ਸ੍ਰੀਨਗਰ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਪਠਾਨਕੋਟ ਵਿਖੇ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ
ਮਾਧੋਪੁਰ (ਪਠਾਨਕੋਟ), 20 ਨਵੰਬਰ:
ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸ੍ਰੀਨਗਰ ਤੋਂ 19 ਨਵੰਬਰ ਨੂੰ ਅਰੰਭ ਹੋਏ ਨਗਰ ਕੀਰਤਨ ਦਾ ਅੱਜ ਪੰਜਾਬ ਵਿੱਚ ਦਾਖ਼ਲ ਹੋਣ 'ਤੇ ਮਾਧੋਪੁਰ ਹੈੱਡ ਵਿਖੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਅਤੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ।
ਨਗਰ ਕੀਰਤਨ ਦੇ ਪੰਜਾਬ ਵਿੱਚ ਦਾਖ਼ਲ ਹੋਣ 'ਤੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ। ਇਸ ਦੌਰਾਨ ਨਿਹੰਗਾਂ ਸਿੰਘਾਂ ਨੇ ਗੱਤਕੇ ਦੇ ਜ਼ੌਹਰ ਵੀ ਵਿਖਾਏ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪੱਲਵੀ, ਐਸ.ਐਸ.ਪੀ ਦਲਜਿੰਦਰ ਸਿੰਘ ਢਿੱਲੋਂ, ਉਪ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਸਵਰਨ ਸਲਾਰੀਆ, ਅਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਸਾਹਿਬ ਸਿੰਘ ਸਾਬਾ, ਬਲਜਿੰਦਰ ਬੰਟੀ ਪ੍ਰਧਾਨ ਕਿਸਾਨ ਵਿੰਗ ਆਦਿ ਹਾਜ਼ਰ ਸਨ।
ਮਾਧੋਪੁਰ ਤੋਂ ਸੁਜਾਨਪੁਰ, ਮਲਕਪੁਰ, ਛੋਟੀ ਨਹਿਰ, ਟੈਂਕ ਚੌਕ, ਬੱਸ ਅੱਡਾ ਪਠਾਨਕੋਟ, ਲਾਈਟਾਂ ਵਾਲਾ ਚੌਕ, ਮਿਸ਼ਨ ਚੌਕ ਹੁੰਦੇ ਹੋਏ ਨਗਰ ਕੀਰਤਨ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਮਿਸ਼ਨ ਰੋਡ, ਪਠਾਨਕੋਟ ਵਿਖੇ ਠਹਿਰਾਅ ਕੀਤਾ ਗਿਆ, ਜੋ 21 ਨਵੰਬਰ ਨੂੰ ਸਵੇਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੋਂ ਚੱਲ ਕੇ ਸਿੰਬਲ ਹੱਕ, ਚੱਕੀ ਪੁਲ, ਡਮਟਾਲ, ਮੀਰਥਲ, ਟੌਲ ਪਲਾਜ਼ਾ ਮਾਨਸਰ ਤੋਂ ਹੁੰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਵਿੱਚ ਦਾਖ਼ਲ ਹੋਵੇਗਾ।
ਦੱਸ ਦੇਈਏ ਕਿ 19 ਨਵੰਬਰ ਨੂੰ ਸ੍ਰੀਨਗਰ ਤੋਂ ਅਰੰਭ ਹੋਇਆ ਨਗਰ ਕੀਰਤਨ ਪਠਾਨਕੋਟ ਤੋਂ ਅਗਲੇ ਪੜਾਅ ਲਈ ਰਵਾਨਾ ਹੋ ਕੇ 21 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਠਹਿਰਾਅ ਕਰੇਗਾ। ਇਹ ਨਗਰ ਕੀਰਤਨ ਕੁੱਲ 544 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ।


