ਭੱਠਲ ਦੇ ਖੁਲਾਸੇ ਨੇ ਕਾਂਗਰਸ ਦਾ ਅਸਲੀ ਚਿਹਰਾ ਕੀਤਾ ਬੇਨਕਾਬ: ਬਲਤੇਜ ਪੰਨੂ*
*ਭੱਠਲ ਦੱਸਣ ਕਿ ਕਿਹੜੇ ਕਾਂਗਰਸੀ ਨੇਤਾਵਾਂ ਨੇ ਦਿੱਤੀ ਸੀ ਬੰਬ ਧਮਾਕਿਆਂ ਦੀ ਸਲਾਹ: ਪੰਨੂ*
ਚੰਡੀਗੜ੍ਹ, 28 ਜਨਵਰੀ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਦੀ ਇੱਕ ਇੰਟਰਵਿਊ ਦਾ ਹਵਾਲਾ ਦਿੰਦਿਆਂ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਖੁਲਾਸੇ ਨੇ ਰਵਾਇਤੀ ਪਾਰਟੀਆਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆ ਦਿੱਤਾ ਹੈ।
ਬਲਤੇਜ ਸਿੰਘ ਪੰਨੂ ਨੇ ਦੱਸਿਆ ਕਿ ਉਹ ਬੀਬੀ ਭੱਠਲ ਦੀ ਇੱਕ ਇੰਟਰਵਿਊ ਸੁਣ ਰਹੇ ਸਨ ਜਿਸ ਵਿੱਚ ਭੱਠਲ ਨੇ ਖੁਦ ਮੰਨਿਆ ਕਿ ਜਦੋਂ ਉਹ ਮੁੱਖ ਮੰਤਰੀ ਸਨ ਅਤੇ ਚੋਣਾਂ ਆਈਆਂ ਤਾਂ ਉਨ੍ਹਾਂ ਨੂੰ ਪਾਰਟੀ ਦੇ ਕੁਝ ਸਲਾਹਕਾਰਾਂ ਅਤੇ ਨੇਤਾਵਾਂ ਨੇ ਸਲਾਹ ਦਿੱਤੀ ਕਿ ਬੱਸਾਂ ਅਤੇ ਜਨਤਕ ਥਾਵਾਂ 'ਤੇ ਬੰਬ ਧਮਾਕੇ ਕਰਵਾ ਦਿੱਤੇ ਜਾਣ ਤਾਂ ਜੋ ਸਰਕਾਰ ਦੁਬਾਰਾ ਬਣ ਸਕੇ।
ਪੰਨੂ ਨੇ ਕਿਹਾ ਕਿ ਇਹ ਬਹੁਤ ਹੀ ਸੰਗੀਨ ਅਤੇ ਹੈਰਾਨ ਕਰਨ ਵਾਲਾ ਖੁਲਾਸਾ ਹੈ। ਉਨ੍ਹਾਂ ਮੰਗ ਕੀਤੀ ਕਿ ਬੀਬੀ ਭੱਠਲ ਨੂੰ ਤੁਰੰਤ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਦੇ ਉਹ ਕਿਹੜੇ ਨੇਤਾ ਅਤੇ ਸਲਾਹਕਾਰ ਸਨ ਜਿਨ੍ਹਾਂ ਨੇ ਅਜਿਹੀ ਘਿਨਾਉਣੀ ਸਲਾਹ ਦਿੱਤੀ ਸੀ।
'ਆਪ' ਆਗੂ ਨੇ ਕਿਹਾ ਕਿ ਇਹ ਬਿਆਨ ਸਾਫ਼ ਕਰਦਾ ਹੈ ਕਿ ਪਿਛਲੇ ਸਮੇਂ ਵਿੱਚ ਰਵਾਇਤੀ ਪਾਰਟੀਆਂ ਕਿਸ ਤਰ੍ਹਾਂ ਆਮ ਲੋਕਾਂ ਦੀਆਂ ਜਾਨਾਂ ਦਾਅ 'ਤੇ ਲਾ ਕੇ ਆਪਣੀਆਂ ਸਰਕਾਰਾਂ ਬਣਾਉਂਦੀਆਂ ਅਤੇ ਰਿਪੀਟ ਕਰਦੀਆਂ ਰਹੀਆਂ ਹਨ। ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ।


