ਲੁਧਿਆਣਾ ਬੱਸ ਅੱਡੇ ਸਬੰਧੀ ਪ੍ਰਚਾਰ ਤੱਥਾਂ ਰਹਿਤ ਤੇ ਗੁੰਮਰਾਹਕੁੰਨ: ਲਾਲਜੀਤ ਸਿੰਘ ਭੁੱਲਰ

ਲੁਧਿਆਣਾ ਬੱਸ ਅੱਡੇ ਸਬੰਧੀ ਪ੍ਰਚਾਰ  ਤੱਥਾਂ ਰਹਿਤ ਤੇ ਗੁੰਮਰਾਹਕੁੰਨ: ਲਾਲਜੀਤ ਸਿੰਘ ਭੁੱਲਰ


ਚੰਡੀਗੜ, 6 ਨਵੰਬਰ:

 
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੁਧਿਆਣਾ ਬੱਸ ਅੱਡੇ ਦੇ ਵੱਖ-ਵੱਖ ਹਿੱਸਿਆਂ ਨੂੰ ਠੇਕੇ ‘ਤੇ ਦੇਣ ਸਬੰਧੀ ਪੱਖਪਾਤ ਜਾਂ ਬੇਨਿਯਮੀਆਂ ਦੇ ਦਾਅਵਿਆਂ ਅਤੇ ਖਬਰਾਂ ਨੂੰ ਨਿਰਾਧਾਰ ਦੱਸਿਆ ਕਿਹਾ ਹੈ ਕਿ ਲੁਧਿਆਣਾ ਬੱਸ ਅੱਡਾ 10 ਦਸੰਬਰ, 2021 ਤੋਂ ਪਹਿਲਾਂ ਓਵਰਆਲ ਠੇਕੇ ‘ਤੇ ਸੀ, ਜਦਕਿ ਹੁਣ ਅੱਡੇ ਵੱਖ-ਵੱਖ ਹਿੱਸਿਆ ਨੂੰ ਠੇਕੇ ‘ਤੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹੀ ਅਪਣਾਈ ਜਾ ਰਹੀ ਹੈ ਅਤੇ ਇਸੇ ਤਰਜ਼ ‘ਤੇ ਪੰਜਾਬ ਦੇ ਹੋਰ ਬੱਸ ਅੱਡੇ ਵੀ ਠੇਕੇ ‘ਤੇ ਦਿੱਤੇ ਜਾਂਦੇ ਰਹੇ ਹਨ।
 
ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਕਰਦਿਆਂ ਅਤੇ ਤੱਥਾਂ ਰਹਿਤ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਬੱਸ ਸਟੈਂਡ ਲੁਧਿਆਣਾ ਦੀ ਕੰਸਟਰੱਕਸ਼ਨ ਦਾ ਕੰਮ ਵੈਲਸੰਪਨ ਕੰਪਨੀ ਵੱਲੋਂ ਸਾਲ 2006 ਵਿੱਚ ਬੀ.ਓ.ਟੀ. (ਬੈਲਟ ੳਪਰੇਟ ਐਂਡ ਟਰਾਂਸਫਰ) ਤੇ ਕੀਤਾ ਗਿਆ ਸੀ। ਇਸ ਕੰਪਨੀ ਵੱਲੋਂ ਸਾਲ 2016 ਤੱਕ ਬੱਸ ਸਟੈਂਡ ਨੂੰ ਬੀ.ਓ.ਟੀ. ਬੇਸਿਜ ‘ਤੇ ਚਲਾਇਆ ਗਿਆ। ਇਸ ਤੋਂ ਬਾਅਦ ਬੱਸ ਸਟੈਂਡ ਲੁਧਿਆਣਾ ਸਾਲ 2018 ਵਿੱਚ ਮੁੜ  ਮੈਸ.ਐਲ.ਆਰ.ਵਾਈ ਕੰਪਨੀ ਨੂੰ ਐਮ.ਓ.ਟੀ. (ਮੈਟੀਨੈਂਸ ੳਪਰੇਟ ਐਂਡ ਟਰਾਂਸਫਰ) ਦੇ ਅਧਾਰ ‘ਤੇ ਠੇਕੇ ‘ਤੇ ਦੇ ਦਿੱਤਾ ਗਿਆ।
 
ਉਨ੍ਹਾਂ ਦੱਸਿਆ ਕਿ ਸਾਲ 2020 ਵਿੱਚ ਕਰੋਨਾ ਮਹਾਮਾਰੀ ਆਉਣ ਕਾਰਨ ਮੈਸ.ਐਲ.ਆਰ.ਵਾਈ ਕੰਪਨੀ ਵੱਲੋਂ ਬਣਦੀ ਕਨਸ਼ੈਸ਼ਨ ਫੀਸ ਵਿਭਾਗ ਪਾਸ ਜ਼ਮ੍ਹਾਂ ਨਹੀ ਕਰਵਾਈ ਗਈ, ਜਿਸ ਕਾਰਨ ਇਸ ਕੰਪਨੀ ਦਾ ਐਗਰੀਮੈਂਟ ਵਿਭਾਗ ਵੱਲੋਂ ਮੁਅਤੱਲ ਕਰਕੇ 10 ਦਸੰਬਰ,2021 ਤੋਂ ਬੱਸ ਸਟੈਂਡ ਲੁਧਿਆਣਾ ਦਾ ਰੱਖ-ਰੱਖਾਵ ਪਨਬੱਸ ਵੱਲੋਂ ਆਪਣੇ ਪੱਧਰ ‘ਤੇ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਬੱਸ ਅੱਡੇ ਦੀ ਫੀਸ ਦੀ ਕੁਲੈਕਸ਼ਨ ਵੀ ਵਿਭਾਗ ਵੱਲੋਂ ਆਪਣੇ ਪੱਧਰ ‘ਤੇ ਕੀਤੀ ਜਾਂਦੀ ਹੈ। ਇਹ ਅੱਡਾ ਫੀਸ ਕੁਲੈਕਟ ਕਰਨ ਲਈ ਬੱਸ ਸਟੈਂਡ ਦੇ ਵੱਖ-ਵੱਖ ਪੁਆਇੰਟਾਂ ‘ਤੇ ਡਿਪੂ ਵੱਲੋਂ 15 ਕਰਮਚਾਰੀਆਂ (ਕੰਡਕਟਰ-ਸਬ ਇਸੰਪੈਕਟਰ) ਨੂੰ ਤੈਨਾਤ ਕੀਤਾ ਗਿਆ ਸੀ। ਇਨਾ ਕਰਮਚਾਰੀਆਂ ਵਲੋ ਰੋਜ਼ਾਨਾ ਅੱਡਾ ਫੀਸ ਕੁਲੈਕਟ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਅਤੇ ਸਟੇਸ਼ਨਰੀ ਆਦਿ ਦਾ ਖਰਚਾ ਵੀ ਵਿਭਾਗ ਵੱਲੋਂ ਹੀ ਕੀਤਾ ਜਾਂਦਾ ਸੀ।
 
ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਅੱਡਾ ਫੀਸ ਨੂੰ ਠੇਕੇ ‘ਤੇ ਦੇਣ ਲਈ ਮੁੱਖ ਦਫਤਰ ਦੇ ਹੁਕਮਾਂ ਅਨੁਸਾਰ ਡਿਪੂ ਵੱਲੋਂ 08 ਵਾਰ ਆਨਲਾਈਨ ਈ -ਆਕਸ਼ਨ ਕਰਵਾਈ ਗਈ। ਇਸੇ ਤਹਿਤ 01 ਅਗਸਤ, 2025 ਨੂੰ ਈ -ਆਕਸ਼ਨ ਕੀਤੀ ਗਈ। ਇਸ ਆਨਲਾਈਨ ਈ-ਆਕਸ਼ਨ ਵਿੱਚ ਕੁੱਲ 04 ਬੋਲੀਕਾਰ ਸ਼ਾਮਲ ਹੋਏ ਅਤੇ ਇਨ੍ਹਾਂ 04 ਬੋਲੀਕਾਰਾਂ ਵਿੱਚੋਂ ਅਰਜਨ ਯਾਦਵ ਐਂਡ ਕੰਪਨੀ ਵੱਲੋਂ ਉਚ ਕੀਮਤ 4401000 ਪਲੱਸ ਜੀ.ਐਸ.ਟੀ.  51,93,180/- ਦੀ ਬੋਲੀ ਲਗਾਈ ਗਈ। ਅਰਜੁਨ ਯਾਦਵ ਐਂਡ ਕੰਪਨੀ ਵੱਲੋਂ ਰਕਮ 100298340/- (ਇੱਕ ਕਰੋੜ ਦੋ ਲੱਖ ਅਠਾਨਵੇ ਹਜ਼ਾਰ ਤਿੰਨ ਸੋ ਚਾਲੀ ਰੁਪਏ) ਦੋ ਕਿਸ਼ਤਾਂ ਐਡਵਾਂਸ ਡਿਪੂ ਦੇ ਖਾਤੇ ਵਿੱਚ ਜ਼ਮ੍ਹਾਂ ਕਰਵਾ ਦਿੱਤੀਆਂ ਗਈਆਂ ਹਨ। ਅੱਡਾ ਫੀਸ ਦਾ ਕੰਟਰੈਕਟ ਇਸ ਕੰਪਨੀ ਨਾਲ 06 ਮਹੀਨੇ ਦੇ ਸਮੇਂ ਜਾਂ ਓਵਰਆਲ ਬੱਸ ਸਟੈਂਡ ਠੇਕੇ ‘ਤੇ ਚੜਨ ਤੋਂ ਪਹਿਲਾਂ ਤੱਕ ਦੇ ਸਮੇਂ ਲਈ ਕੀਤਾ ਗਿਆ ਹੈ। ਐਡਵਾਂਸ ਈ -ਆਕਸ਼ਨ ਦੀ ਇਹ ਸਾਰੀ ਪ੍ਰਕਿਰਿਆ ਸਰਕਾਰੀ ਹਦਾਇਤਾਂ ਅਨੁਸਾਰ ਐਮ.ਐਸ.ਟੀ.ਸੀ. ਕੰਪਨੀ ਵੱਲੋਂ ਕੀਤੀ ਗਈ ਹੈ। ਅੱਡਾ ਫੀਸ ਕੁਲੈਕਸ਼ਨ ਦਾ ਕੰਮ ਠੇਕੇ ‘ਤੇ ਦੇਣ ਤੋਂ ਬਾਅਦ ਡਿਪੂ ਦੇ ਜੋ ਕੰਡਕਟਰ ਅਤੇ ਸਬ ਇਸੰਪੈਕਟਰ ਸਟਾਫ ਨੂੰ ਅੱਡਾ ਫੀਸ ‘ਤੇ ਲਗਾਇਆ ਗਿਆ ਸੀ, ਉਨਾਂ ਕਰਮਚਾਰੀਆਂ ਨੂੰ ਮੁੜ ਆਪਣੀ ਬਣਦੀ ਡਿਊਟੀ ‘ਤੇ ਲਗਾ ਦਿੱਤਾ ਗਿਆ ਹੈ।  
 
ਲਾਲਜੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਟਰਾਂਸਪੋਰਟ ਵਿਭਾਗ ਨੇ ਠੇਕੇ ਦੇ ਆਧਾਰ 'ਤੇ ਅੱਡਾ ਦੇਣ ਲਈ ਸੱਤ ਵਾਰ ਈ-ਨਿਲਾਮੀਆਂ ਕੀਤੀਆਂ ਅਤੇ 1 ਅਗਸਤ, 2025 ਨੂੰ ਹੋਈ ਸਭ ਤੋਂ ਤਾਜ਼ਾ ਅੱਠਵੀਂ ਨਿਲਾਮੀ ਵਿੱਚ ਅਰਜਨ ਯਾਦਵ ਐਂਡ ਕੰਪਨੀ (#156, ਨਿਊ ਗਰੇਨ ਮਾਰਕੀਟ, ਸਾਲਿਮ ਟੱਬਰੀ, ਲੁਧਿਆਣਾ-141008, ਪੰਜਾਬ) ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਵਜੋਂ ਉਭਰੀ। ਇਸ ਤਰ੍ਹਾਂ ਇੱਕ ਪਾਰਦਰਸ਼ੀ ਅਤੇ ਨਿਰਧਾਰਤ ਪ੍ਰਕਿਰਿਆ ਤੋਂ ਬਾਅਦ, ਸਫਲ ਬੋਲੀਕਾਰ ਨੇ ਬਣਦੀ ਰਾਸ਼ੀ ਜ਼ਮ੍ਹਾਂ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਸਮਝੌਤੇ ਅਨੁਸਾਰ ਠੇਕੇਦਾਰ ਨੇ 1 ਨਵੰਬਰ, 2025 ਤੋਂ ਬੱਸ ਸਟੈਂਡ ਫੀਸ ਇਕੱਠੀ ਕਰਨ ਦਾ ਕੰਮ ਆਪਣੇ ਹੱਥ ਵਿੱਚ ਲੈ ਲਿਆ ਹੈ।
 
ਲਾਲਜੀਤ ਸਿੰਘ ਭੁੱਲਰ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਹਰ ਕਦਮ ਬਹੁਤ ਪਾਰਦਰਸ਼ਤਾ ਨਾਲ ਅਤੇ ਨਿਯਮਾਂ ਚੁੱਕਿਆ ਗਿਆ ਹੈ। ਅੱਡਾ ਫੀਸ ਵਸੂਲੀ ਨੂੰ ਆਊਟਸੋਰਸ ਕਰਨ ਦਾ ਫੈਸਲਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ, ਪ੍ਰਬੰਧਕੀ ਬੋਝ ਘਟਾਉਣ ਅਤੇ ਸਰਕਾਰੀ ਖਜ਼ਾਨੇ ਲਈ ਮਾਲੀਆ ਪੈਦਾ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਉਨ੍ਹਾਂ ਪੂਰੀ ਲਗਨ ਅਤੇ ਪਾਰਦਰਸ਼ਤਾ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ।