ ਦਵਾਈਆਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਹਾਸਲ ਕੀਤੀ।

                ਸ੍ਰ. ਜਸਵੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਰਕਾਰੀ ਰਾਸ਼ਨ ਡਿਪੂਆਂਆਂਗਣਵਾੜੀ ਕੇਂਦਰਾਂ ਜਾਂ ਸਕੂਲਾਂ ਦੇ ਮਿਡ ਡੇ ਮੀਲ ਸਬੰਧੀ ਕੋਈ ਸ਼ਿਕਾਇਤ ਵਿਭਾਗ ਦੀ ਵੈਬਸਾਈਟ https://psfc.punjab.gov.in/  ਉੱਪਰ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਆਮ ਜਨਤਾ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 98767-64545 ਵੀ ਜਾਰੀ ਕੀਤਾ ਹੋਇਆ ਹੈ ਜਿਸ ਦਾ ਕਿ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫੂਡ ਸਕਿਓਰਟੀ ਐਕਟ ਅਧੀਨ ਸ਼ਿਕਾਇਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੋਲ ਵੀ ਦਰਜ ਕਰਵਾਈ ਜਾ ਸਕਦੀ ਹੈ।

                ਮੀਟਿੰਗ ੳਪਰੰਤ ਉਨ੍ਹਾਂ ਆਂਗਣਵਾੜੀ ਕੇਂਦਰ ਮਲਕਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਖਿਆਲਾ ਕਲਾਂ ਅਤੇ ਰਾਸ਼ਨ ਡਿਪੂ ਪਿੰਡ ਖਿਆਲਾ ਕਲਾਂ ਦਾ ਦੌਰਾ ਕੀਤਾ ਅਤੇ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਦਿਸ਼ਾ ਨਿਰਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਸਕੂਲ ਅੰਦਰ ਮਿਡ ਡੇਅ ਮੀਲ ਦਾ ਖਾਣਾ ਖਾ ਕੇ ਚੈੱਕ ਕੀਤਾ ਅਤੇ ਕਿਚਨ ਗਾਰਡਨ ਦਾ ਵੀ ਦੌਰਾ ਕੀਤਾ।

                ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਆਕਾਸ਼ ਬਾਂਸਲ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰ ਮਨਦੀਪ ਸਿੰਘ ਮਾਨ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਧਾਰੀਵਾਲ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ)ਮੈਡਮ ਮੰਜੂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਪਰਮਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮਦਨ ਲਾਲ ਕਟਾਰੀਆ, ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।