ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਦੀ ਨਿਯੁਕਤੀ ਤੋਂ ਬਾਅਦ ‘ਆਪ’ ਬਰਨਾਲਾ ਵਿੱਚ ਆਇਆ ਭੂਚਾਲ
ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਦੇ ਵਿਰੁੱਧ 13 ਬਲਾਕ ਪ੍ਰਧਾਨਾਂ ਨੇ ਕੀਤੀ ਬਗਾਵਤ
ਜਗਸੀਰ ਸਿੰਘ ਸੰਧੂ
ਪੰਜਾਬ ਸਰਕਾਰ ਵੱਲੋਂ ਕੀਤੀਆਂ ਨਵੀਆਂ ਨਿਯੁਕਤੀਆਂ ਬਾਅਦ ਇੱਕੋ ਹੀ ਵਿਅਕਤੀ ਨੂੰ ਕਈ ਆਹੁਦੇ ਦੇਣ ਦੇ ਮਾਮਲੇ ’ਤੇ ਆਮ ਆਦਮੀ ਪਾਰਟੀ ਦੀ ਬਰਨਾਲਾ ਜ਼ਿਲ੍ਹਾ ਜਥੇਬੰਦੀ ਵਿੱਚ ਵੱਡੀ ਬਗਾਵਤ ਦੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ ਦੇ ਬਰਨਾਲਾ ਜਿਲੇ ਦੇ ਤਕਰੀਬਨ ਸਾਰੇ ਬਲਾਕ ਪ੍ਰਧਾਨਾਂ ਨੇ ਜ਼ਿਲ੍ਹਾ ਪ੍ਰਧਾਨ ਦੇ ਖਿਲਾਫ ਝੰਡਾ ਚੁਕ ਲਿਆ ਹੈ। ਬਹੁਤ ਆਲਾ ਮਿਆਰੀ ਸੂਤਰਾਂ ਅਨੁਸਾਰ ਰੈਸਟ ਹਾਊਸ ਵਿੱਚ ਹੋਈ ਮੀਟਿੰਗ ਵਿੱਚ ਬਰਨਾਲਾ ਜਿਲੇ ਦੇ 13 ਬਲਾਕ ਪ੍ਰਧਾਨਾਂ ਨੇ ਸਰਬਸੰਮਤੀ ਨਾਲ ਫੈਸਲਾ ਕਰ ਲਿਆ ਹੈ ਕਿ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਦੀ ਅਗਵਾਈ ਵਿੱਚ ਕੰਮ ਨਹੀਂ ਕਰਨਗੇ। ਇਸ ਮੀਟਿੰਗ ਵਿੱਚ ਪਾਰਟੀ ਹਾਈਕਮਾਂਡ ਵੱਲੋਂ ਪਰਮਿੰਦਰ ਸਿੰਘ ਭੰਗੂ ਨੂੰ ਹੀ ਪੰਜ ਆਹੁਦੇ ਦੇਣ ਦੇ ਫੈਸਲੇ ’ਤੇ ਵੀ ਇਤਰਾਜ ਉਠਾਇਆ ਗਿਆ। ਜਿਕਰਯੋਗ ਹੈ ਕਿ ਪਰਮਿੰਦਰ ਸਿੰਘ ਭੰਗੂ ਆਮ ਆਦਮੀ ਪਾਰਟੀ ਦੇ ਸੰਗਠਨ ਵਿੱਚ ਸੂਬਾਈ ਆਹੁਦੇਦਾਰ, ਇੱਕ ਸਥਾਨਿਕ ਮਾਰਕੀਟ ਕਮੇਟੀ ਬਰਨਾਲਾ ਦਾ ਚੇਅਰਮੈਨ, ਆਮ ਆਦਮੀ ਪਾਰਟੀ ਬਰਨਾਲਾ ਦਾ ਜ਼ਿਲ੍ਹਾ ਪ੍ਰਧਾਨ ਹੈ ਅਤੇ ਹੁਣ ਤਾਜਾ ਹੋਈਆਂ ਨਿਯੁਕਤੀਆਂ ਵਿੱਚ ਪਰਮਿੰਦਰ ਸਿੰਘ ਭੰਗੂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਲਗਾ ਦਿੱਤਾ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਆਮ ਆਦਮੀ ਪਾਰਟੀ ਬਰਨਾਲਾ ਵਿੱਚ ਤੂਫਾਨ ਖੜਾ ਹੋ ਗਿਆ ਸੀ ਕਿ ਪਰਮਿੰਦਰ ਸਿੰਘ ਭੰਗੂ ਨੂੰ ਹੀ ਵਾਰ ਵਾਰ ਆਹੁਦੇ ਦਿੱਤੇ ਜਾ ਰਹੇ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਭਾਵੇਂ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਅਸੀਰਵਾਦ ਸਦਕਾ ਹੀ ਪਰਮਿੰਦਰ ਸਿੰਘ ਭੰਗੂ ਨੂੰ ਬਰਨਾਲਾ ਮਾਰਕੀਟ ਕਮੇਟੀ ਦੀ ਚੇਅਰਮੈਨੀ ਮਿਲੀ ਸੀ, ਪਰ ਉਸ ਤੋਂ ਬਾਅਦ ਜਦੋਂ ਉਸਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਤਾਂ ਉਸ ਸਮੇਂ ‘ਮੀਤ ਹੇਅਰ’ ਸਮੇਤ ਆਮ ਆਦਮੀ ਪਾਰਟੀ ਦੇ ਬਹੁਤੇ ਆਹੁਦੇਦਾਰਾਂ ਨੇ ਪਰਮਿੰਦਰ ਸਿੰਘ ਭੰਗੂ ਨੂੰ ਨਾ ਤਾਂ ਜਿਲ੍ਹਾ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਅਤੇ ਨਾ ਹੀ ਜ਼ਿਲ੍ਹਾ ਪ੍ਰਧਾਨ ਦਾ ਆਹੁਦਾ ਸੰਭਾਲਣ ਸਮੇਂ ਕੋਈ ਸਮਾਗਮ ਕਰਵਾਇਆ ਗਿਆ।
ਹੁਣ ਬਰਨਾਲਾ ਜ਼ਿਲੇ 14 ਬਲਾਕਾਂ ਵਿੱਚੋਂ 13 ਬਲਾਕ ਪ੍ਰਧਾਨਾਂ ਨੇ ਜਿਲ੍ਹਾ ਪ੍ਰਧਾਨ ਭੰਗੂ ਦੇ ਖਿਲਾਫ ਬਗਾਵਤ ਦਾ ਝੰਡਾ ਚੁਕਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਹੈ। ਇਸ ਦੌਰਾਨ ਪਤਾ ਲੱਗਿਆ ਹੈ ਕਿ ਪਰਮਿੰਦਰ ਸਿੰਘ ਭੰਗੂ ਵੱਲੋਂ ਵੀ ਦੁਪਹਿਰ ਸਮੇਂ ਸਾਰੇ ਬਲਾਕ ਪ੍ਰਧਾਨ ਨੂੰ ਮਾਰਕੀਟ ਕਮੇਟੀ ਬਰਨਾਲਾ ਦੇ ਦਫਤਰ ਵਿੱਚ ਬੁਲਾਇਆ ਗਿਆ ਸੀ, ਪਰ ਇੱਕ ਪ੍ਰਧਾਨ ਤੋਂ ਸਿਵਾਏ ਬਾਕੀ ਬਲਾਕ ਪ੍ਰਧਾਨਾਂ ਵਿੱਚੋਂ ਕੋਈ ਉਸ ਮੀਟਿੰਗ ਵਿੱਚ ਨਹੀਂ ਗਿਆ। ਆਮ ਆਦਮੀ ਪਾਰਟੀ ਵੱਲੋਂ ਕੁੱਝ ਕੁ ਆਗੂਆਂ ਨੂੰ ਹੀ ਕਈ ਕਈ ਆਹੁਦੇ ਦੇਣ ਦੇ ਖਿਲਾਫ ਆਮ ਵਲੰਟੀਅਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੁਣ ਬਲਾਕਾਂ ਪ੍ਰਧਾਨਾਂ ਵੱਲੋਂ ਕੀਤੀ ਬਗਾਵਤ ਤੋਂ ਬਾਅਦ ਆਮ ਆਦਮੀ ਪਾਰਟੀ ਬਰਨਾਲਾ ਵਿੱਚ ਬਗਾਵਤ ਦਾ ਵੱਡਾ ਤੂਫਾਨ ਉਠ ਸਕਦਾ ਹੈ।
Read Also : ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਗੈਸ ਏਜੰਸੀਆਂ 'ਤੇ ਅਚਨਚੇਤ ਛਾਪਾਮਾਰੀ