ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੋਕਾਂ ਤੱਕ ਸਿੱਧੀ ਪਹੁੰਚ ਬਣਾਉਣਾ ਕਮਿਸ਼ਨ ਦੀ ਮੁੱਖ ਤਰਜੀਹ: ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ
ਅਹਿਮਦਗੜ੍ਹ/ਅਮਰਗੜ੍ਹ/ ਮਾਲੇਰਕੋਟਲਾ, 29 ਅਗਸਤ: ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਨਾਲ ਜੋੜਦਿਆਂ ਜ਼ਮੀਨੀ ਪੱਧਰ ’ਤੇ ਜਾਗਰੂਕਤਾ ਅਤੇ ਸ਼ਿਕਾਇਤ ਨਿਵਾਰਣ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ਜ਼ਿਲ੍ਹਾ ਮਾਲੇਰਕੋਟਲਾ ਦੀਆਂ ਸਬ ਡਵੀਜਨਾਂ ਅਮਰਗੜ੍ਹ ਅਤੇ ਅਹਿਮਦਗੜ ਵਿਖੇ ਲਗਾਏ ਗਏ ‘ਓਪਨ ਹੀਅਰਿੰਗ ਕੈਂਪਾਂ’ ਦੀ ਪ੍ਰਧਾਨਗੀ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨਾਲ ਉਨ੍ਹਾਂ ਦੇ ਨਿਪਟਾਰੇ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਕਮਿਸ਼ਨ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਨਾਗਰਿਕ ਨੂੰ ਸੰਵਿਧਾਨ ਵੱਲੋਂ ਪ੍ਰਦਾਨ ਕੀਤੇ ਮੂਲ ਅਤੇ ਮਾਨਵੀ ਅਧਿਕਾਰ ਸੁਰੱਖਿਅਤ ਰਹਿਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਹੱਕਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਅਤੇ ਯੋਗ ਨਿਪਟਾਰਾ ਕਮਿਸ਼ਨ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਲੋਕਾਂ ਤੱਕ ਕਮਿਸ਼ਨ ਦੀ ਪਹੁੰਚ ਹੋਰ ਆਸਾਨ ਬਣਾਉਣ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 10 ਤੋਂ 15 ਮੈਂਬਰਾਂ ਵਾਲੇ ਕੋਰ ਗਰੁੱਪ ਗਠਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਐਡਵੋਕੇਟ, ਡਾਕਟਰ, ਸੇਵਾ ਮੁਕਤ ਅਧਿਕਾਰੀ ਅਤੇ ਸਮਾਜ ਦੇ ਪੜ੍ਹੇ-ਲਿਖੇ ਤੇ ਸੂਝਵਾਨ ਨੌਜਵਾਨ/ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੇ ਕੋਰ ਗਰੁੱਪ ਗਠਿਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਮਨੁੱਖੀ ਅਧਿਕਾਰ ਕਮਿਸ਼ਨ ਬਣਿਆ ਹੈ।
ਪਦਮ ਸ੍ਰੀ ਸ਼ੰਟੀ ਨੇ ਕਿਹਾ ਕਿ ਪਹਿਲਾਂ ਕਮਿਸ਼ਨ ਕੋਲ ਰੋਜ਼ਾਨਾ 10-15 ਸ਼ਿਕਾਇਤਾਂ ਆਉਂਦੀਆਂ ਸਨ, ਜਦਕਿ ਜਾਗਰੂਕਤਾ ਮੁਹਿੰਮ ਅਤੇ ਕੈਂਪਾਂ ਕਾਰਨ ਹੁਣ ਇਹ ਗਿਣਤੀ ਵੱਧ ਕੇ ਲਗਭਗ 500 ਸ਼ਿਕਾਇਤਾਂ ਪ੍ਰਤੀ ਦਿਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਕੋਈ ਵੀ ਵਿਅਕਤੀ ਘਰ ਬੈਠਿਆਂ ਵਟਸਐਪ ਨੰਬਰ 98554-75547 ’ਤੇ ਲਿਖਤੀ ਸ਼ਿਕਾਇਤ ਭੇਜ ਸਕਦਾ ਹੈ, ਜਿਸ ’ਤੇ ਨਿਰਧਾਰਤ ਸਮੇਂ ਅੰਦਰ ਰਜਿਸਟ੍ਰੇਸ਼ਨ ਕਰਕੇ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਸਿਹਤ ਸੇਵਾਵਾਂ ਨਾਲ ਸਬੰਧਤ ਮਾਮਲਿਆਂ ਨੂੰ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬਕਾਇਆ ਬਿੱਲ ਦੇ ਨਾਂ ’ਤੇ ਹਸਪਤਾਲਾਂ ਵੱਲੋਂ ਮ੍ਰਿਤਕ ਦੇਹ ਰੋਕਣਾ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਗੰਭੀਰ ਮਾਮਲਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਪਰਿਵਾਰਾਂ ਦੇ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਐਂਬੂਲੈਂਸ ਸੇਵਾਵਾਂ,ਬਲੱਬ ਬੈਂਕਾਂ ਦੀ ਵਿਵਸਥਾ ਅਤੇ ਹਸਪਤਾਲ ਸਟਾਫ ਦੀ ਸੁਰੱਖਿਆ ਤੇ ਸਨਮਾਨ ਨੂੰ ਵੀ ਮਹੱਤਵਪੂਰਨ ਦੱਸਿਆ।ਇਸੇ ਤਰ੍ਹਾਂ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ ਵਿਰੁੱਧ ਵੀ ਸਖ਼ਤ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਧੋਖਾਧੜੀ ਦੀ ਸੂਰਤ ਵਿੱਚ ਲਿਖਤੀ ਸ਼ਿਕਾਇਤ ਜ਼ਰੂਰ ਦਰਜ ਕਰਵਾਈ ਜਾਵੇ।
ਪਦਮ ਸ੍ਰੀ ਸ਼ੰਟੀ ਨੇ ਕੋਰ ਟੀਮ , ਸਮਾਜ ਸੇਵੀ ਸੰਸਥਾਵਾਂ ਅਤੇ ਸਾਰਥਕ ਸੋਚ ਵਾਲੇ ਲੋਕਾਂ ਨੂੰ ਕਮਿਸ਼ਨ ਦੇ ‘ਅੱਖਾਂ ਅਤੇ ਕੰਨ’ ਬਣ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਮਾਜ ਵਿੱਚ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਉਣਤਾਈਆਂ ਨੂੰ ਸਾਹਮਣੇ ਲਿਆਉਣ ਵਿੱਚ ਸਮਾਜਿਕ ਸੰਸਥਾਵਾਂ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨ੍ਹਾਂ ਕਿਹਾ ਕਿ ਜਾਗਰੂਕ ਨਾਗਰਿਕ ਅਤੇ ਸਰਗਰਮ ਸਮਾਜਿਕ ਸੰਸਥਾਵਾਂ ਮਿਲ ਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੋਰ ਮਜ਼ਬੂਤ ਮਾਹੌਲ ਸਿਰਜ ਸਕਦੀਆਂ ਹਨ । ਇਸ ਮੌਕੇ ਉਨ੍ਹਾਂ ਅਹਿਮਦਗੜ੍ਹ ਵਿਖੇ ਬੱਸ ਸਟੈਂਡ ਦੀ ਸਮੱਸਿਆ,ਬਲੱਬ ਬੈਂਕ,ਫਾਈਰ ਬਰਗੈਂਡ,ਐਂਬੂਲੈਂਸ,ਸੜਕਾਂ ਦੇ ਨਿਰਮਾਣ,ਪਬਲਿਕ ਪਖਾਨਿਆਂ ਆਦਿ ਨਾਲ ਸਬੰਧਤ ਪ੍ਰਾਪਤ ਸਿਕਾਇਤਾਂ ਦਾ ਸਬੰਧਤ ਵਿਭਾਗਾਂ ਨੂੰ ਮੌਕੇ ਤੇ ਨਿਪਟਾਰਾਂ ਕਰਨ ਲਈ ਨਿਰਦੇਸ਼ ਦਿੱਤੇ ਅਤੇ ਪੁਲਿਸ ਵਿਭਾਗ ਨੂੰ ਯੋਗ ਸਿਕਾਇਤਾਂ ਦਾ ਤੁਰੰਤ ਹੱਲ ਕਰਨ ਲਈ ਵੀ ਕਿਹਾ ਤਾਂ ਜੋ ਕਿਸੇ ਵੀ ਆਮ ਵਿਅਕਤੀ ਨੂੰ ਮੁਸਕਲ ਪੇਸ਼ ਨਾ ਆਵੇ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਡੀ.ਐਸ.ਪੀ. ਅਹਿਮਦਗੜ੍ਹ ਇੰਦਰਪਾਲ ਸਿੰਘ ਚੋਹਾਨ, ਡੀ.ਐਸ.ਪੀ ਅਮਰਗੜ੍ਹ ਦੀਪਇੰਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਜੋਤ ਤਿਵਾੜੀ, ਨਿੱਜੀ ਸਕੱਤਰ ਟੂ ਮੈਂਬਰ ਬੀ.ਐਸ.ਬੇਦੀ,ਸਿਵਲ ਸਰਜਨ ਡਾ. ਪਰਦੀਪ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਕਪੂਰ, ਡੀ.ਐਫ.ਐਸ.ਸੀ ਮੁਨੀਸ ਪਜਨੀ, ਪ੍ਰਧਾਨ ਕਲੱਬ ਰਾਕੇਸ਼ ਕੁਮਾਰ ਗਰਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਬੜਿੰਗ, ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ, ਨਾਇਬ ਤਹਿਸੀਲਦਾਰ ਅਮਰਗੜ੍ਹ ਪ੍ਰਵੀਨ ਕੁਮਾਰ,ਡਾ ਸੁਨੀਤ ਹਿੰਦ, ਪੀ.ਏ. ਟੂ ਵਿਧਾਇਕ ਅਮਰਗੜ੍ਹ ਅਭੀਜੋਤ ਸਿੰਘ, ਕੋਰ ਟੀਮ ਮੈਂਬਰ ਮਹਿੰਦਰ ਕੌਰ ਕਟਾਰੀਆ, ਮਿਨਾਕਸ਼ੀ, ਨਦੀਮ ਅਨਵਰ ਖਾਨ, ਸੁਏਬ ਅਹਿਮਦ ਖਾਨ (ਸੈਬੀ), ਸ਼ੇਖ ਯਿਸ਼ਾਨ ਕੁਰੈਸ਼ੀ, ਅਜਹਰ ਖਾਨ, ਅਬਾਦ ਖੁਰਦ, ਲਵਦੀਪ ਸਿੰਘ, ਡਾ. ਸਤੀਸ਼ ਕੁਮਾਰ, ਹਰਬੰਸ ਸਿੰਘ, ਬੇਅੰਤ ਸਿੰਘ, ਇਰਫਾਨ, ਮੁਹੰਮਦ ਸ਼ਾਹਿਦ, ਮੰਜੂ ਹਰਕਿਰਨ ਕੌਰ, ਮਨਜਿੰਦਰ ਸਿੰਘ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਪੰਚਾਇਤੀ ਨੁਮਾਇੰਦੇ, ਐਨ.ਜੀ.ਓਜ਼, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਹੋਰ ਪ੍ਰਮੁੱਖ ਨੁਮਾਇੰਦੇ ਹਾਜ਼ਰ ਸਨ।

