ਰਾਸ਼ਟਰੀ ਸੜਕ ਸੁਰੱਖਿਆ ਮਹੀਨਾ: ਪੰਜਾਬ ਪੁਲਿਸ ਨੇ ਯਾਰਾ ਇੰਡੀਆ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਅਤੇ ਰਸਾਇਣਾਂ ਦੇ ਪ੍ਰਬੰਧਨ ਬਾਰੇ ਵੈਬਿਨਾਰ ਕਰਵਾਇਆ

ਰਾਸ਼ਟਰੀ ਸੜਕ ਸੁਰੱਖਿਆ ਮਹੀਨਾ: ਪੰਜਾਬ ਪੁਲਿਸ ਨੇ ਯਾਰਾ ਇੰਡੀਆ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਅਤੇ ਰਸਾਇਣਾਂ ਦੇ  ਪ੍ਰਬੰਧਨ ਬਾਰੇ ਵੈਬਿਨਾਰ ਕਰਵਾਇਆ

ਚੰਡੀਗੜ੍ਹ, 28 ਜਨਵਰੀ:

ਚੱਲ ਰਹੇ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ-2026 ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਦੇ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਨੇ ਯਾਰਾ ਇੰਡੀਆ ਦੇ ਸਹਿਯੋਗ ਨਾਲ ਅੱਜ ਸੜਕ ਸੁਰੱਖਿਆ ਪ੍ਰਬੰਧਨ ਅਤੇ ਹਾਦਸਿਆਂ ਦੌਰਾਨ ਰਸਾਇਣਾਂ ਦੇ ਪ੍ਰਬੰਧਨ ਦੇ ਸਬੰਧ ਵਿੱਚ ਫੀਲਡ ਕਰਮਚਾਰੀਆਂ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵਿਸ਼ੇਸ਼ ਵੈਬਿਨਾਰ ਕਰਵਾਇਆ।

ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਕਰਵਾਏ ਇਸ ਆਨਲਾਈਨ ਸਿਖਲਾਈ ਸੈਸ਼ਨ ਵਿੱਚ ਸੂਬੇ ਭਰ ਤੋਂ ਸੜਕ ਸੁਰੱਖਿਆ ਫੋਰਸ ਅਤੇ ਜ਼ਿਲ੍ਹਾ ਟ੍ਰੈਫਿਕ ਅਤੇ ਸੜਕ ਸੁਰੱਖਿਆ ਟੀਮਾਂ ਦੇ 600 ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ।

ਇਸ ਮੌਕੇ ਸੰਬੋਧਨ ਕਰਦਿਆਂ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਟ੍ਰੈਫਿਕ ਅਤੇ ਸੜਕ ਸੁਰੱਖਿਆ) ਏਐਸ ਰਾਏ ਨੇ ਸੜਕ ਸੁਰੱਖਿਆ ਸਬੰਧੀ ਉਪਰਾਲਿਆਂ ਵਿੱਚ ਮਨੁੱਖੀ ਕਦਰਾਂ-ਕੀਮਤਾਂ ਨੂੰ ਖਾਸ ਸਥਾਨ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਸੁਰੱਖਿਆ, ਹਮਦਰਦੀ ਅਤੇ ਜ਼ਿੰਮੇਵਾਰਾਨਾ ਵਿਵਹਾਰ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜੋ ਕੀਮਤੀ ਜਾਨਾਂ, ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਦੀਆਂ ਜਾਨਾਂ ਬਚਾਉਣਾ ਯਕੀਨੀ ਬਣਾਉਂਦਾ ਹੈ।

ਇਸ ਦੌਰਾਨ ਤਕਨੀਕੀ ਸੈਸ਼ਨਾਂ ਦਾ ਸੰਚਾਲਨ ਯਾਰਾ ਇੰਡੀਆ ਦੇ ਐਚਈਐਸਕਿਊ ਸਕਿਊਰਿਟੀ ਮੈਨੇਜਰ ਰਾਜੀਵ ਪਾਹੂਜਾ ਅਤੇ ਯਾਰਾ ਇੰਡੀਆ ਦੇ ਐਸਸੀਐਮ ਮੈਨੇਜਰ ਸੰਦੀਪ ਤੋਮਰ ਅਤੇ ਟ੍ਰੈਫਿਕ ਸਲਾਹਕਾਰ ਪੰਜਾਬ ਡਾ. ਨਵਦੀਪ ਅਸੀਜਾ ਨੇ ਕੀਤਾ। ਸੈਸ਼ਨਾਂ ਦੌਰਾਨ ਸੜਕ ਸੁਰੱਖਿਆ ਦੇ ਅੰਕੜੇ, ਡਰਾਈਵਿੰਗ ਦੌਰਾਨ ਸੰਭਾਵੀ ਖਤਰੇ ਦੀ ਪਛਾਣ ਕਰਨਾ, ਸੰਵੇਦਨਸ਼ੀਲ ਮੁਸਾਫਰਾਂ ਦੇ ਵਿਵਹਾਰ, ਐਮਰਜੈਂਸੀ ਰਿਸਪਾਂਸ ਪ੍ਰੋਟੋਕੋਲ ਅਤੇ ਆਵਾਜਾਈ ਤੇ ਸੜਕੀ ਐਮਰਜੈਂਸੀ ਸਥਿਤੀਆਂ ਦੌਰਾਨ ਖਾਦਾਂ ਦੇ ਸੁਰੱਖਿਅਤ ਪ੍ਰਬੰਧਨ ਬਾਰੇ ਚਰਚਾ ਕੀਤੀ ਗਈ।

ਇਸ ਮੌਕੇ 'ਤੇ ਬੋਲਦਿਆਂ ਯਾਰਾ ਸਾਊਥ ਏਸ਼ੀਆ ਦੇ ਐਮਡੀ ਸੰਜੀਵ ਕੰਵਰ ਨੇ ਕਿਹਾ ਕਿ ਸੜਕ ਸੁਰੱਖਿਆ ਇੱਕ ਸਾਂਝੀ ਜ਼ਿੰਮੇਵਾਰੀ ਹੈ ਜੋ ਸਿੱਧੇ ਤੌਰ 'ਤੇ ਜਨ-ਜੀਵਨ ਅਤੇ ਭਾਈਚਾਰਿਆਂ ਨੂੰ ਪ੍ਰਭਾਵਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਖਾਦਾਂ ਦੀ ਢੋਆ-ਢੋਆਈ ਭਾਰਤ ਦੇ ਖੇਤੀਬਾੜੀ ਈਕੋਸਿਸਟਮ ਲਈ ਬੇਹੱਦ ਅਹਿਮ ਹੈ ਅਤੇ ਇਹਨਾਂ ਦੀ ਢੋਆ-ਢੋਆਈ ਤੇ ਐਮਰਜੈਂਸੀ ਸਥਿਤੀਆਂ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਯਾਰਾ ਦਾ ਪੰਜਾਬ ਪੁਲਿਸ ਨਾਲ ਇਹ ਸਹਿਯੋਗ ਸੁਰੱਖਿਆ, ਸਥਿਰਤਾ ਅਤੇ ਜ਼ਿੰਮੇਵਾਰਾਨਾ ਢੰਗ ਨਾਲ ਕਾਰਜ ਯਕੀਨੀ ਬਣਾਉਣ ਪ੍ਰਤੀ ਉਸਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਮਾਹਰਾ ਦੀ ਅਗਵਾਈ ਵਾਲੇ ਅਜਿਹੇ ਸਿਖਲਾਈ ਪ੍ਰੋਗਰਾਮ ਸੜਕ ਸੁਰੱਖਿਆ ਸਬੰਧੀ ਅਹਿਮ ਤਬਦੀਲੀ ਲਿਆ ਸਕਦੇ ਹਨ।