ਵਿਧਾਇਕ ਰਣਬੀਰ ਭੁੱਲਰ ਨੇ ਨਸ਼ੇ ਦੇ ਖਾਤਮੇ ਲਈ ਇਕਜੁੱਟ ਹੋਣ ਦਾ ਦਿੱਤਾ ਸੱਦਾ
By NIRPAKH POST
On
ਫਿਰੋਜ਼ਪੁਰ, 22 ਮਈ :
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਨਸ਼ਾ ਮੁਕਤੀ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਯਾਤਰਾਵਾਂ ਵਿਚ ਸਥਾਨਕ ਵਿਧਾਇਕਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਮਾਜਿਕ ਸੰਗਠਨਾਂ, ਨੌਜਵਾਨਾਂ ਅਤੇ ਨਾਗਰਿਕਾਂ ਵੱਲੋਂ ਉਤਸ਼ਾਹ ਨਾਲ ਭਾਗ ਲੈ ਕੇ ਨਸ਼ਿਆਂ ਦੇ ਖਿਲਾਫ ਇੱਕਜੁਟਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।
ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਦੀ ਅਗਵਾਈ ਹੇਠ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਿੰਡ ਗੋਖੀਵਾਲਾ, ਹੁਸੈਨੀਵਾਲਾ ਅਤੇ ਨਵਾਂ ਬਾਰੇ ਕੇ ਵਿਚ ‘ਨਸ਼ਾ ਮੁਕਤੀ ਯਾਤਰਾਵਾਂ’ ਕੱਢ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਗੰਭੀਰ ਹੈ ਅਤੇ ਇਸ ਮੁਹਿੰਮ ਨੂੰ ਪੂਰੀ ਵਚਨਬੱਧਤਾ ਨਾਲ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਸਮੂਹਿਕ ਯਤਨ ਜ਼ਰੂਰੀ ਹਨ ਅਤੇ ਜਨਤਕ ਭਾਗੀਦਾਰੀ ਇਸ ਦਿਸ਼ਾ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਸਮਾਜ ਨੂੰ ਨਸ਼ੇ ਦੀ ਗ੍ਰਿਫਤ ਤੋਂ ਮੁਕਤ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ, ਅਤੇ ਅਜਿਹੇ ਸਮੇਂ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਲੋਕਾਂ ਨੂੰ ਪ੍ਰੇਰਿਤ ਕਰਨ ਵਿਚ ਬਹੁਤ ਸਹਾਈ ਸਾਬਤ ਹੋ ਰਹੀਆਂ ਹਨ।
ਇਸ ਮੌਕੇ ਉਨ੍ਹਾਂ ਪੰਚਾਇਤਾਂ, ਪੇਂਡੂ ਸੁਰੱਖਿਆ ਕਮੇਟੀਆਂ, ਯੂਥ ਕਲੱਬਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਪਿੰਡਾਂ ਦੇ ਪਹਿਰੇਦਾਰ ਵਜੋਂ ਕੰਮ ਕਰ ਕੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਦੇ ਇਲਾਜ ਤੇ ਪੁਨਰਵਾਸ ਲਈ ਸਰਕਾਰ ਦਾ ਸਹਿਯੋਗ ਕਰਨ ਤਾਂ ਜੋ ਨਸ਼ਾ ਪੀੜਤਾਂ ਨੂੰ ਤੰਦਰੁਸਤ ਕਰ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਸਕੇ। ਇਸ ਉਪਰੰਤ ਵਿਧਾਇਕ ਨੇ ਲੋਕਾਂ ਨੂੰ ਆਪਣੇ ਪਿੰਡਾਂ 'ਚ ਨਸ਼ਾ ਨਾ ਵਿਕਣ ਦੇਣ ਅਤੇ ਨਸ਼ਿਆਂ ਦੇ ਖਾਤਮੇ ਲਈ ਸਹਿਯੋਗ ਦੇਣ ਦੀ ਸਹੁੰ ਵੀ ਚੁਕਾਈ।
ਇਸ ਮੌਕੇ ਡਾ. ਅਮਨਦੀਪ ਕੌਰ ਗੋਸਲ (ਨਸ਼ਾ ਮੁਕਤੀ ਮੋਰਚਾ, ਕੋਆਰਡੀਨੇਟਰ ਫਿਰੋਜ਼ਪੁਰ ਸ਼ਹਿਰੀ), ਬੀ.ਡੀ.ਪੀ.ਓ. ਫ਼ਿਰੋਜ਼ਪੁਰ ਸੁਖਵਿੰਦਰ ਕੌਰ, ਸ਼ਰਨਜੀਤ ਸਿੰਘ ਲਹਿਰੀ (ਬਲਾਕ ਪ੍ਰਧਾਨ), ਸੁਰਜੀਤ ਸਿੰਘ (ਬਲਾਕ ਪ੍ਰਧਾਨ), ਨੇਕ ਪ੍ਰਤਾਪ ਸਿੰਘ ਬਾਵਾ, ਸੁੱਖਪਾਲ ਸਿੰਘ ਸਰਪੰਚ (ਗੋਖੀ ਵਾਲਾ), ਸੁੱਖਵਿੰਦਰ ਸਿੰਘ ਸਿੱਧੂ (ਬਸਤੀ ਰਾਮ ਲਾਲ), ਕੁਲਦੀਪ ਸਿੰਘ (ਪੀਰੂ ਵਾਲਾ), ਰਸ਼ਪਾਲ ਸਿੰਘ ਸਰਪੰਚ (ਬਸਤੀ ਅੰਬਰਸਰੀਆ), ਕਰਮਜੀਤ ਸਿੰਘ ਸਰਪੰਚ (ਨਵਾਂ ਬਾਰੇ ਕੇ) ਆਦਿ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Tags: