ਵਿਧਾਇਕ ਵਿਜੈ ਸਿੰਗਲਾ ਵੱਲੋਂ ਬਰਸਾਤ ਕਾਰਨ ਡਿੱਗੇ ਘਰ ਦੇ ਪਰਿਵਾਰਿਕ ਮੈਂਬਰਾਂ ਨੂੰ 04 ਲੱਖ 16 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ
ਮਾਨਸਾ, 15 ਸਤੰਬਰ:
ਪਿਛਲੇ ਦਿਨੀਂ ਪਈ ਭਾਰੀ ਬਰਸਾਤ ਕਾਰਨ ਪੰਜਾਬ ਵਿਚ ਹੜ੍ਹਾਂ ਦੇ ਹਾਲਾਤ ਬਣੇ, ਜਿਸ ਕਾਰਨ ਕਈ ਲੋਕਾਂ ਦੇ ਘਰ ਨੁਮਸਾਨੇ ਗਏ। ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਮਾਨਸਾ ਡਾ. ਵਿਜੈ ਸਿੰਗਲਾ ਨੇ ਮਾਨਸਾ ਵਿਖੇ ਬਰਸਾਤ ਕਾਰਨ ਮਕਾਨ ਡਿੱਗਣ ਕਰਕੇ ਹੋਏ ਨੁਕਸਾਨ ਕਰਕੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਮੁਆਵਜ਼ੇ ਵਜ਼ੋਂ 04 ਲੱਖ 16 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕਰਨ ਮੌਕੇ ਕੀਤਾ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਮਾਨਸਾ ਦੇ ਵਾਰਡ ਨੰਬਰ 01 ਵਿਖੇ ਮਕਾਨ ਡਿਗਣ ਕਾਰਨ ਮਹਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਸਹਾਇਤਾ ਲਈ ਮਹਿੰਦਰ ਸਿੰਘ ਦੇ ਲੜਕੇ ਜੀਵਨ ਸਿੰਘ ਨੂੰ 04 ਲੱਖ ਰੁਪਏ ਅਤੇ ਉਸ ਦੀ ਬੇਟੀ ਜੋ ਕਿ ਇਸ ਹਾਦਸੇ ਵਿਚ ਜ਼ਖਮੀ ਹੋ ਗਈ ਸੀ ਦੇ ਇਲਾਜ਼ ਲਈ 16 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ।
ਵਿਧਾਇਕ ਨੇ ਕਿਹਾ ਕਿ ਕੁਦਰਤੀ ਆਫ਼ਤ ਵਿਚ ਅਸੀਂ ਪ੍ਰਭਾਵਿਤ ਪਰਿਵਾਰਾਂ ਨਾਲ ਖੜ੍ਹੇ ਹਾਂ। ਇਸ ਘੜੀ ਵਿਚ ਹਰ ਪ੍ਰਭਾਵਿਤ ਪਰਿਵਾਰ ਦੀ ਮਦਦ ਕੀਤੀ ਜਾਵੇਗੀ।
ਇਸ ਮੌਕੇ ਐੱਸ.ਡੀ.ਐੱਮ. ਮਾਨਸਾ ਸ੍ਰੀ ਕਾਲਾ ਰਾਮ ਕਾਂਸਲ, ਡੀ.ਐੱਸ.ਪੀ. ਬੂਟਾ ਸਿੰਘ, ਸੁਨੀਲ ਕੁਮਾਰ ਪ੍ਰਧਾਨ ਨਗਰ ਕੌਂਸਲ, ਅਮਨ ਮਿੱਤਲ ਡਾਇਰੈਕਟਰ ਵਾਟਰ ਰਿਸੋਰਸ ਪੰਜਾਬ, ਕੁਲਦੀਪ ਸਿੰਘ ਟੀਟੂ ਚਹਿਲ ਹਲਕਾ ਸੰਗਠਨ ਇੰਚਾਰਜ, ਕਿਰਤਪਾਲ ਸਿੰਘ ਕੀਰਤੀ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ, ਗੁਰ ਸਾਹਿਬ ਸਿੰਘ ਬਲਾਕ ਪ੍ਰਧਾਨ, ਬੁੱਧਰਾਮ, ਜਗਦੇਵ ਸਿੰਘ ਅਦਿ ਹਾਜ਼ਰ ਸਨ।