ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਰਕਾਰੀ ਕਾਲਜ ਵਿਖੇ ਪਰਾਲੀ ਸੰਭਾਲਣ ਸਬੰਧੀ ਜਾਗਰੂਕਤਾ ਕੈਂਪ
ਹੁਸ਼ਿਆਰਪੁਰ, 15 ਸਤੰਬਰ : ਪਿਛਲੇ ਦਿਨਾਂ ਤੋਂ ਚੱਲ ਰਹੀ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਸਰਕਾਰੀ ਕਾਲਜ, ਹੁਸ਼ਿਆਰਪੁਰ ਵਿਖੇ ਪਰਾਲੀ ਸੰਭਾਲਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦਿਆਂ ਇੰਚਾਰਜ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਡਾ. ਮਨਿੰਦਰ ਸਿੰਘ ਬੌਂਸ ਨੇ ਪਰਾਲੀ ਨੂੰ ਸੰਭਾਲਣ ਦੀ ਲੋੜ ਅਤੇ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਅਤੇ ਪਰਾਲੀ ਵਿੱਚ ਮੌਜੂਦ ਵੱਖ-ਵੱਖ ਤੱਤਾਂ ਦੀ ਮਹਤੱਤਾ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਝੋਨੇ ਦੀ ਪਰਾਲੀ ਦੀ ਬਾਇਓ ਗੈਸ ਪਲਾਂਟ, ਊੂਰਜਾ, ਖਾਦ, ਖੁੰਬ ਉਤਪਾਦਨ ਅਤੇ ਪਸ਼ੂ ਖੁਰਾਕ ਵਜੋਂ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਕਾਲਜ ਮੁਹਿੰਮ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਪਰਾਲੀ ਸੰਭਾਲਣ ਦੇ ਇਸ ਨੇਕ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਲਈ ਵੀ ਲਾਮਬੰਦ ਕੀਤਾ।
ਕਾਲਜ ਦੇ ਪ੍ਰਿੰਸੀਪਲ ਮੇਜਰ ਗੁਰਮੀਤ ਸਿੰਘ ਨੇ ਆਏ ਮਾਹਿਰਾਂ ਦਾ ਸੁਆਗਤ ਕੀਤਾ ਅਤੇ ਝੋਨੇ ਦੀ ਪਰਾਲੀ ਸੰਭਾਲਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਨੇਕ ਮਨੋਰਥ ਵਿਚ ਵਿਦਿਆਰਥੀਆਂ ਦੇ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਪ੍ਰਤੀ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ, ਲੇਖ ਲਿਖਣ ਅਤੇ ਪੇਂਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ।ਵਿਦਿਆਰਥੀਆਂ ਵੱਲੋਂ ਸਾਰੇ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਗਈ। ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਮਹਿਮਾਨਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਕਾਲਜ ਦੇ ਵਿਦਿਆਰਥੀਆਂ ਵੱਲੋਂ ਪਰਾਲੀ ਪ੍ਰਬੰਧਨ ਅਤੇ ਅੱਗ ਲਗਾਉਣ ਨਾਲ ਵਾਤਾਵਰਣ, ਜ਼ਮੀਨ ਦੀ ਸਿਹਤ ਅਤੇ ਮਨੁੱਖਤਾ ਤੇ ਬੁਰੇ ਪ੍ਰਭਾਵ ਸਬੰਧੀ ਜਾਗਰੁਕਤਾ ਰੈਲੀ ਵੀ ਕੱਢੀ ਗਈ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਸਟਾਫ, ਡਾ. ਸੁਖਦੀਪ ਕੌਰ , ਸਹਾਇਕ ਪ੍ਰੋਫੈਸਰ (ਗੂਹਿ ਵਿਗਿਆਨ) ਤੇ ਪ੍ਰੋਗਰਾਮ ਸਹਾਇਕ (ਲੈਬ ਟੈਕਨੀਸ਼ਿਅਨ) ਸੁਨੀਤਾ ਅਤੇ ਸਰਕਾਰੀ ਕਾਲਜ, ਹੁਸ਼ਿਆਰਪੁਰ ਦੇ ਜੀਵ ਵਿਗਿਆਨ ਵਿਭਾਗ ਦੇ ਮੁਖੀ ਪ੍ਰਭਜੋਤ ਕੌਰ, ਸਹਾਇਕ ਪ੍ਰੋਫੈਸਰ ਡਾ. ਸੰਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਅੰਮ੍ਰਿਤਦੀਪ ਕੌਰ ਦੀ ਦੇਖ-ਰੇਖ ਅਧੀਨ ਹੋਏ।