ਮਾਨ ਸਰਕਾਰ ਵੱਲੋਂ ਆਂਗਨਵਾੜੀ ਸੇਵਾਵਾਂ ਨੂੰ ਨਵੀਂ ਮਜ਼ਬੂਤੀ — ਲੋਕ-ਕੇਂਦਰਤ ਨੀਤੀਆਂ ਦਾ ਅਮਲ ਜਾਰੀ: ਡਾ. ਬਲਜੀਤ ਕੌਰ

ਮਾਨ ਸਰਕਾਰ ਵੱਲੋਂ ਆਂਗਨਵਾੜੀ ਸੇਵਾਵਾਂ ਨੂੰ ਨਵੀਂ ਮਜ਼ਬੂਤੀ — ਲੋਕ-ਕੇਂਦਰਤ ਨੀਤੀਆਂ ਦਾ ਅਮਲ ਜਾਰੀ: ਡਾ. ਬਲਜੀਤ ਕੌਰ

ਚੰਡੀਗੜ੍ਹ, 31 ਜੁਲਾਈ:

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਂਗਨਵਾੜੀ ਸੇਵਾਵਾਂ ਨੂੰ ਮਜ਼ਬੂਤ, ਸਮਰਥ ਅਤੇ ਲੋਕ-ਪੱਖੀ ਬਣਾਉਣ ਲਈ ਵਚਨਬੱਧ ਹੈ। ਇਸ ਉਦੇਸ਼ ਦੀ ਪੂਰਤੀ ਤਹਿਤ ਪੰਜਾਬ ਸਰਕਾਰ ਵੱਲੋਂ 5000 ਤੋਂ ਵੱਧ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਨੂੰ 30 ਸਤੰਬਰ 2025 ਤੋਂ ਪਹਿਲਾਂ ਭਰਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ  ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।

ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਵਿਭਾਗ ਨੇ 23 ਜੁਲਾਈ ਤੋਂ 15 ਅਗਸਤ ਤੱਕ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਤਰੱਕੀਆਂ, ਬਦਲੀਆਂ/ਐਡਜਸਟਮੈਂਟਾਂ ਅਤੇ ਤਰਸ ਦੇ ਅਧਾਰ ਤੇ ਨਿਯੁਕਤੀਆਂ ਲਈ ਵਿਸ਼ੇਸ਼ ਸ਼ਡਿਊਲ ਜਾਰੀ ਕੀਤਾ ਹੈ। ਇਸ ਤਹਿਤ, ਜਿਨ੍ਹਾਂ ਵਰਕਰਾਂ ਦੀ ਸੇਵਾ ਦੌਰਾਨ ਮੌਤ ਹੋ ਗਈ, ਉਨ੍ਹਾਂ ਦੇ ਆਸ਼ਰਤਾਂ ਨੂੰ ਨੌਕਰੀ ਦੇਣ ਲਈ 1 ਅਗਸਤ ਤੋਂ 8 ਅਗਸਤ ਤੱਕ ਕਾਰਵਾਈ ਹੋਵੇਗੀ, ਜਦਕਿ ਬਦਲੀਆਂ/ਐਡਜਸਟਮੈਂਟਾਂ 15 ਅਗਸਤ ਤੋਂ ਪਹਿਲਾਂ ਮੁਕੰਮਲ ਕੀਤੀਆਂ ਜਾਣਗੀਆਂ।

ਡਾ. ਬਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਉਹਨਾਂ ਆਂਗਨਵਾੜੀ ਵਰਕਰਾਂ ਜਾਂ ਹੈਲਪਰਾਂ ਦੇ ਆਸ਼ਰਤਾਂ ਨੂੰ ਸਰਕਾਰੀ ਨੌਕਰੀ ਦਾ ਮੌਕਾ ਦਿੱਤਾ ਜਾ ਰਿਹਾ ਹੈ ਜੋ ਸੇਵਾ ਦੌਰਾਨ ਪੱਕੇ ਤੌਰ 'ਤੇ ਅਪੰਗ ਹੋ ਗਏ ਹਨ ਜਾਂ ਜਾਨਲੇਵਾ ਬੀਮਾਰੀ ਕਾਰਨ ਅਸਮਰਥ ਹੋ ਚੁੱਕੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ, ਸੁਰੱਖਿਆ ਅਤੇ ਉਤਸ਼ਾਹ ਵਧਾਉਣ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਹ ਫੈਸਲੇ ਸਿਰਫ਼ ਪ੍ਰਸ਼ਾਸਨਿਕ ਨਹੀਂ ਸਗੋਂ ਮਨੁੱਖੀ ਹਮਦਰਦੀ, ਇਨਸਾਫ ਅਤੇ ਜ਼ਿੰਮੇਵਾਰ ਪ੍ਰਬੰਧਨ ਦੇ ਪ੍ਰਤੀਕ ਹਨ। ਸਰਕਾਰ ਹਮੇਸ਼ਾ ਆਪਣੇ ਫਰੰਟਲਾਈਨ ਕਰਮਚਾਰੀਆਂ ਦੀ ਸੇਵਾ ਦੀ ਕਦਰ ਕਰਦੀ ਹੈ ਅਤੇ ਉਹਨਾਂ ਦੇ ਹੱਕਾਂ ਦੀ ਪੂਰੀ ਰਾਖੀ ਕਰੇਗੀ।

ਡਾ. ਬਲਜੀਤ ਕੌਰ ਨੇ ਕਿਹਾ ਕਿ ਖਾਲੀ ਅਸਾਮੀਆਂ ਦੇ ਇਸ਼ਤਿਹਾਰ 22 ਅਗਸਤ ਨੂੰ ਜਾਰੀ ਹੋਣਗੇ, ਜਦਕਿ ਅਰਜ਼ੀਆਂ ਭਰਨ ਦੀ ਆਖਰੀ ਮਿਤੀ 22 ਸਤੰਬਰ ਹੋਵੇਗੀ।ਉਨ੍ਹਾਂ ਕਿਹਾ ਕਿ ਭਰਤੀ ਦੀ ਪੂਰੀ ਪ੍ਰਕਿਰਿਆ ਨਿਰੋਲ ਮੈਰਿਟ ਅਤੇ ਪਾਰਦਰਸ਼ਤਾ ਦੇ ਆਧਾਰ 'ਤੇ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਜਾਂ ਭੇਦਭਾਵ ਦੀ ਗੂੰਜਾਇਸ਼ ਨਹੀਂ ਰਹੇਗੀ।

ਉਨ੍ਹਾਂ ਕਿਹਾ ਕਿ ਇਹਨਾਂ ਯਤਨਾਂ ਰਾਹੀਂ ਪੰਜਾਬ ਸਰਕਾਰ  ਆਂਗਨਵਾੜੀ ਸੇਵਾਵਾਂ ਨੂੰ ਹੀ ਨਹੀਂ, ਸਗੋਂ ਹਰ ਵਰਗ ਦੀ ਮਹਿਲਾ ਅਤੇ ਬੱਚੇ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਲਈ ਬੁਨਿਆਦੀ ਪੱਧਰ 'ਤੇ ਬਦਲਾਅ ਲਿਆ ਰਹੀ ਹੈ। ਇਹ ਕਦਮ ਸਿਰਫ਼ ਭਰਤੀਆਂ ਜਾਂ ਬਦਲੀਆਂ ਤੱਕ ਸੀਮਿਤ ਨਹੀਂ, ਸਗੋਂ ਇਕ ਸਮਾਜਿਕ ਵਚਨਬੱਧਤਾ ਦਾ ਹਿੱਸਾ ਹਨ, ਜੋ ਪੰਜਾਬ ਨੂੰ ਨਿਆਇਕ, ਹਮਦਰਦੀ ਅਤੇ ਵਿਕਸਿਤ ਸਮਾਜ ਵੱਲ ਲੈ ਜਾਂਦੇ ਹਨ।