ਪੰਜਾਬ ਵਿੱਚ 'ਸਵੱਛਤਾ ਹੀ ਸੇਵਾ-2026' ਮੁਹਿੰਮ ਦੀ ਸ਼ੁਰੂਆਤ*

ਪੰਜਾਬ ਵਿੱਚ 'ਸਵੱਛਤਾ ਹੀ ਸੇਵਾ-2026' ਮੁਹਿੰਮ ਦੀ ਸ਼ੁਰੂਆਤ*

*ਚੰਡੀਗੜ੍ਹ/ਐਸ.ਏ.ਐਸ. ਨਗਰ, 17 ਸਤੰਬਰ:* ਸੂਬੇ ਭਰ ਵਿੱਚ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣ ਲਈ ਅੱਜ 'ਸਵੱਛਤਾ ਹੀ ਸੇਵਾ' (ਐਸ.ਐਚ.ਐਸ.)-2026 ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। 17 ਸਤੰਬਰ ਤੋਂ 2 ਅਕਤੂਬਰ, 2026 ਤੱਕ ਪੰਦਰਾਂ ਦਿਨਾਂ ਲਈ ਚਲਣ ਵਾਲੀ ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ ਪੇਂਡੂ ਭਾਈਚਾਰਿਆਂ ਦੀ ਸਰਗਰਮ ਸ਼ਮੂਲੀਅਤ ਰਾਹੀਂ ਪੇਂਡੂ ਖੇਤਰਾਂ ਵਿੱਚ ਸਵੱਛਤਾ ਅਤੇ ਸੈਨੀਟੇਸ਼ਨ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਇਹ ਮੁਹਿੰਮ ਅੱਜ ਐਸ.ਏ.ਐਸ. ਨਗਰ ਸਥਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਐਸ.ਬੀ.ਐਮ. (ਜੀ) ਦੇ ਮਿਸ਼ਨ ਡਾਇਰੈਕਟਰ ਡਾ. ਸਈਅਦ ਸਹਿਰੀਸ਼ ਅਲੀ ਅਸਗਰ ਦੀ ਮੌਜੂਦਗੀ ਵਿੱਚ ਸ਼ੁਰੂ ਹੋਈ।

"ਸਵੱਛ ਮੇਂ ਸਹਿਭਾਗ, ਸਵੱਛ ਭਾਰਤ, ਵਿਕਸਿਤ ਭਾਰਤ" ਥੀਮ ਅਧੀਨ ਚਲਾਈ ਜਾ ਰਹੀ ਇਸ ਮੁਹਿੰਮ ਦਾ ਉਦੇਸ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ 'ਤੇ 'ਲੋਕਾਂ ਦੀ ਸ਼ਮੂਲੀਅਤ' ਨੂੰ ਯਕੀਨੀ ਬਣਾਉਣਾ ਹੈ। ਇਸ ਦੌਰਾਨ ਗ੍ਰਾਮ ਪੰਚਾਇਤਾਂ, ਪੇਂਡੂ ਪਰਿਵਾਰਾਂ, ਭਾਈਚਾਰਕ ਸਮੂਹਾਂ, ਨੌਜਵਾਨਾਂ, ਔਰਤਾਂ, ਵਿਦਿਆਰਥੀਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਹੋਰ ਸਬੰਧਤ ਧਿਰਾਂ ਨੂੰ ਸਵੱਛਤਾ ਮੁਹਿੰਮਾਂ ਵਿੱਚ ਹਿੱਸਾ ਲੈਣ ਅਤੇ ਜ਼ਿੰਮੇਵਾਰਾਨਾ ਢੰਗ ਨਾਲ ਸੈਨੀਟੇਸ਼ਨ ਤੇ ਕੂੜਾ-ਕਰਕਟ ਦੇ ਪ੍ਰਬੰਧਨ ਸਬੰਧੀ ਢੰਗ-ਤਰੀਕਿਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।

ਪੇਂਡੂ ਖੇਤਰ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਇਸ ਮੁਹਿੰਮ ਦਾ ਉਦੇਸ਼ ਸਫ਼ਾਈ ਅਤੇ ਸੈਨੀਟੇਸ਼ਨ ਪ੍ਰਤੀ ਭਾਈਚਾਰਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੌਰਾਨ ਪਿੰਡਾਂ ਅਤੇ ਪੇਂਡੂ ਇਕਾਈਆਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਮੌਕੇ ‘ਤੇ ਹੀ ਕੂੜੇ ਨੂੰ ਵੱਖ-ਵੱਖ ਕਰਨਾ, ਠੋਸ ਅਤੇ ਪਲਾਸਟਿਕ ਰਹਿੰਦ-ਖੂੰਹਦ ਦੇ ਸੁਚੱਜੇ ਭੰਡਾਰਨ ਤੇ ਪ੍ਰਬੰਧਨ, ਕੂੜੇ-ਕਰਕਟ ਵਿੱਚ ਕਮੀ ਲਿਆਉਣਾ, ਮੁੜ ਵਰਤੋਂ ਅਤੇ ਰੀਸਾਈਕਲਿੰਗ, ਜਨਤਕ ਥਾਵਾਂ ਦੀ ਸਫ਼ਾਈ ਅਤੇ ਸੈਨੀਟੇਸ਼ਨ ਨਾਲ ਸਬੰਧਤ ਇਕਾਈਆਂ ਦਾ ਰੱਖ-ਰਖਾਅ ਸ਼ਾਮਲ ਹੈ। ਇਸ ਦੌਰਾਨ ਭਾਈਚਾਰਿਆਂ ਨੂੰ ਸਥਾਨਕ ਸਫ਼ਾਈ ਸਬੰਧੀ ਚੁਣੌਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਵਿਹਾਰਕ ਅਮਲਾਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਮਿਸ਼ਨ ਡਾਇਰੈਕਟਰ ਡਾ. ਸਈਦ ਸਹਿਰੀਸ਼ ਅਲੀ ਅਸਗਰ ਨੇ ਕਿਹਾ ਕਿ ਸਫ਼ਾਈ ਨੂੰ ਨਿਰੰਤਰ ਚੱਲਣ ਵਾਲਾ ਅਤੇ ਭਾਈਚਾਰਕ ਸ਼ਮੂਲੀਅਤ ਵਾਲਾ ਯਤਨ ਹੈ। ਉਨ੍ਹਾਂ ਕਿਹਾ ਕਿ ਸਵੱਛਤਾ ਹੀ ਸੇਵਾ ਦੇ ਉਦੇਸ਼ਾਂ ਨੂੰ ਉਦੋਂ ਹੀ ਪੂਰਾ ਕੀਤਾ ਜਾ ਸਕਦਾ ਹੈ ਜਦੋਂ ਸਾਰੇ ਨਾਗਰਿਕ ਸਫ਼ਾਈ ਸਬੰਧੀ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਗੇ ਅਤੇ ਸਾਫ਼-ਸੁਥਰੇ ਆਲੇ-ਦੁਆਲੇ ਨੂੰ ਬਰਕਰਾਰ ਰੱਖਣ ਨੂੰ ਆਪਣੀ ਜ਼ਿੰਮੇਵਾਰੀ ਸਮਝਣਗੇ। ਉਨ੍ਹਾਂ ਸਟਾਫ਼ ਅਤੇ ਜ਼ਮੀਨੀ ਪੱਧਰ ‘ਤੇ ਕੰਮ ਵਾਲੇ ਲੋਕਾਂ ਨੂੰ ਸਫ਼ਾਈ ਦਾ ਸੰਦੇਸ਼ ਪੇਂਡੂ ਭਾਈਚਾਰਿਆਂ ਤੱਕ ਪਹੁੰਚਾਉਣ ਅਤੇ ਲੋਕਾਂ ਨੂੰ ਸਾਫ਼-ਸੁਥਰੇ ਆਲੇ-ਦੁਆਲੇ ਨੂੰ ਬਰਕਰਾਰ ਰੱਖਣ ਲਈ ਆਪਣੇ ਵਿਹਾਰ ਵਿੱਚ ਤਬਦੀਲੀ ਲਿਆਉਣ ਵਾਸਤੇ ਉਤਸ਼ਾਹਿਤ ਕਰਨ ਲਈ ਵੀ ਕਿਹਾ।

ਇਸ ਦੌਰਾਨ ਪੀ.ਐਮ.ਆਈ.ਡੀ.ਸੀ. ਦੇ ਐਸ.ਡਬਲਿਊ.ਐਮ./ਐਸ.ਬੀ.ਐਮ.ਯੂ. ਵਿਭਾਗ ਦੀ ਪ੍ਰਾਜੈਕਟ ਅਸਿਸਟੈਂਟ ਸ੍ਰੀਮਤੀ ਰਿਤਿਕਾ ਆਹੂਜਾ ਨੇ ਅਧਿਕਾਰੀਆਂ ਅਤੇ ਸਟਾਫ਼ ਲਈ ਤਕਨੀਕੀ ਜਾਗਰੂਕਤਾ ਬਾਰੇ ਸੈਸ਼ਨ ਕਰਵਾਇਆ। ਪੀ.ਐਮ.ਆਈ.ਡੀ.ਸੀ. ਦੇ ਮਾਹਰ ਨੇ ਸਫ਼ਾਈ ਅਤੇ ਕੂੜਾ-ਕਰਕਟ ਪ੍ਰਬੰਧਨ ਬਾਰੇ ਲੈਕਚਰ ਦਿੱਤਾ, ਜਿਸ ਵਿੱਚ ਕੂੜੇ ਦੇ ਯੋਜਨਾਬੱਧ ਨਿਪਟਾਰੇ, ਮੌਕੇ ‘ਤੇ ਹੀ ਕੂੜੇ ਨੂੰ ਵੱਖ-ਵੱਖ ਕਰਨ ਅਤੇ ਭਾਈਚਾਰਕ ਸ਼ਮੂਲੀਅਤ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਕਾਨਫਰੰਸ ਵਿੱਚ ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਆਈ.ਪੀ.ਸੀ.ਏ. ਦੀ ਜਨਰਲ ਮੈਨੇਜਰ ਡਾ. ਰੀਨਾ ਚੱਢਾ ਨੇ  ਪਲਾਸਟਿਕ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਪਲਾਸਟਿਕ ਨੂੰ ਉਤਪਾਦਾਂ ਵਿੱਚ ਰੀਸਾਈਕਲ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਅਤੇ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਚਾਰ-ਪੜਾਵੀ ਵੰਡ ਦੀ ਅਹਿਮੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਪਲਾਸਟਿਕ ਦੇ ਕੂੜੇ ਦੇ ਗਲਤ ਨਿਪਟਾਰੇ ਕਾਰਨ ਪੈਦਾ ਹੋਣ ਵਾਲੀਆਂ ਵਾਤਾਵਰਨ ਸਬੰਧੀ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕੂੜਾ ਘਟਾਉਣ, ਕੂੜੇ ਦੀ ਸੁਚੱਜੀ ਵੰਡ, ਇਕੱਠਾ ਕਰਨ, ਰੀਸਾਈਕਲ ਕਰਨ ਅਤੇ ਜ਼ਿੰਮੇਵਾਰੀ ਨਾਲ ਨਿਪਟਾਰਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਸੈਸ਼ਨ ਦੌਰਾਨ ਪਿੰਡਾਂ, ਜਨਤਕ ਥਾਵਾਂ ਅਤੇ ਜਲ ਸਰੋਤਾਂ ਵਿੱਚ ਪਲਾਸਟਿਕ ਦੀ ਗੰਦਗੀ ਨੂੰ ਰੋਕਣ ਵਿੱਚ ਪੇਂਡੂ ਭਾਈਚਾਰੇ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ।

ਇਸ ਲਾਂਚ ਪ੍ਰੋਗਰਾਮ ਨੂੰ ਅਮਲੀ ਜਾਮਾ ਦੇਣ ਦੇ ਸੁਹਿਰਦ ਯਤਨ ਤਹਿਤ ਮੁੱਖ ਦਫ਼ਤਰ ਵਿੱਚ ਅਤੇ ਆਲੇ-ਦਆਲੇ ਸਫਾਈ ਮੁਹਿੰਮ ਚਲਾਈ ਗਈ। ਮਿਸ਼ਨ ਡਾਇਰੈਕਟਰ ਡਾ. ਸਈਦ ਸਹਿਰੀਸ਼ ਅਲੀ ਅਸਗਰ ਨੇ ਸਟਾਫ ਦੇ ਨਾਲ ਸਫਾਈ ਗਤੀਵਿਧੀ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਸੰਦੇਸ਼ ਦਿੱਤਾ ਕਿ ਸਫ਼ਾਈ ਦੀ ਸ਼ੁਰੂਆਤ ਵਿਅਕਤੀਗਤ ਜ਼ਿੰਮੇਵਾਰੀ ਅਤੇ ਸਮੂਹਿਕ ਕੋਸ਼ਿਸ਼ ਨਾਲ ਹੀ ਹੁੰਦੀ ਹੈ।

ਪ੍ਰੋਗਰਾਮ ਦੀ ਸਮਾਪਤੀ ‘ਸਵੱਛਤਾ ਸਹੁੰ’ ਚੁੱਕੁਣ ਨਾਲ ਹੋਈ। ਅਧਿਕਾਰੀਆਂ ਅਤੇ ਸਟਾਫ ਨੇ ਸਮੂਹਿਕ ਤੌਰ ’ਤੇ ਸਫਾਈ ਬਣਾਈ ਰੱਖਣ, ਗੰਦਗੀ ਫੈਲਣ ਤੋਂ ਰੋਕਣ, ਕੂੜਾ-ਪ੍ਰਬੰਧਨ ਦੇ ਜ਼ਿੰਮੇਵਾਰਾਨਾ ਢੰਗ ਅਪਣਾਉਣ ਅਤੇ ਸਾਫ਼, ਸਿਹਤਮੰਦ ਅਤੇ ਹਰਿਆ-ਭਰਿਆ ਵਾਤਾਵਰਣ ਯਕੀਨੀ ਬਣਾਉਣ ਲਈ ਅੱਗੇ ਆਉਣ ਅਤੇ ਦੂਜਿਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।

*ਪੇਂਡੂ ਪੰਜਾਬ ਵਿੱਚ ’ਜਨ ਭਾਗੀਦਾਰੀ’ ਨੂੰ ਵਧਾਉਣ ਲਈ ਵਿਸ਼ੇਸ਼ ਗਤੀਵਿਧੀਆਂ*

ਡਾ. ਸਈਦ ਸਹਿਰੀਸ਼ ਅਲੀ ਅਸਗਰ ਨੇ ਦੱਸਿਆ ਕਿ ਪੰਜਾਬ ਲਈ ਰਾਜ ਲਾਗੂਕਰਨ ਯੋਜਨਾ ਅਨੁਸਾਰ ਇਹ ਮੁਹਿੰਮ ਵਿਸ਼ੇਸ਼ ਗਤੀਵਿਧੀਆਂ ਦੀ ਲੜੀ ਰਾਹੀਂ ਲਾਗੂ ਕੀਤੀ ਜਾਵੇਗੀ, ਜਿਸ ਦਾ ਉਦੇਸ਼ ਪੇਂਡੂ ਅਤੇ ਹੋਰ ਜਨਤਕ ਥਾਵਾਂ ’ਤੇ ਜਾਗਰੂਕਤਾ, ਭਾਗੀਦਾਰੀ ਅਤੇ ਸਫਾਈ ਦੇ ਨਿਰੰਤਰ ਅਮਲਾਂ ਨੂੰ ਕਾਇਮ ਰੱਖਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਵਿੱਚ ਸਫਾਈ ਟੀਚਾ ਇਕਾਈਆਂ/ਵੱਧ ਕੂੜੇ ਵਾਲੀਆਂ ਥਾਵਾਂ ਦੀ ਕਾਇਆ-ਕਲਪ, ’ਸਵੱਛ ਪਾਠਸ਼ਾਲਾ-ਯੁਵਾ ਫਾਰ ਸਵੱਛਤਾ’, ਸਾਫ਼ ਜਨਤਕ ਥਾਵਾਂ, ਜਨ ਭਾਗੀਦਾਰੀ ਜਾਗਰੂਕਤਾ ਮੁਹਿੰਮਾਂ, ਸਫਾਈ ਮਿੱਤਰ ਸੁਰੱਖਿਆ ਸੇਵਾ ਅਤੇ ਸਨਮਾਨ ਕੈਂਪ ਅਤੇ ‘ਸਵੱਛਤਾ ਤੋਂ ਸਮ੍ਰਿਧੀ’ ਵਰਗੇ ਪ੍ਰੋਗਰਾਮ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਫਾਈ ਅਤੇ ਸੈਨੀਟੇਸ਼ਨ ਗਤੀਵਿਧੀਆਂ ’ਚ ਪੇਂਡੂ ਭਾਈਚਾਰੇ ਦੀ ਸਰਗਰਮ ਭਾਗੀਦਾਰੀ ਇਸ ਮੁਹਿੰਮ ਦੀ ਮੁੱਖ ਤਰਜੀਹ ਹੋਵੇਗੀ।  ਗ੍ਰਾਮ ਪੰਚਾਇਤਾਂ ਅਤੇ ਪਿੰਡ-ਪੱਧਰੀ ਸੰਸਥਾਵਾਂ ਵੱਲੋਂ ਸ਼੍ਰਮਦਾਨ, ਗਲੀਆਂ ਅਤੇ ਜਨਤਕ ਥਾਵਾਂ ਦੀ ਸਫਾਈ, ਜਨਤਕ ਸਫਾਈ ਸਹੂਲਤਾਂ ਦਾ ਰੱਖ-ਰਖਾਅ ਅਤੇ ਸਵੱਛਤਾ, ਸਾਂਝੇ ਖੇਤਰਾਂ ਤੋਂ ਕੂੜਾ ਹਟਾਉਣ, ਜਲ ਸਰੋਤਾਂ ਦੀ ਸੁਰੱਖਿਆ ਅਤੇ ਘਰੇਲੂ ਅਤੇ ਪਲਾਸਟਿਕ ਕੂੜੇ ਦੇ ਸੁਚੱਜੇ ਪ੍ਰਬੰਧਨ ਬਾਰੇ ਵਸਨੀਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਪੇਂਡੂ ਨੌਜਵਾਨਾਂ, ਔਰਤਾਂ, ਸਵੈ-ਸਹਾਇਤਾ ਸਮੂਹਾਂ, ਸਕੂਲੀ ਵਿਦਿਆਰਥੀਆਂ, ਵਲੰਟੀਅਰਾਂ, ਚੁਣੇ ਹੋਏ ਨੁਮਾਇੰਦਿਆਂ ਅਤੇ ਹੋਰ ਸਥਾਨਕ ਭਾਈਵਾਲਾਂ ਨੂੰ ਪਿੰਡ ਦੀਆਂ ਸਫਾਈ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗੀਦਾਰ ਬਣਨ ਲਈ ਵੀ ਪ੍ਰੇਰਿਤ ਕਰੇਗੀ। ਹਰੇਕ ਮੁਹਿੰਮ ਤੋਂ ਬਾਅਦ ਸਫਾਈ ਨੂੰ ਬਣਾਈ ਰੱਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਮੁਹਿੰਮ ਇੱਕ ਵਾਰ ਦਾ ਉਪਰਾਲਾ ਨਾ ਰਹਿ ਕੇ ਨਿਯਮਤ ਅਭਿਆਸਾਂ ਅਤੇ ਸਥਾਈ ਵਿਹਾਰਕ ਤਬਦੀਲੀ ਦਾ ਰੂਪ ਧਾਰਨ ਕਰ ਸਕੇ।