ਗੁਰਦਾਸਪੁਰ 'ਚ ਵਿਆਹੁਤਾ ਦੀ ਭੇਦਭਰੇ ਹਾਲਾਤਾਂ 'ਚ ਕਾਰ 'ਚੋਂ ਮਿਲੀ ਲਾਸ਼,
ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਆਉਂਦੇ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਵਿਆਹੁਤਾ ਔਰਤ ਦੀ ਭੇਦਭਰੇ ਹਾਲਾਤਾਂ ਵਿੱਚ ਕਾਰ ਵਿੱਚੋਂ ਲਾਸ਼ ਬਰਾਮਦ ਹੋਈ। ਮ੍ਰਿਤਕਾ ਦੀ ਪਛਾਣ ਸੰਦੀਪ ਕੌਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਮ੍ਰਿਤਕਾ ਦੇ ਪੇਕੇ ਪਰਿਵਾਰ ਅਤੇ ਪਿੰਡ ਬੋਹੜ ਦੇ ਵਾਸੀਆਂ ਨੇ ਇਨਸਾਫ਼ ਦੀ ਮੰਗ ਕਰਦਿਆਂ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ।
ਹਾਦਸਾ ਜਾਂ ਕਤਲ? ਗਲੇ 'ਤੇ ਮਿਲੇ ਨਿਸ਼ਾਨ ਧਰਨੇ 'ਤੇ ਬੈਠੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਸੰਦੀਪ ਕੌਰ ਦੀ ਮੌਤ ਕੋਈ ਸੜਕ ਹਾਦਸਾ ਨਹੀਂ, ਸਗੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਹੈ। ਪਰਿਵਾਰ ਮੁਤਾਬਕ, ਸਹੁਰਾ ਪਰਿਵਾਰ ਇਸ ਕਤਲ ਨੂੰ ਸੜਕ ਦੁਰਘਟਨਾ ਦਾ ਰੂਪ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਸੰਦੀਪ ਕੌਰ ਦੇ ਗਲੇ 'ਤੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸਨ, ਜਿਸ ਤੋਂ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਹੈ ਕਿ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ।
ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਮ੍ਰਿਤਕਾ ਦੇ ਮਾਤਾ-ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਦੀਪ ਕੌਰ ਦਾ ਵਿਆਹ ਜਨਵਰੀ 2023 ਵਿੱਚ ਭੈਣੀ ਖਾਦਰ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਕਾਰਨ ਘਰ ਵਿੱਚ ਅਕਸਰ ਲੜਾਈ-ਝਗੜਾ ਰਹਿੰਦਾ ਸੀ। ਭਾਵੇਂ ਕਈ ਵਾਰ ਦੋਵਾਂ ਪਰਿਵਾਰਾਂ ਵਿਚਾਲੇ ਸੁਲਾਹ-ਸਫ਼ਾਈ ਕਰਵਾਈ ਗਈ, ਪਰ ਹਾਲਾਤ ਨਹੀਂ ਸੁਧਰੇ। ਬੀਤੇ ਦਿਨ ਉਨ੍ਹਾਂ ਨੂੰ ਅਚਾਨਕ ਫੋਨ ਆਇਆ ਕਿ ਸੰਦੀਪ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।
ਪੁਲਿਸ ਦੀ ਕਾਰਵਾਈ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਦੋਸ਼ੀ ਸਹੁਰੇ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ, ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਰਨਾਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਭਰੋਸਾ ਦਿੱਤਾ ਗਿਆ ਹੈ ਕਿ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

